Home » ARTICLES » ਪੰਜਾਬੀ ਸਮਾਜ ਵਿਚ ਗਾਇਕੀ ਤੇ ਨ੍ਰਿਤ ਦੇ ਬਦਲਦੇ ਰੂਪ
bhura singh

ਪੰਜਾਬੀ ਸਮਾਜ ਵਿਚ ਗਾਇਕੀ ਤੇ ਨ੍ਰਿਤ ਦੇ ਬਦਲਦੇ ਰੂਪ

ਪੁਰਾਣੇ ਸਮੇਂ ਵਿਚ ਕੁਝ ਲੋਕ ਇਹੋ ਜਿਹੇ ਸਨ, ਜੋ ਲੋਕਾਂ ਦੇ ਮਨੋਰੰਜਨ ਲਈ ਗਾਉਣ-ਨੱਚਣ ਦਾ ਕੰਮ ਕਰਦੇ ਸਨ। ਇਹ ਨੱਚ ਗਾ ਕੇ ਰਾਜੇ, ਰਾਣਿਆਂ, ਜਾਗੀਰਦਾਰਾਂ ਤੇ ਧਨੀ ਲੋਕਾਂ ਦਾ ਮਨੋਰੰਜਨ ਕਰਦੇ ਸਨ। ਇਸ ਲਈ ਇਨ੍ਹਾਂ ਲੋਕਾਂ ਕੋਲ ਵੀ ਮਾਇਆ ਬਹੁਤ ਹੁੰਦੀ ਸੀ। ਇਨ੍ਹਾਂ ਦੇ ਵੀ ਉੱਚੀਆਂ ਅਟਾਰੀਆਂ ਅਤੇ ਹਵੇਲੀਆਂ ਹੁੰਦੀਆਂ ਸਨ। ਇਨ੍ਹਾਂ ਕੋਲ ਵੀ ਘੋੜੇ, ਊਠ-ਗੱਡੀਆਂ ਤੇ ਬੱਘੀਆਂ ਹੁੰਦੀਆਂ ਸਨ। ਪਰ ਇਨ੍ਹਾਂ ਨੂੰ ਸਾਰਾ ਸਮਾਜ ਸਨਮਾਨ ਨਾਲ ਨਹੀਂ ਵੇਖਦਾ ਸੀ। ਇਨ੍ਹਾਂ ਲੋਕਾਂ ਨਾਲ ਉਪਰਲੇ ਲੋਕਾਂ ਦਾ ਕੋਈ ਸਮਾਜਿਕ ਮਿਲਵਰਤਣ ਨਹੀਂ ਹੁੰਦਾ ਸੀ। ਇਕ ਅਖਾਣ ਮਸ਼ਹੂਰ ਹੈ, ‘ਪਿੰਡਾਂ ਦੀਆਂ ਸੱਥਾਂ ਵਿਚ ਜੇ ਕੋਈ ਪੈਸੇ ਰੁਪਏ ਦੀ ਗੱਲ ਚਲਦੀ ਤਾਂ ਕੋਈ ਫਟ ਆਖ ਦਿੰਦਾ, ‘ਓਏ ਕੰਜਰ-ਕਲਾਲਾਂ ਦੇ ਥੋੜ੍ਹੀ ਮਾਇਆ ਪਈ ਐ। ਲੋਕ ਉਨ੍ਹਾਂ ਵੱਲ ਥੁੱਕ ਕੇ ਲੰਘਦੇ ਹਨ।’ ਇਸ ਅਖਾਣ ਤੋਂ ਸਪੱਸ਼ਟ ਸਿੱਧ ਹੁੰਦਾ ਹੈ ਕਿ ਸਮਾਜ ਇਨ੍ਹਾਂ ਨੂੰ ਇੱਜ਼ਤ ਦੀ ਨਿਗ੍ਹਾ ਨਾਲ ਨਹੀਂ ਵੇਖਦਾ ਸੀ। ਅਣਖ, ਇੱਜ਼ਤ ਤੇ ਸਵੈਮਾਣ ਦੀ ਕਿੰਨੀ ਵੱਡੀ ਕੀਮਤ ਸੀ।
1947 ਤੋਂ ਪਹਿਲਾਂ ਇਨ੍ਹਾਂ ਦੇ ਟਿਕਾਣੇ ਵੱਡੇ ਸ਼ਹਿਰਾਂ ਵਿਚ ਹੀ ਹੁੰਦੇ ਸਨ। ਉਸ ਵੇਲੇ ਉਨ੍ਹਾਂ ਦੇ ਅਖਾੜੇ ਅਮੀਰ ਲੋਕ ਹੀ ਲਵਾਉਂਦੇ ਸਨ ਕਿਉਂਕਿ ਇਕ ਤਾਂ ਇਹ ਲੋਕ ਪੈਸਾ ਬਹੁਤ ਲੈਂਦੇ ਸਨ, ਦੂਜੇ ਉਹ ਆਪਣੀ ਸੁਰੱਖਿਆ ਪੂਰੀ ਭਾਲਦੇ ਸਨ। ਇਸ ਲਈ ਬਹੁਤ ਅਮੀਰ ਰਜਵਾੜੇ ਅਤੇ ਵੱਡੇ-ਵੱਡੇ ਅਹਿਲਕਾਰ ਹੀ ਇਨ੍ਹਾਂ ਦੇ ਅਖਾੜੇ ਲਵਾ ਸਕਦੇ ਸੀ। ਪਿੰਡਾਂ ਦੇ ਲੋਕ ਨਾ ਤਾਂ ਐਨਾ ਰੁਪਿਆ ਦੇ ਸਕਦੇ ਸੀ ਅਤੇ ਨਾ ਹੀ ਉਨ੍ਹਾਂ ਦੀ ਸਰਕਾਰੇ-ਦਰਬਾਰੇ ਐਨੀ ਪਹੁੰਚ ਹੁੰਦੀ ਸੀ ਕਿ ਉਹ ਇਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇ ਸਕਦੇ। ਆਮ ਲੋਕਾਂ ਦੇ ਮਨੋਰੰਜਨ ਲਈ ਇਸ ਦੇ ਬਦਲ ਵਜੋਂ ਕੁਝ ਤਬਕਿਆਂ ਦੇ ਮੁੰਡਿਆਂ ਨੇ ਨੱਚਣਾ-ਗਾਉਣਾ ਸਿਖ ਕੇ ਅਤੇ ਜ਼ਨਾਨੀਆਂ ਵਾਲੇ ਕੱਪੜੇ ਪਾ ਕੇ ਪਿੰਡਾਂ ਵਿਚ ਅਖਾੜੇ ਲਾਉਣੇ ਸ਼ੁਰੂ ਕੀਤੇ ਸਨ ਜਿਨ੍ਹਾਂ ਨੂੰ ਨਚਾਰਾਂ ਦੇ ਅਖਾੜੇ ਕਿਹਾ ਜਾਂਦਾ ਸੀ। ਇਸ ਨਾਲ ਹੀ ਮਿਲਦੇ-ਜੁਲਦੇ ਅਖਾੜੇ ਨਕਲੀਆਂ ਦੇ ਹੁੰਦੇ ਸਨ। ਨਕਲੀਏ ਕਲਾਕਾਰੀ ਵਿਚ ਨਚਾਰਾਂ ਨਾਲੋਂ ਉੱਚੇ ਹੁੰਦੇ ਸਨ, ਕਿਉਂਕਿ ਨਕਲੀਏ ਤਿੰਨ ਕਲਾਵਾਂ ਦਾ ਸੁਮੇਲ ਕਰਦੇ ਸਨ। ਇਕ ਤਾਂ ਉਹ ਪ੍ਰੇਮ ਕਥਾਵਾਂ ਦੇ ਡਰਾਮੇ ਕਰਦੇ। ਜਿਵੇਂ ਹੀਰ-ਰਾਂਝਾ, ਸੱਸੀ-ਪੁਨੂੰ, ਸੋਹਣੀ-ਮਹੀਂਵਾਲ ਤੇ ਮਿਰਜ਼ਾ-ਸਾਹਿਬਾਂ ਆਦਿ। ਦੂਜਾ ਉਨ੍ਹਾਂ ਦੇ ਨਾਚੇ ਮੁੰਡੇ ਬਹੁਤ ਸੋਹਣਾ ਗਾਉਂਦੇ ਤੇ ਨੱਚਦੇ, ਤੀਜਾ ਉਨ੍ਹਾਂ ਨੂੰ ਕਾਮੇਡੀ ਕਰਨੀ ਆਉਂਦੀ ਸੀ। ਹਸਾ-ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਪਰ ਨਚਾਰਾਂ ਦੇ ਅਖਾੜੇ ਵਿਚ ਨੱਚਣ ਵਾਲੇ ਮੁੰਡੇ ਤੀਵੀਆਂ ਵਾਲੇ ਕੱਪੜੇ ਪਾ ਕੇ ਸਿਰਫ਼ ਨੱਚਦੇ ਤੇ ਗਾਉਂਦੇ ਹੀ ਸਨ। ਇਨ੍ਹਾਂ ਦੇ ਗੀਤ ਤੇ ਬੋਲੀਆਂ ਤਕਰੀਬਨ ਅਸ਼ਲੀਲ ਹੀ ਹੁੰਦੀਆਂ ਸਨ। ਇਨ੍ਹਾਂ ਕੋਲ ਇਕ ਢੋਲਕੀ, ਛੈਣੇ, ਡਫਲੀ ਤੇ ਖੜਤਾਲਾਂ ਹੀ ਹੁੰਦੀਆਂ ਸਨ। ਇਹ ਅਖਾੜੇ ਦੇ ਗੋਲ ਦਾਇਰੇ ਵਿਚ ਨਚਾਰਾਂ ਦੇ ਮਗਰ ਗੇੜੇ ਨਾਲ ਤੁਰੇ ਫਿਰਦੇ ਹੀ ਬੋਲੀਆਂ ਪਾਉਂਦੇ ਸਨ। ਆਮ ਤੌਰ ‘ਤੇ ਨਚਾਰਾਂ ਦੇ ਅਖਾੜੇ ਪਿੰਡੋਂ ਬਾਹਰ ਪਿੜਾਂ ਵਿਚ ਹੀ ਲਗਦੇ, ਜਿਥੇ ਕੁੜੀਆਂ-ਬੁੜ੍ਹੀਆਂ ਦਾ ਜਾਣਾ ਵਰਜਿਤ ਸੀ ਜਾਂ ਫੇਰ ਮੇਲਿਆਂ ਵਿਚ ਹੀ ਨਚਾਰਾਂ ਦੇ ਅਖਾੜੇ ਲਗਦੇ। ਉਨ੍ਹਾਂ ਵੇਲਿਆਂ ਵਿਚ ਅਖਾੜੇ ਵਾਲੇ ਕਿਸੇ ਵੀ ਦਰਸ਼ਕ ਤੋਂ ਇਕ ਰੁਪਏ ਤੋਂ ਵੱਧ ਭਾਵ ਦੂਜਾ ਰੁਪਿਆ ਨਹੀਂ ਲੈਂਦੇ ਸਨ। ਜਦੋਂ ਕੋਈ ਸ਼ਰਾਬੀ ਦਰਸ਼ਕ ਦੂਜਾ ਰੁਪਿਆ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹ ਬੋਲੀ ਪਾਉਂਦੇ, ‘ਇਕ ਤੇਰਾ ਲੱਖ ਵਰਗਾ, ਦੂਜਾ ਮੋੜ ਕੇ ਜੇਬ ਵਿਚ ਪਾ ਲੈ।’ ਪਿੰਡਾਂ ਵਿਚ ਨਚਾਰਾਂ ਦੇ ਅਖਾੜੇ ਲੋਕ ਭਾਵੇਂ ਇਕੱਠੇ ਹੋ ਕੇ ਸ਼ੌਕ ਨਾਲ ਸੁਣਦੇ ਵੇਖਦੇ ਪਰ ਜੇ ਕਿਸੇ ਨੇ ਕਿਸੇ ਨੂੰ ਗਾਲ੍ਹ ਕੱਢਣੀ ਹੁੰਦੀ ਤਾਂ ਆਖਦੇ, ‘ਸਾਲਾ ਨਚਾਰ ਜੇਹਾ ਨਾ ਹੋਵੇ ਤਾਂ।’ ਕਈ ਪਿੰਡਾਂ ਵਿਚ ਮੁੰਡੇ ਦੇ ਵਿਆਹ ਵੇਲੇ ਮਰਦਾਂ ਦੇ ਗਿੱਧੇ ਦਾ ਰਿਵਾਜ ਸੀ। ਉਸ ਮਰਦਾਂ ਦੇ ਗਿੱਧੇ ਵਿਚ ਨਾਨਕਾਮੇਲ ਦੀਆਂ ਮੇਲਣਾਂ ਨੱਚਦੀਆਂ ਹੁੰਦੀਆਂ ਸਨ। ਇਸ ਤਰ੍ਹਾਂ ਹੀ ਆਦਮੀਆਂ ਦਾ ਗਿੱਧਾ ਕਿਸੇ ਪਿੰਡ ਪੈ ਰਿਹਾ ਸੀ। ਵਿਆਹ ਵਾਲੇ ਘਰ ਦੇ ਮੁਖੀਆਂ ਨੂੰ ਗਿੱਧਾ ਪਾਉਣ ਵਾਲੇ ਮੁੰਡੇ ਆਖ ਰਹੇ ਸਨ ਕਿ ਭਾਈ ਮੇਲਣਾ ਨੂੰ ਗਿੱਧੇ ਵਿਚ ਨਚਾਓ। ਉਨ੍ਹਾਂ ਦੇ ਵਿਆਹ ਵਿਚ ਕੋਈ ਨਚਾਰ ਆਇਆ ਹੋਇਆ ਸੀ ਜੋ ਤੀਵੀਆਂ ਵਾਲੇ ਕੱਪੜੇ ਪਾ ਕੇ, ਸੁਰਖੀ ਪਾਊਡਰ ਲਾ ਕੇ ਗਿੱਧੇ ਵਿਚ ਨੱਚਣ ਲੱਗ ਪਿਆ। ਗਿੱਧਾ ਪਾਉਣ ਵਾਲੇ ਮੁੰਡਿਆਂ ਵਿਚੋਂ ਇਕ ਨੇ ਬੋਲੀ ਪਾਈ:
‘ਖੱਟਣ ਗਿਆਂ ਨੇ ਕੀ ਖੱਟ ਲਿਆਂਦਾ,
ਖੱਟ ਕੇ ਲਿਆਂਦਾ ਆਨਾ,
ਕੀ ਤੈਨੂੰ ਭੀੜ ਪਈ,
ਮਰਦੋਂ ਬਣਿਆ ਜ਼ਨਾਨਾ।’
ਪੁਰਾਣੇ ਵੇਲਿਆਂ ਵਿਚ ਗ਼ਰੀਬ ਘਰਾਂ ਦੇ ਮੁੰਡੇ ਹੀ ਆਮ ਤੌਰ ‘ਤੇ ਨਚਾਰ ਬਣ ਕੇ ਨਚਾਰਾਂ ਦੇ ਅਖਾੜਿਆਂ ਵਿਚ ਰਲਦੇ। ਕੁਝ ਤਾਂ ਗਰੀਬੀ ਦੇ ਸਤਾਏ ਨਚਾਰ ਬਣਦੇ ਪਰ ਕੁਝ ਨਿਖੱਟੂ ਵੀ ਨਚਾਰ ਬਣ ਜਾਂਦੇ।
ਕਿਸੇ ਮਹਿਕਮੇ ਵਿਚ ਦੋ ਮੁੰਡੇ ਦਰਜਾ ਚਾਰ ਕਰਮਚਾਰੀ ਸਨ। ਉਨ੍ਹਾਂ ਵਿਚੋਂ ਇਕ ਮੁੰਡਾ ਤੂੰਬੀ ‘ਤੇ ਗਾਉਣ ਜਾਣਦਾ ਸੀ। ਉਹ ਪ੍ਰੋਗਰਾਮਾਂ ਉਤੇ ਵੀ ਜਾਣ ਲੱਗ ਪਿਆ। ਉਸ ਨੂੰ ਚਾਰ ਪੈਸੇ ਬਣਨ ਲੱਗ ਪਏ। ਦੂਸਰਾ ਮੁੰਡਾ ਸੇਵਾਦਾਰ ਖਾਰ ਖਾਣ ਲੱਗ ਪਿਆ। ਗਾਇਕ ਮੁੰਡਾ ਕੰਮ ਤੋਂ ਪਾਸਾ ਵੱਟਣ ਲੱਗ ਪਿਆ। ਦੂਸਰਾ ਮੁੰਡਾ ਆਪਣੇ ਅਫ਼ਸਰ ਦੇ ਘਰ ਨੂੰ ਸਾਈਕਲ ਉਤੇ ਬਾਜ਼ਾਰ ‘ਚੋਂ ਸੌਦਾ-ਪੱਤਾ ਲਈ ਆਉਂਦਾ ਸੀ। ਗਾਇਕ ਦਰਜਾ ਚਾਰ ਨੇ ਸਾਈਕਲ ਤੋਰੀ ਜਾਂਦੇ ਨੂੰ ਕਿਹਾ, ‘ਓਏ ਫਲਾਣਿਆ! ਕੀ ਗੱਲ ਏ, ਕੋਲ ਦੀ ਚੁੱਪ ਕਰਕੇ ਲੰਘ ਗਿਆ ਬੋਲਦਾ ਈ ਨਹੀਂ?’
ਇਕਦਮ ਸਾਈਕਲ ਰੋਕ ਕੇ ਭਰਿਆ-ਪੀਤਾ ਦੂਜਾ ਕਰਮਚਾਰੀ ਬੋਲਿਆ, ‘ਕਿਉਂ ਓਏ? ਮੈਂ ਕੋਈ ਘੱਗਰੀ ਪਾਈ ਹੋਈ ਆ ਬਈ ਬੋਲਦਾ ਨਈਂ। ਮੈਂ ਤਾਂ ਅਫਸਰਾਂ ਦੀ ਸੇਵਾ ਕਰਦਾ ਹਾਂ, ਜਿਸ ਬਦਲੇ ਤਨਖਾਹ ਮਿਲਦੀ ਹੈ।’ ਗਾਇਕ ਮੁੰਡਾ ਲਾਜਵਾਬ ਹੋ ਗਿਆ। ਸਾਡੇ ਸਮਾਜ ਵਿਚ ਗਾਇਕੀ ਨੂੰ ਘੱਗਰੀ ਪਾਉਣੀ ਵੀ ਆਖਦੇ ਸਨ, ਜੋ ਪਿੰਡਾਂ ਵਿਚ ਬੜੀ ਘਟੀਆ ਜਿਹੀ ਗੱਲ ਮੰਨੀ ਜਾਂਦੀ ਸੀ।
ਸਾਡੇ ਗੁਰੂਆਂ, ਪੀਰਾਂ ਨੇ ਕਿਹਾ ਹੈ, ‘ਕਿਰਤ ਕਰੋ, ਵੰਡ ਕੇ ਛਕੋ, ਅਣਖ ਤੇ ਸਵੈਮਾਣ ਨਾਲ ਜੀਵੋ ਤੇ ਜਿਊਣ ਦੇਵੋ। ਜ਼ਿੰਦਗੀ ਨੂੰ ਜ਼ਾਬਤੇ ਵਿਚ ਰੱਖੋ।’ ਜ਼ਾਬਤਾ ਟੁੱਟ ਜਾਵੇ ਤਾਂ ਜ਼ਿੰਦਗੀ ਬੇਲਗਾਮ ਹੋ ਜਾਂਦੀ ਹੈ।
ਅੱਜ ਤੱਕ ਗੁਰੂਆਂ-ਪੀਰਾਂ, ਦਾਨਿਸ਼ਵਰਾਂ ਤੇ ਯੁੱਗ ਪੁਰਸ਼ਾਂ ਦੀਆਂ ਅਟੱਲ ਸਚਾਈਆਂ ਹੀ ਫਕੀਰ ਲੋਕ ਗਾਉਂਦੇ ਹਨ, ਜੋ ਸੁਖਾਵੀਂ ਸੁਧਰੀ ਜ਼ਿੰਦਗੀ ਜਿਊਣ ਵਿਚ ਸਹਾਈ ਹੁੰਦੀਆਂ ਹਨ।
‘ਦਾਤਾ ਤੇ ਭਗਤ ਸੂਰਮਾ ਤਿੰਨੇ ਜੱਗ ਜਿਊਂਦੇ ਨੇ।’
ਨਚਾਰਾਂ ਨੂੰ ਕੋਈ ਯਾਦ ਨਹੀਂ ਕਰਦਾ। ਜੇ ਕੋਈ ਕਰਦਾ ਵੀ ਹੈ ਤਾਂ ਚੰਗੇ ਸੰਦਰਭ ਵਿਚ ਯਾਦ ਨਹੀਂ ਕਰਦਾ।
ਅਣਖ ਤੇ ਸਵੈਮਾਣ ਉਸ ਕਿੱਤੇ ਨਾਲ ਕਿਵੇਂ ਇਕੱਠੇ ਰਹਿਣਗੇ ਜਿਸ ਕਿੱਤੇ ਨੂੰ ਸਾਡਾ ਸਮਾਜ ਕੰਜਰਖਾਨਾ ਸਮਝਦਾ ਹੈ। ਸਾਡੇ ਪੰਜਾਬੀ ਲੋਕਾਂ ਦੀ ਇਹ ਫਿਤਰਤ ਬਣ ਚੁੱਕੀ ਸੀ ਜਾਂ ਕਹਿ ਲਈਏ ਕਿ ਧਾਰਨਾ ਬਣ ਗਈ ਸੀ। ਲੋਕ ਸਮਝਦੇ ਸੀ ਕਿ ਜੇ ਕੋਈ ਅਖਾੜਿਆਂ ਵਿਚ ਗਾਉਂਦਾ-ਨੱਚਦਾ ਹੈ, ਅਸੀਂ ਉਸ ਨੂੰ ਕੋਈ ਵੀ ਟਿੱਚਰ ਕਰ ਦੇਈਏ, ਉਹ ਸਹਿ ਲਵੇਗਾ। ਪਹਿਲੇ ਸਮਿਆਂ ਵਿਚ ਹਰ ਆਦਮੀ ਇਹ ਸਮਝਦਾ ਸੀ ਕਿ ਮੈਨੂੰ ਆਪਣੇ ਤੋਂ ਨੀਵਾਂ (ਆਰਥਿਕ ਤੌਰ ‘ਤੇ ਜਾਂ ਅਕਲ ਪੱਖੋਂ) ਮਿਲੇ ਤਾਂ ਮੈਂ ਉਸ ਨੂੰ ਟਿੱਚਰ ਕਰਾਂ। ਉਸ ਦੂਜੇ ਆਦਮੀ ਨੂੰ ਨੀਵਾਂ ਦਿਖਾਵਾਂ। ਲੋੜ ਪਵੇ ਤਾਂ ਉਸ ਉਤੇ ਮਾਨਸਿਕ ਤਸ਼ੱਦਦ ਕਰਾਂ। ਇਹ ਫ਼ਿਤਰਤ ਆਮ ਆਦਮੀ ਦੀ ਸੀ। ਪਰ ਅੱਜ ਮੌਜੂਦਾ ਸਮੇਂ ਵਿਚ ਇਹ ਧਾਰਨਾ ਟੁੱਟ ਰਹੀ ਹੈ।
ਸਾਡੇ ਪੰਜਾਬ ਦੇ ਇਕ ਵਧੀਆ ਲੋਕ ਗਾਇਕ ਜਿਸ ਨੇ ਸਭ ਤੋਂ ਪਹਿਲਾਂ ਸਟੇਜਾਂ ਉਤੇ ਆਪਣੀ ਪਤਨੀ ਨਾਲ ਦੋਗਾਣੇ ਗਾਉਣੇ ਸ਼ੁਰੂ ਕੀਤੇ, ਉਨ੍ਹਾਂ ਦੇ ਦੋਗਾਣਿਆਂ ਦੇ ਤਵੇ ਲਾਊਡ ਸਪੀਕਰਾਂ ਵਿਚ ਪਿੰਡਾਂ ਦੇ ਬਨ੍ਹੇਰਿਆਂ ਉਤੇ ਬੁਹਤ ਚਿਰ ਵੱਜੇ। ਬਹੁਤ ਸਮਾਂ ਇਹ ਗਾਇਕ ਜੋੜੀ ਸਟੇਜਾਂ ਉਤੇ ਅਤੇ ਤਵਿਆਂ ਵਿਚ ਮਸ਼ਹੂਰ ਰਹੀ। ਉਸ ਗਾਇਕ ਦਾ ਸੁਭਾਅ ਸ਼ਾਇਦ ਕੌੜ ਸੀ, ਉਸ ਨੇ ਇਸ ਕਿੱਤੇ ਨੂੰ ਅਪਣਾਉਂਦੇ ਹੋਏ ਅਣਖ ਤੇ ਸਵੈਮਾਣ ਨਹੀਂ ਛੱਡੇ ਸਨ। ਸੋ, ਅਣਖ ਤੇ ਸਵੈਮਾਣ ਕੰਜਰ-ਕਿੱਤੇ ਨਾਲ ਮਿਲ ਕੇ ਨਹੀਂ ਰਹਿੰਦੇ। ਉਸ ਗਾਇਕ ਨੂੰ ਇਸ ਗੱਲ ਦੀ ਕੀਮਤ ਬਹੁਤ ਚੁਕਾਉਣੀ ਪਈ। ਉਹ ਅਖੀਰਲੀ ਉਮਰ ਭੀਖ ਮੰਗ ਕੇ ਪੂਰਾ ਹੋਇਆ, ਨਾ ਉਸ ਦੇ ਕੋਈ ਬਾਲ-ਬੱਚਾ ਸੀ।
ਗਾਉਣਾ ਕੀ ਹੈ? ਇਹ ਗਾਉਣਾ ਕੋਈ ਥੋੜ੍ਹੇ ਸਮੇਂ ਵਿਚ ਨਹੀਂ ਸਿੱਖਿਆ ਜਾਂਦਾ। ਇਹ ਗੁਰੂ-ਸ਼ਿਸ਼ ਦੀ ਪ੍ਰੰਪਰਾ ਹੈ। ਅੱਜ ਵੀ ਗਾਇਕੀ ਗੁਰੂ ਧਾਰੇ ਬਗੈਰ ਨਹੀਂ ਸਿੱਖੀ ਜਾ ਸਕਦੀ। ਕਿਸੇ ਹੰਢੇ ਹੋਏ ਗਾਇਕ, ਜੋ ਆਪ ਵੀ ਕਿਸੇ ਗੁਰੂ ਤੋਂ ਸਿੱਖ ਕੇ ਪ੍ਰਵਾਨ ਚੜ੍ਹਿਆ ਹੋਵੇ, ਉਸ ਨੂੰ ਗੁਰੂ ਧਾਰ ਕੇ ਸਾਧਨਾ, ਸਿਰੜ ਤੇ ਤਪੱਸਿਆ ਕਰਕੇ ਸਿੱਖਣਾ ਪੈਂਦਾ ਹੈ। ਨਿਯਮਬੱਧ ਰਿਆਜ਼ ਕਰਨਾ ਪੈਂਦਾ ਹੈ। ਸਾਲਾਂਬੱਧੀ ਸਿੱਖ ਕੇ ਫਿਰ ਸਟੇਜ ਉਤੇ ਗਾਇਕ ਗਾਏਗਾ ਤਾਂ ਪ੍ਰਵਾਨ ਚੜ੍ਹ ਜਾਏਗਾ। ਬਾਕੀ ਤਜਰਬਾ ਵੀ ਸਿਖਾਏਗਾ।
ਨੱਚਣਾ ਕੀ ਹੈ? ਹਰਮੋਨੀਅਮ, ਸਾਰੰਗੀ ਤੇ ਤਬਲੇ ਦੀ ਤਾਲ ਨਾਲ ਪੈਰਾਂ ਵਿਚ ਬੰਨ੍ਹੇ ਘੁੰਗਰੂਆਂ ਦੀ ਤਾਲ ਨੂੰ ਨਾਲ ਰਲਾਉਣਾ। ਫਿਰ ਸਰੀਰ ਦੇ ਸਾਰੇ ਅੰਗਾਂ ਨੂੰ ਤਾਲ ਦੇ ਨਾਲ ਹੀ ਸਿੱਖਿਅਤ ਤਰੀਕੇ ਨਾਲ ਮੇਲ ਕਰਨਾ ਨੱਚਣਾ ਅਖਵਾਉਂਦਾ ਹੈ। ਇਕ ਤਾਲ ਜਾਂ ਮਾਮੂਲੀ ਜਿਹੀ ਸਰੀਰ ਹਰਕਤ ਉੱਕ ਗਈ ਤਾਂ ਸਮਝੋ ਬੇਸੁਰੇ ਤੇ ਬੇਤਾਲ ਹੋ ਜਾਂਦੇ ਹਨ। ਪਹਿਲੇ ਵੇਲਿਆਂ ‘ਚ ਅਖਾਣ ਮਸ਼ਹੂਰ ਸੀ ਕਿ ਮਰਾਸੀ ਤਬਕਾ ਬੇਸੁਰਿਆਂ ਦਾ ਗੁਆਂਢ ਛੱਡ ਜਾਂਦਾ ਹੈ। ਗਾਉਣਾ ਇਸ ਬਰਾਦਰੀ ਦੇ ਹਿੱਸੇ ਹੀ ਆਇਆ ਸੀ। ਜਿਨ੍ਹਾਂ ਨੇ ਕਮਾਲ ਅਮਰੋਹੀ ਦੀ ਬਣਾਈ ਫਿਲਮ ‘ਪਾਕੀਜ਼ਾ’ ਦੇਖੀ ਹੈ, ਉਨ੍ਹਾਂ ਨੂੰ ਪਤਾ ਹੈ ਕਿ ਨੱਚਣਾ ਕੀ ਹੁੰਦਾ ਹੈ।

ਭੂਰਾ ਸਿੰਘ ਕਲੇਰ

About Jatin Kamboj