COMMUNITY PUNJAB NEWS

ਪੀੜਤ ਪਰਿਵਾਰਾਂ ਦੀ ਮਦਦ ਲਈ ਪਹੁੰਚੀ ਖਾਲਸਾ ਏਡ ਦੀ ਟੀਮ

ਅੰਮ੍ਰਿਤਸਰ – ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਵਾਪਰੇ ਰੇਲ ਹਾਦਸੇ ‘ਚ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਪਹੁੰਚ ਚੁੱਕੀ ਹੈ, ਜਿਨ੍ਹਾਂ ਵਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚਾਉਣ ਵਿਚ ਖਾਲਸਾ ਏਡ ਹੀ ਮਦਦ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੀ ਹੈ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਘਟਨਾ ਸਥਾਨ ਦੇ ਬਾਹਰ ਅਤੇ ਹਸਪਤਾਲਾਂ ਵਿਚ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਹਾਦਸੇ ਵਿਚ 70 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਇਹ ਹਾਦਸਾ ਜਿਸ ਸਮੇਂ ਵਾਪਰਿਆ ਉਸ ਸਮੇਂ ਜੌੜਾ ਫਾਟਕ ਨੇੜੇ ਇਕ ਮੈਦਾਨ ‘ਚ ਰਾਵਣ ਸੜਦਾ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਇਸੇ ਦੌਰਾਨ ਡੀ.ਐੱਮ.ਯੂ. ਟਰੇਨ (74943) ਉਥੋਂ ਲੰਘ ਰਹੀ ਸੀ। ਰਾਵਨ ਦਹਿਨ ਮੌਕੇ ਪਟਾਕਿਆਂ ਦੀ ਤੇਜ਼ ਆਵਾਜ਼ ਕਾਰਨ ਟਰੇਨ ਦਾ ਹਾਰਨ ਲੋਕਾਂ ਨੂੰ ਸੁਣਾਈ ਨਹੀਂ ਦਿੱਤਾ, ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਵਾਪਰ ਗਿਆ।