FEATURED NEWS News SPORTS NEWS

ਪੰਜਾਬ ਦੀ ਧੀ ਨੇ ਇੰਡੋਨੇਸ਼ੀਆ ‘ਚ ਚਮਕਾਇਆ ਦੇਸ਼ ਦਾ ਨਾਂ

ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪੰਨ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨੇ ਦਾ ਤਮਗ਼ਾ ਜਿਤਿਆ। ਭਾਰਤ ਦੇ ਮੁੱਕੇਬਾਜ਼ੀ ਦਲ ਨੇ ਇਸ ਟੂਰਨਾਮੈਂਟ ਵਿਚ ਕੁੱਲ 7 ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ ਜਿਨ੍ਹਾਂ ਵਿਚੋਂ ਚਾਰ ਮਹਿਲਾ ਮੁੱਕੇਬਾਜ਼ ਹਨ। ਪੰਜਾਬ ਦੀ ਸਿਮਰਨਜੀਤ ਕੌਰ ਤੋਂ ਇਲਾਵਾ ਓਲੰਪਿਕ ਤਮਗਾ ਜੇਤੂ ਐਮ.ਸੀ.ਮੇਰੀਕੌਮ, ਜਮੁਨਾ ਬੋਰੋ ਤੋ ਮੋਨਿਕਾ ਨੇ ਸੋਨ ਤਮਗੇ ਜਿੱਤੇ।
ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚਕਰ ਪਿੰਡ ਦੀ ਸਿਮਰਨਜੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਕਰ ਪਿੰਡ ਦੀਆਂ ਕੁੜੀਆਂ ਨੇ ਮੁੱਕੇਬਾਜ਼ੀ ਵਿਚ ਦੇਸ਼-ਵਿਦੇਸ਼ ‘ਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿਤਿਆ ਸੀ ਅਤੇ ਹੁਣ ਉਸ ਨੇ ਪ੍ਰੈਜ਼ੀਡੈਂਟ ਕੱਪ ਵਿਚ ਸੋਨ ਤਮਗ਼ਾ ਜਿੱਤ ਕੇ ਮੁੜ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਵੀ ਸਿਮਰਨਜੀਤ ਕੌਰ ਦੇਸ਼ ਦਾ ਨਾਮ ਚਮਕਾਏਗੀ। ਰਾਣਾ ਸੋਢੀ ਨੇ ਸਿਮਰਨਜੀਤ ਦੇ ਮਾਪਿਆਂ, ਕੋਚ ਅਤੇ ਚਕਰ ਦੀ ਸ਼ੇਰ-ਏ-ਪੰਜਾਬ ਅਕਡੈਮੀ ਸਿਰ ਇਸ ਪ੍ਰਾਪਤੀ ਦਾ ਸਿਹਰਾ ਬੰਨ੍ਹਿਆ। ਮਰਹੂਮ ਕਮਲਜੀਤ ਸਿੰਘ ਤੇ ਰਾਜਪਾਲ ਕੌਰ ਦੀ ਬੇਟੀ ਸਿਮਰਨਜੀਤ ਕੌਰ ਪਹਿਲਾ 64 ਕਿਲੋ ਗ੍ਰਾਮ ਵਰਗ ਵਿਚ ਨੁਮਾਇੰਦਗੀ ਕਰਦੀ ਸੀ ਜਦੋਂ ਕਿ ਓਲੰਪਿਕ ਖੇਡਾਂ ਵਿੱਚ 60 ਕਿਲੋ ਗ੍ਰਾਮ ਵਰਗ ਹੁੰਦਾ ਹੈ ਜਿਸ ਲਈ ਉਸ ਨੇ ਆਪਣਾ ਵਰਗ ਬਦਲ ਕੇ 60 ਕਿਲੋਗ੍ਰਾਮ ਵਿਚ ਹਿੱਸਾ ਲੈਂਦੀ ਹੈ। ਇਸ ਤੋਂ ਪਹਿਲਾ ਉਸ ਨੇ ਬੈਂਕਾਕ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਅਤੇ ਹੁਣ ਸਿਮਰਨਜੀਤ ਨੇ ਪ੍ਰੈਜ਼ੀਡੈਂਟ ਕੱਪ ਦੇ ਫਾਈਨਲ ਵਿਚ ਏਸ਼ੀਆਈ ਖੇਡਾਂ ਦੀ ਤਮਗ਼ਾ ਜੇਤੂ ਮੇਜ਼ਬਾਨ ਇੰਡੋਨੇਸ਼ੀਆ ਦੀ ਮੁੱਕੇਬਾਜ਼ ਹਸਾਨਾਹ ਹੁਸਵਾਤੁਨ ਨੂੰ 5-0 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। ਜ਼ਿਕਰਯੋਗ ਹੈ ਕਿ ਚਕਰ ਪਿੰਡ ਦੀ ਹੀ ਮਨਦੀਪ ਕੌਰ ਸੰਧੂ ਨੇ ਜੂਨੀਅਰ ਵਿਸ਼ਵ ਚੈਂਪੀਅਨ ਬਣ ਕੇ ਆਪਣੇ ਪਿੰਡ ਨੂੰ ਕੌਮਾਂਤਰੀ ਖੇਡ ਨਕਸ਼ੇ ਉਤੇ ਉਭਾਰਿਆ ਸੀ।