Home » News » SPORTS NEWS » ਪਾਕਿਸਤਾਨ ਦਾ ਸੈਮੀਫ਼ਾਈਨਲ ਦਾ ਸਫ਼ਰ ਲਗਭਗ ਖ਼ਤਮ!
pk

ਪਾਕਿਸਤਾਨ ਦਾ ਸੈਮੀਫ਼ਾਈਨਲ ਦਾ ਸਫ਼ਰ ਲਗਭਗ ਖ਼ਤਮ!

ਨਵੀਂ ਦਿੱਲੀ : ਬੁਧਵਾਰ ਨੂੰ ਮੇਜ਼ਬਾਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਕਾਰ ਮੈਚ ‘ਤੇ ਪਾਕਿਸਤਾਨੀ ਟੀਮ ਅਤੇ ਦਰਸ਼ਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਰਾਮ ਨਾਲ ਸੈਮੀਫ਼ਾਈਨਲ ‘ਚ ਥਾਂ ਬਣਾ ਲਈ ਅਤੇ ਪਾਕਿਸਤਾਨ ਦਾ ਸੈਮੀਫ਼ਾਈਨਲ ‘ਚ ਪੁੱਜਣ ਦੀ ਸਾਰੀ ਉਮੀਦ ਲਗਭਗ ਖ਼ਤਮ ਕਰ ਦਿੱਤੀ ਹੈ। ਨਿਊਜ਼ੀਲੈਂਡ ਦਾ ਵੀ ਚੌਥੀ ਟੀਮ ਵਜੋਂ ਅੰਤਮ ਚਾਰ ‘ਚ ਪੁੱਜਣਾ ਲਗਭਗ ਤੈਅ ਹੈ, ਕਿਉਂਕਿ ਪਾਕਿਸਤਾਨ ਨੂੰ ਬੰਗਲਾਦੇਸ਼ ਵਿਰੁਧ ਮੈਚ ‘ਚ ਕੁਝ ਅਜਿਹਾ ਕਰਨਾ ਹੋਵੇਗਾ, ਜੋ ਵਿਸ਼ਵ ਕ੍ਰਿਕਟ ਦੇ ਇਤਿਹਾਸ ‘ਚ ਹਾਲੇ ਤਕ ਹੋਇਆ ਹੀ ਨਹੀਂ ਹੈ। ਇੰਗਲੈਂਡ ਤੋਂ ਇਲਾਵਾ ਆਸਟ੍ਰੇਲੀਆ ਅਤੇ ਭਾਰਤ ਦੀਆਂ ਟੀਮਾਂ ਪਹਿਲਾਂ ਹੀ ਸੈਮੀਫ਼ਾਈਨਲ ‘ਚ ਪਹੁੰਚ ਚੁੱਕੀਆਂ ਹਨ। ਹੁਣ ਪਾਕਿਸਤਾਨ ਟੀਮ ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ‘ਚ ਸਿਰਫ਼ ਚਮਤਕਾਰ ਨਾਲ ਹੀ ਪੁੱਜ ਸਕਦੀ ਹੈ। ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ ਲਈ ਸੱਭ ਤੋਂ ਪਹਿਲਾਂ ਪਾਕਿਸਤਾਨ ਨੂੰ ਟਾਸ ਜਿੱਤਣਾ ਪਵੇਗਾ। ਜੇ ਪਾਕਿਸਤਾਨ ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰੇਗਾ ਉਦੋਂ ਹੀ ਸੈਮੀਫ਼ਾਈਨਲ ‘ਚ ਪੁੱਜਣ ਦੀ ਉਸ ਦੀ ਉਮੀਦ ਥੋੜੀ ਜ਼ਿੰਦਾ ਰਹੇਗੀ। ਜੇ ਟਾਸ ਹਾਰ ਗਿਆ ਅਤੇ ਬੰਗਲਾਦੇਸ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤਾਂ ਪਾਕਿਸਤਾਨ ਇਹ ਮੈਚ ਜਿੱਤ ਕੇ ਵੀ ਕਿਸੇ ਕੀਮਤ ‘ਤੇ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਨਹੀਂ ਕਰ ਸਕੇਗਾ। ਦੋਹਾਂ ਟੀਮਾਂ ਵਿਚਕਾਰ ਮੈਚ 5 ਜੁਲਾਈ ਨੂੰ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ। ਜੇ ਕਿਸਮਤ ਨਾਲ ਪਾਕਿਸਤਾਨ ਟਾਸ ਜਿੱਤ ਜਾਂਦਾ ਹੈ ਤਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਸ ਨੂੰ ਲਗਭਗ 400 ਦੌੜਾਂ ਬਣਾਉਣੀਆਂ ਪੈਣਗੀਆਂ ਅਤੇ ਫਿਰ ਬੰਗਲਾਦੇਸ਼ ਟੀਮ ਨੂੰ ਸਿਰਫ਼ 84 ਦੌੜਾਂ ਅੰਦਰ ਆਲ ਆਊਟ ਕਰਨਾ ਪਵੇਗਾ। ਜੇ ਪਾਕਿਸਤਾਨ ਟੀਮ 316 ਦੌੜਾਂ ਤੋਂ ਜਿੱਤ ਦਰਜ ਕਰੇਗੀ ਤਾਂ ਉਹ ਆਪਣਾ ਨੈਟ ਰਨ ਰੇਟ ਨਿਊਜ਼ੀਲੈਂਡ ਤੋਂ ਵਧੀਆ ਬਣਾ ਸਕਦਾ ਹੈ। ਇਕ ਰੋਜ਼ਾ ਕ੍ਰਿਕਟ ‘ਚ ਦੌੜਾਂ ਦੇ ਅੰਤਰ ਤੋਂ ਹੁਣ ਤਕ ਦੀ ਸੱਭ ਤੋਂ ਵੱਡੀ ਜਿੱਤ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਹੀ ਹੈ। ਉਸ ਨੇ 290 ਦੌੜਾਂ ਤੋਂ ਆਇਰਲੈਂਡ ਟੀਮ ਨੂੰ ਸਾਲ 2008 ‘ਚ ਹਰਾਇਆ ਸੀ। ਉਦੋਂ ਨਿਊਜ਼ੀਲੈਂਡ ਟੀਮ ਨੇ ਆਇਰਲੈਂਡ ਸਾਹਮਣੇ 403 ਦੌੜਾਂ ਦਾ ਟੀਚਾ ਰੱਖਿਆ ਸੀ ਅਤੇ ਫਿਰ ਆਇਰਲੈਂਡ ਨੂੰ 113 ਦੌੜਾਂ ‘ਤੇ ਆਊਟ ਕਰ ਦਿੱਤਾ ਸੀ।

About Jatin Kamboj