Home » ARTICLES » ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦਾ ਕਰਮਯੋਗੀ ਜਰਨੈਲ ਸੀ ‘ਜਗਦੇਵ ਸਿੰਘ ਜੱਸੋਵਾਲ’
JAGDEV SINGH JASSOWAL

ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦਾ ਕਰਮਯੋਗੀ ਜਰਨੈਲ ਸੀ ‘ਜਗਦੇਵ ਸਿੰਘ ਜੱਸੋਵਾਲ’

30 ਅਪਰੈਲ ਨੂੰ 81 ਵੇਂ ਜਨਮ ਦਿਨ ‘ਤੇ ਵਿਸ਼ੇਸ਼

ਆਪਣੀ ਤੋਰ ਤੁਰਦਿਆਂ ਸ: ਜਗਦੇਵ ਸਿੰਘ ਜੱਸੋਵਾਲ ਨੇ ਜ਼ਿੰਦਗੀ ਦੀਆਂ ਤੱਤੀਆਂ ਠੰਢੀਆਂ ਵਾਵਾਂ ਦੇਖੀਆਂ, ਕਿਤਾਬਾਂ ਪੜ੍ਹੀਆਂ, ਬੰਦੇ ਪੜ੍ਹੇ, ਦੋਸਤੀਆਂ ਅਤੇ ਖਹਿਬਾਜ਼ੀਆਂ ‘ਚੋਂ ਲੰਘ ਕੇ ਪੌਣੀ ਸਦੀ ਤੋਂ ਵੱਧ ਦੇ ਸਫ਼ਰ ਦਾ ਤਜਰਬਾ ਆਪਣੇ ਨਾਂਅ ਕਰਦਿਆਂ ਪਿਛਲੇ ਵਰ੍ਹੇ ਦੇ ਆਖਰੀ ਦਿਨਾਂ ‘ਚ ਉਨ੍ਹਾਂ ਨੇ ਸਭ ਨੂੰ ਆਖਰੀ ਫ਼ਤਹਿ ਬੁਲਾਈ। ਆਪਣੇ ਪਰਮ ਮਿੱਤਰ ਪ੍ਰੋ: ਮੋਹਨ ਸਿੰਘ ਵੱਲੋਂ ਸੁਭਾਵਿਕ ਤੌਰ ‘ਤੇ ਕਹੇ ਸ਼ੇਅਰ ‘ਮੂੰਹ ਮੁਲਾਹਜ਼ੇ ਨੇ ਸਭ ਜਿਉਂਦਿਆਂ ਦੇ, ਮੋਇਆਂ ਹੋਇਆਂ ਨੂੰ ਹਰ ਕੋਈ ਵਿਸਾਰ ਦਿੰਦਾ ਨੇ’ ਜਗਦੇਵ ਸਿੰਘ ਜੱਸੋਵਾਲ ਦੇ ਦਿਲ ਨੂੰ ਟੁੰਬਿਆ। ਪ੍ਰੋ: ਮੋਹਨ ਸਿੰਘ ਦੀ ਯਾਦ ਵਿਚ ਐਸਾ ਮੇਲਾ ਲਾਇਆ ਕਿ ਮੋਹਨ ਸਿੰਘ ਵੀ ਅਮਰ ਹੋ ਗਿਆ ਤੇ ਪੰਜਾਬ ਵਿਚ ਵੀ ਮੇਲਿਆਂ ਦੀ ਲਹਿਰ ਤੁਰ ਪਈ। ਚਲਦੀਆਂ ਹਨੇਰੀਆਂ ਵਿਚ ਦੀਵੇ ਬਾਲ ਕੇ ਤੱਤੇ ਮੌਸਮਾਂ ਵਿਚ ਕਲਾਕਾਰਾਂ, ਲੇਖਕਾਂ, ਸੰਗੀਤਕਾਰਾਂ, ਗੀਤਕਾਰਾਂ, ਸੱਭਿਆਚਾਰਕ ਕਾਮਿਆਂ ਦੇ ਸਿਰ ਦੀ ਛਾਂ ਬਣ ਕੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਵਾਲਾ ਮਾਂ ਬੋਲੀ ਦਾ ਕਰਮਯੋਗੀ ਜਰਨੈਲ ਜੱਸੋਵਾਲ ਲੋਕ ਮਨਾਂ ਦਾ ਬਾਦਸ਼ਾਹ ਬਣਿਆ। ਵਿਰਾਸਤ ਦੀ ਦਸਤਾਰ, ਮੇਲਿਆਂ ਦਾ ਬਾਦਸ਼ਾਹ, ਪੰਜਾਬ ਦਾ ਛੇਵਾਂ ਦਰਿਆ, ਪੰਜਾਬ ਦਾ ਪੁੱਤ, ਬਹੁ-ਮੁਖੀਆ ਚਿਰਾਗ, ਵਿਰਸੇ ਦਾ ਵਾਰਸ ਵਰਗੇ ਖਿਤਾਬ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦੇ… ਇਹ ਜੱਸੋਵਾਲ ਦੀ ਕਮਾਈ ਆ।  ਆਪਣੇ ਜੱਦੀ ਪਿੰਡ ਜੱਸੋਵਾਲ ਸੂਦਾਂ (ਲੁਧਿਆਣਾ) ਦੀ ਸਰਪੰਚੀ ਤੋਂ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਜੱਸੋਵਾਲ ਸਾਹਿਬ ਉਚੇਰੀ ਸਿੱਖਿਆ ਅਤੇ ਵਿਸ਼ਵ ਗਿਆਨ ਦੇ ਧਾਰਨੀ ਹੋਣ ਕਰਕੇ ਪੰਜਾਬ ਦੀਆਂ ਸਿਆਸੀ ਸਫਾਂ ਵਿਚ ਬਹੁਤ ਜਲਦੀ ਉੱਭਰ ਕੇ ਸਾਹਮਣੇ ਆਏ ਪਰ ਸਿਆਸਤ ਦੀ ਜੁੱਤੀ ਉਨ੍ਹਾਂ ਦੇ ਪੈਰ ਘੁੱਟਦੀ ਸੀ। ਪੰਜਾਬੀਆਂ ਵਾਲੀ ਮੜਕਾਵੀਂ ਤੋਰ ਤੁਰਨ ਵਿਚ ਇਹ ਜੁੱਤੀ ਅੜਿੱਕਾ ਬਣਦੀ ਸੀ। ਇਸੇ ਕਰਕੇ ਸਿਆਸੀ ਜੱਤੀ ਤੋਂ ਮੁਕਤ ਹੋ ਪੰਜਾਬੀ ਸਭਿਆਚਾਰ ਦੇ ਮੰਦਰ ਦਾ ਪੁਜਾਰੀ ਬਣ ਜਾਣਾ ਉਨ੍ਹਾਂ ਦਾ ਕਸਬ ਤੇ ਸੁਪਨਾ ਬਣਿਆ। ਪੰਜਾਬੀ ਸੂਬੇ ਦੀ ਸਥਾਪਤੀ ਲਈ ਜੇਲ੍ਹਾਂ ਕੱਟਣ ਅਤੇ ਜੁਰਮਾਨੇ ਭਰਨ ਵਾਲਿਆਂ ਦੀ ਸੂਚੀ ਵਿਚ ਸਭ ਤੋਂ ਮੂਹਰੇ ਜੱਸੋਵਾਲ ਦਾ ਨਾਂਅ ਆਉਂਦਾ ਹੈ। ਪੰਜਾਬ ਸਰਕਾਰ ਦੇ ਯੁਵਕ ਭਲਾਈ ਬੋਰਡ ਦੇ ਚੇਅਰਮੈਨ ਤੋਂ ਲੈਕੇ ਕਈ ਅਹਿਮ ਅਹੁਦਿਆਂ ਤੇ ਬਿਰਾਜ਼ਮਾਨ ਹੁਦਿੰਆਂ ਜੇਕਰ ਜੱਸੋਵਾਲ ਸਿਆਸਤ ਦੇ ਪਾਲੇ ਦੀ ਪਹਿਲਵਾਨੀ ਕਾਇਮ ਵੀ ਰੱਖਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਤੱਕ ਦੀ ਪਾਰੀ ਕਾਫੀ ਆਸਾਨੀ ਨਾਲ ਖੇਡ ਸਕਦੇ ਸੀ, ਪਰ ਫੇਰ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਦਾ ਮੌਕਾ ਉਹਨਾ ਨੂੰ ਨਸੀਬ ਨਹੀਂ ਸੀ ਹੋਣਾ। ਪੰਜਾਬ ਨੂੰ ਹਮੇਸ਼ਾ ਹੱਸਦਾ ਵਸਦਾ ਵੇਖਣ ਦੇ ਸੁਪਨੇ ਨਾਲ ਇਸ ਧਰਤੀ ਨੂੰ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸੱਭਿਆਚਾਰਕ ਲੱਚਰਤਾ ਤੇ ਹੋਰ ਸਮਾਜਿਕ ਬੁਰਾਈਆਂ ਮੁਕਤ ਵੇਖਣ ਦੀ ਇੱਛਾ ਵਾਲੇ ਇਸ ਸ਼ਖ਼ਸ ਦੀ ਧਾਰਨਾ ਸੀ ਕਿ ਇਨ੍ਹਾਂ ਅਲਾਮਤਾ ਦਾ ਮੁਕਾਬਲਾ ਸਿਰਫ ਕਲਮ, ਕਲਾ ਅਤੇ ਸੱਭਿਆਚਾਰਕ ਕਾਫਲਾ ਹੀ ਕਰ ਸਕਦਾ, ਜਿਸ ਦੀ ਅਗਵਾਈ ਉਨ੍ਹਾਂ ਨੇ ਲੰਮਾ ਸਮਾਂ ਕੀਤੀ। ਜੱਸੋਵਾਲ ਦਾ ਦੁਨਿਆਵੀ ਰੂਪ ਵਿਚ ਨਾ ਹੋਣਾ ਸਾਡੇ ਲਈ ਦੁੱਖ ਵਾਲੀ ਗੱਲ ਹੈ ਪਰ ਉਨ੍ਹਾਂ ਦੀ ਸੋਚ ਅਤੇ ਕੰਮ ਤਾਂ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ। ਅੱਜ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਉਨਾਂ ਦਾ 81ਵਾਂ ਜਨਮ ਦਿਨ ਸਮਾਜ ਸੇਵਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।

-ਨਿਰਮਲ ਜੌੜਾ
ਮੋ: 98153-14714

About Jatin Kamboj