JATINDER PANNU

ਪੰਜਾਬ ਦੀ ਰਾਜਨੀਤੀ ਤੇ ਲੀਹੋਂ ਲੱਥੀ ਸਿੱਖ ਮਾਨਸਿਕਤਾ ਦਾ ਗੋਤ-ਕੁਨਾਲਾ

-ਜਤਿੰਦਰ ਪਨੂੰ

ਪੰਜਾਬੀ ਬੋਲੀ ਦੇ ਜਿਹੜੇ ਸ਼ਬਦ ਹੁਣ ਬੋਲ-ਚਾਲ ਵਿੱਚੋਂ ਗੁੰਮ ਹੁੰਦੇ ਜਾਂਦੇ ਹਨ, ਇਨ੍ਹਾਂ ਵਿੱਚ ਹੀ ਇੱਕ ਸ਼ਬਦ ਗੋਤ-ਕੁਨਾਲਾ ਗਿਣਿਆ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿੱਚ ਪੰਜਾਬ ਵਿੱਚ ਵੀ ਹਰਿਆਣੇ ਵਾਂਗ ਆਪਣੀ ਗੋਤਰ ਵਿੱਚ ਵਿਆਹ ਕਰਨਾ ਗਲਤ ਮੰਨਿਆ ਜਾਂਦਾ ਸੀ। ਹੁਣ ਕੋਈ ਬਹੁਤੀ ਚਿੰਤਾ ਨਹੀਂ ਕਰਦਾ। ਬਾਦਲ ਪਰਵਾਰ ਵਾਲੇ ਵੀ ਢਿੱਲੋਂ ਹਨ ਅਤੇ ਉਨ੍ਹਾਂ ਦੇ ਕੈਰੋਂ ਵਾਲੇ ਕੁੜਮਾਂ ਦਾ ਗੋਤਰ ਵੀ ਢਿੱਲੋਂ ਹੈ। ਓਦੋਂ ਨਵੀਂ ਆਈ ਨੂੰਹ ਦਾ ਆਪਣੇ ਪਿਛਲੇ ਗੋਤ ਤੋਂ ਨਾਤਾ ਤੋੜਨ ਤੇ ਨਵੇਂ ਗੋਤ ਨਾਲ ਤੰਦ ਜੋੜਨ ਲਈ ਉਸ ਦੇ ਸਾਹਮਣੇ ਇੱਕ ਕੁਨਾਲੀ ਵਿੱਚ ਭਾਂਤ-ਸੁਭਾਂਤੇ ਖਾਣੇ ਪਰੋਸ ਕੇ ਖਾਣ ਨੂੰ ਕਿਹਾ ਜਾਂਦਾ ਸੀ। ਕੁਨਾਲੀ ਇੱਕ ਮਿੱਟੀ ਦੀ ਪਰਾਤ ਹੁੰਦੀ ਸੀ। ਨੂੰਹ ਵਿਚਾਰੀ ਨਵੇਂ ਪਰਵਾਰ ਦੀ ਰਿਵਾਇਤ ਤੋਂ ਜਾਣੂੰ ਨਾ ਹੋਣ ਕਾਰਨ, ਅਤੇ ਕੋਲ ਖੜੀਆਂ ਮੁੰਡੇ ਦੀਆਂ ਮਾਮੀਆਂ-ਮਾਸੀਆਂ ਦੇ ਪਰਵਾਰਾਂ ਦੀਆਂ ਵੱਖੋ-ਵੱਖਰੀਆਂ ਰਿਵਾਇਤਾਂ ਦੇ ਕਾਰਨ, ਇਸ ਗੱਲੋਂ ਉਲਝ ਜਾਂਦੀ ਸੀ ਕਿ ਪਹਿਲਾਂ ਕਿਹੜੀ ਚੀਜ਼ ਖਾਣੀ ਹੈ? ਇਹ ਵਖਰੇਵੇਂ ਅੱਜ ਤੱਕ ਕਈ ਥਾਂਈਂ ਮੌਜੂਦ ਹਨ। ਮਾਝੇ ਵਿੱਚ ਪੀਲੇ ਚੌਲ, ਜਿਨ੍ਹਾਂ ਦੇ ਜਰਦ ਰੰਗ ਕਾਰਨ ‘ਜਰਦਾ’ ਕਿਹਾ ਜਾਂਦਾ ਹੈ, ਦਹੀਂ ਨਾਲ ਖਾਧੇ ਜਾਂਦੇ ਹਨ ਤੇ ਦੋਆਬੇ ਵਿੱਚ ਜਰਦੇ ਨਾਲ ਦਹੀਂ ਖਾਣ ਵਾਲਾ ਬੰਦਾ ਓਪਰਾ ਜਿਹਾ ਜਾਪਦਾ ਹੈ।
ਪਿਛਲੇ ਦਿਨੀਂ ਜਦੋਂ ਅਸੀਂ ਸਿੱਖ ਮਾਨਸਿਕਤਾ ਦੀਆਂ ਉਲਝਣਾਂ ਨੂੰ ਸਮਝਣ ਦਾ ਇੱਕ ਹੋਰ ਯਤਨ ਛੋਹਿਆ ਤਾਂ ਇੱਕ ਵਾਰ ਫਿਰ ਇਹੋ ਪੱਲੇ ਪਿਆ ਕਿ ਸਿੱਖ ਲੀਡਰਸ਼ਿਪ ਨੇ ਸਿੱਖਾਂ ਨੂੰ ਸੋਚ ਦੇ ਗੋਤ-ਕੁਨਾਲੇ ਵਿੱਚ ਫਸਾ ਰੱਖਿਆ ਹੈ। ਉਨ੍ਹਾਂ ਦੀ ਆਖੀ ਇੱਕ ਗੱਲ ਉਨ੍ਹਾਂ ਵੱਲੋਂ ਆਖੀ ਜਾ ਰਹੀ ਦੂਸਰੀ ਗੱਲ ਨਾਲ ਮਿਲਦੀ ਨਹੀਂ। ਇਹੋ ਜਿਹੀ ਸੁਰ-ਸੇਧ ਦੀ ਉਲਝਣ ਸਾਧਾਰਨ ਸਿੱਖਾਂ ਤੱਕ ਸੀਮਤ ਨਹੀਂ, ਸਿੱਖ ਲੀਡਰਸ਼ਿਪ ਵੀ ਅੱਕੀਂ-ਪਲਾਹੀਂ ਹੱਥ ਮਾਰਦੀ ਲੱਭਦੀ ਹੈ। ਤਖਤਾਂ ਦੇ ਜਥੇਦਾਰਾਂ ਤੋਂ ਲੋਕ ਕੋਈ ਸੇਧ ਲੈਣ ਦੀ ਆਸ ਰੱਖਦੇ ਹਨ, ਪਰ ਉਹ ਆਪੋ ਵਿੱਚ ਇੱਕ ਦੂਸਰੇ ਤੋਂ ਵੱਖਰੀ ਸੋਚ ਦੀ ਪੰਡ ਸਿਰਾਂ ਉੱਤੇ ਚੁੱਕੀ ਫਿਰਦੇ ਹਨ। ਜਿਸ ਸੱਜਣ ਦੀ ਚੰਡੀਗੜ੍ਹ ਤੱਕ ਪਹੁੰਚ ਹੋ ਜਾਵੇ, ਜਥੇਦਾਰ ਬਣ ਜਾਂਦਾ ਹੈ। ਇੱਕ ਸਮਾਂ ਸੀ ਕਿ ਜਥੇਦਾਰ ਕਦੀ ਕਿਸੇ ਲੀਡਰ ਨੂੰ ਮਿਲਣ ਨਹੀਂ ਸਨ ਜਾਂਦੇ ਅਤੇ ਇੱਕ ਅੱਜ ਦਾ ਦੌਰ ਹੈ, ਜਦੋਂ ਤਖਤਾਂ ਦੇ ਜਥੇਦਾਰ ਆਪਣੇ ਤੋਂ ਛੋਟੀ ਉਮਰ ਦੇ ਅਕਾਲੀ ਆਗੂ ਅੱਗੇ ਇਸ ਲਈ ਹੱਥ ਜਾ ਜੋੜਦੇ ਹਨ ਕਿ ਮੇਰੇ ਮੁੰਡੇ ਨੂੰ ਛੋਟੀ-ਮੋਟੀ ਬਲਾਕ ਪੱਧਰ ਦੀ ਚੇਅਰਮੈਨੀ ਹੀ ਦੇ ਛੱਡੋ। ਇੱਕ ਵਾਰ ਝੁਕ ਗਏ ਤਾਂ ਝੁਕ ਗਏ। ਫਿਰ ਉਹ ਸਿੱਖੀ ਬਾਰੇ ਨਹੀਂ, ਮਿੰਨਤ ਮੰਨ ਕੇ ਖੁਸ਼ੀ ਬਖਸ਼ਣ ਵਾਲੀ ਅਕਾਲੀ ਲੀਡਰਸ਼ਿਪ ਦੇ ਹਿੱਤਾਂ ਬਾਰੇ ਸੋਚਦੇ ਰਹਿੰਦੇ ਹਨ।
ਅਕਾਲੀ ਦਲ ਦੀ ਲੀਡਰਸ਼ਿਪ ਆਪ ਕਿਸੇ ਗੱਲ ਬਾਰੇ ਸਪੱਸ਼ਟ ਨਹੀਂ। ਪੁੱਤਰ ਕਹਿੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕੀਵੀਂ ਸਦੀ ਵਿੱਚ ਬੈਠੀ ਬਾਕੀ ਦੁਨੀਆ ਤੋਂ ਪਹਿਲਾਂ ਬਾਈਵੀਂ ਸਦੀ ਵਿੱਚ ਪੁਚਾ ਦੇਣਾ ਹੈ ਤੇ ਬਾਪ ਇਸ ਦੀ ਥਾਂ ਇਹ ਕਹਿੰਦਾ ਹੈ ਕਿ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣਾ ਹੈ। ਲਾਹੌਰ ਦਾ ਰਣਜੀਤ ਸਿੰਘ ਦਾ ਰਾਜ ਉੱਨੀਵੀਂ ਸਦੀ ਦੀ ਗੱਲ ਸੀ। ਪਿਤਾ-ਪੁੱਤਰ ਦੀ ਸੋਚ ਦਾ ਤਿੰਨ ਸਦੀਆਂ ਦਾ ਪਾੜਾ ਹੈ। ਬੀਤੇ ਮਹੀਨੇ ਵਿੱਚ ਇੱਕ ਤਜਰਬਾ ਹੋਰ ਹੋ ਗਿਆ। ਅਕਾਲੀ ਦਲ ਦੇ ਪ੍ਰਧਾਨ ਦਾ ਇੱਕ ਦਿਨ ਬਿਆਨ ਆਇਆ ਕਿ ਵਿਦੇਸ਼ਾਂ ਵਿੱਚ ਜਿਹੜੇ ਸਿੱਖਾਂ ਨੇ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਸੀ, ਨਾ ਉਹ ਸਿੱਖ ਹਨ ਅਤੇ ਨਾ ਪੰਜਾਬੀ ਕਹੇ ਜਾ ਸਕਦੇ ਹਨ। ਇਹ ਅਸਲੋਂ ਗਲਤ ਗੱਲ ਹੈ। ਉਹ ਕਿਸੇ ਵੀ ਰਾਜਸੀ ਸੋਚਣੀ ਵਾਲੇ ਹੋਣ, ਜੇ ਸਿੱਖ ਹਨ ਤਾਂ ਸਿੱਖ ਮੰਨੇ ਜਾਣਗੇ, ਪਰ ਉਹ ਸਾਰੇ ਸਿੱਖ ਨਹੀਂ ਸਨ, ਗੈਰ-ਸਿੱਖ ਪੰਜਾਬੀ ਵੀ ਉਨ੍ਹਾਂ ਵਿੱਚ ਸ਼ਾਮਲ ਸਨ, ਉਨ੍ਹਾਂ ਸਾਰਿਆਂ ਨੂੰ ਪੰਜਾਬੀ ਮੰਨਣ ਤੋਂ ਨਾਂਹ ਕਰਨਾ ਰਾਜਨੀਤੀ ਦਾ ਭੱਦਾਪਣ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਹਿ ਦਿੱਤਾ ਕਿ ਅਜਿਹਾ ਕਰਨ ਵਾਲੇ ਦੇਸ਼-ਧਰੋਹੀ ਹਨ। ਅਕਲ ਦੀ ਦਾੜ੍ਹ ਚਾਲੀ ਸਾਲ ਪੂਰੇ ਕਰ ਕੇ ਉੱਗਦੀ ਸਮਝੀ ਜਾਂਦੀ ਹੈ, ਪਰ ਪੰਜਾਬ ਵਿੱਚ ਇਹੋ ਜਿਹੀ ਕੋਈ ਰਿਵਾਇਤ ਨਹੀਂ। ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਇਹ ਸਮਝ ਪਈ ਹੈ ਕਿ ‘ਖਾਲਿਸਤਾਨੀ ਸੋਚ ਵਾਲੇ ਲੋਕ ਦੇਸ਼ ਧਰੋਹੀ’ ਹਨ, ਪਰ ਜਦੋਂ ਖੇਡ ਸ਼ੁਰੂ ਹੋਈ ਸੀ ਤੇ ਜਿਨ੍ਹਾਂ ਨੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹਾਜ਼ਰੀ ਵਿੱਚ ਸਿੱਖਾਂ ਦੇ ਵੱਖਰੇ ਘਰ ਦੀ ਮੰਗ ਵਾਲੇ ਮਤੇ ਪੇਸ਼ ਕੀਤੇ ਅਤੇ ਸੰਗਤਾਂ ਦੇ ਹੱਥ ਖੜੇ ਕਰਵਾ ਕੇ ਪ੍ਰਵਾਨਗੀ ਲਈ ਸੀ, ਉਹ ਅਕਾਲੀ ਦਲ ਦੇ ਨਾਲ ਹਨ। ਇੱਕ ਸੱਜਣ ਅੱਜ-ਕੱਲ੍ਹ ਵਿਧਾਇਕ ਹੈ, ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰੀ ਅਤੇ ਤੀਸਰਾ ਬਾਦਲ ਰਾਜ ਵਿੱਚ ਪੰਜਾਬ ਦੀ ਇੱਕ ਸੰਵਿਧਾਨਕ ਪਦਵੀ ਦਾ ਨਿੱਘ ਛੇ ਸਾਲ ਮਾਣਦਾ ਰਿਹਾ ਹੈ। ਰਾਜ ਕਰਦੇ ਅਕਾਲੀ ਦਲ ਨਾਲ ਜੁੜਨ ਵਾਲਿਆਂ ਦਾ ਦੇਸ਼ ਧਰੋਹੀ ਹੋਣ ਦਾ ਟੈਗ ਲਾਹ ਦਿੱਤਾ ਜਾਂਦਾ ਹੈ।
ਦੂਸਰਾ ਪੱਖ ਵਿਦੇਸ਼ ਵਿੱਚ ਬੈਠੇ ਉਨ੍ਹਾਂ ਸਿੱਖਾਂ ਦਾ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਅਕਾਲੀ ਮੰਤਰੀਆਂ ਦੇ ਖਿਲਾਫ ਮੁਜ਼ਾਹਰੇ ਕੀਤੇ ਅਤੇ ਇਸ ਕੰਮ ਵਿੱਚ ਬੇਹੂਦਗੀ ਵਾਲੀਆਂ ਗਾਲ੍ਹਾਂ ਵੀ ਕੱਢੀਆਂ ਹਨ। ਇੱਕ ਰੇਡੀਓ ਚੈਨਲ ਦੀ ਬਹਿਸ ਵਿੱਚ ਇਹੋ ਜਿਹੇ ਇੱਕ ਸਿੱਖ ਆਗੂ ਨੂੰ ਅਸੀਂ ਕਿਹਾ ਕਿ ਵਿਰੋਧ ਦੇ ਹੋਰ ਤਰੀਕੇ ਹੋ ਸਕਦੇ ਹਨ, ਤੁਸੀਂ ਗਾਲ੍ਹਾਂ ਵਾਲੀ ਬੋਲੀ ਕਿਉਂ ਬੋਲਦੇ ਹੋ? ਉਹ ਕਹਿਣ ਲੱਗਾ ਕਿ ‘ਇਹ ਏਸੇ ਲਾਇਕ ਹਨ’, ਨਾਲ ਹੀ ਇਹ ਵੀ ਦੱਸ ਦਿੱਤਾ ਕਿ ਪਹਿਲੇ ਗੁਰੂ ਸਾਹਿਬ ਨੇ ਵੀ ‘ਰਾਜੇ ਸੀਹ ਮੁਕਦਮ ਕੁਤੇ’ ਕਿਹਾ ਸੀ, ਜਿਸ ਦਾ ਅਰਥ ਤੁਸੀਂ ਜਾਣਦੇ ਹੋ। ਉਹ ਇਸ ਪੌੜੀ ਉੱਤੇ ਖੜਾ ਸੀ ਕਿ ਇਹ ਗੱਲ ਹਰ ਯੁੱਗ ਵਿੱਚ ਸੱਚ ਹੁੰਦੀ ਹੈ। ਅਸੀਂ ਉਸ ਤੋਂ ਇਹ ਪੁੱਛਿਆ ਕਿ ਤੁਹਾਡਾ ਨਿਸ਼ਾਨਾ ਕੀ ਹੈ? ਬੜੇ ਜੋਸ਼ ਵਿੱਚ ਉਸ ਨੇ ਕਿਹਾ: ਆਪਣਾ ਰਾਜ ਕਾਇਮ ਕਰਨਾ ਹੈ। ਮੈਂ ਹੱਸ ਕੇ ਪੁੱਛਿਆ ਕਿ ‘ਕੀ ਤੁਹਾਡੇ ਰਾਜ ਵੇਲੇ ਵੀ ਰਾਜੇ ਤੇ ਮੁਕੱਦਮ ਵਾਸਤੇ ਇਹੋ ਧਾਰਨਾ ਹੋਵੇਗੀ, ਕੀ ਇਹੋ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਹਿਣ ਦੀ ਵੀ ਤੁਸੀਂ ਹਿੰਮਤ ਕਰੋਗੇ?’ ਫਿਰ ਉਹ ਖਾਮੋਸ਼ ਹੋ ਗਿਆ। ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਨੇ ਇਹ ਗੱਲ ਉਸ ਸਮੇਂ ਦੇ ਰਾਜ ਬਾਰੇ ਜਦੋਂ ਕਹੀ ਸੀ ਤਾਂ ਇੱਕ ਖਾਸ ਕਿਸਮ ਦੇ ਹਾਲਾਤ ਸਨ। ਵਿਚਾਰਾਂ ਨੂੰ ਥੋੜ੍ਹਾ-ਬਹੁਤ ਰਿੜਕਣ ਤੇ ਮੁੜ-ਵਿਚਾਰਨ ਦੀ ਗੁੰਜਾਇਸ਼ ਵੀ ਰੱਖ ਲੈਣੀ ਚਾਹੀਦੀ ਹੈ। ਜਿੰਨੇ ਜ਼ੋਰ ਨਾਲ ਉਹ ਬਾਦਲ ਸਰਕਾਰ ਨੂੰ ਮੰਦਾ-ਚੰਗਾ ਬੋਲਦਾ ਸੀ, ਉਸ ਤੋਂ ਵੱਧ ਇਹ ਮੁੱਦਾ ਚੁੱਕ ਤੁਰਿਆ ਕਿ ਜਦੋਂ ਕੋਈ ਹਿੰਦੁਸਤਾਨ ਨਾਲ ਸਾਂਝ ਰੱਖਣ ਦੀ ਗੱਲ ਕਰਦਾ ਹੈ, ਉਸ ਨਾਲ ਸਾਡਾ ਜੋੜ ਨਹੀਂ ਜੁੜਦਾ। ਉਸ ਦੇ ਬਾਪ ਨੂੰ ਜਾਣਦਾ ਹੋਣ ਕਾਰਨ ਮੈਂ ਉਸ ਨੂੰ ਚੇਤੇ ਕਰਵਾ ਦਿੱਤਾ ਕਿ ਉਸ ਦਾ ਬਾਪ ਐੱਨ ਆਰ ਆਈ ਸਭਾ ਦੀ ਪਿਛਲੀ ਚੋਣ ਵਿੱਚ ਇੱਕ ਧਿਰ ਦੀ ਪ੍ਰੈੱਸ ਕਾਨਫਰੰਸ ਵਿੱਚ ਬੈਠਾ ਸੀ। ਜਵਾਬ ਉਸ ਨੇ ਇਹ ਦਿੱਤਾ ਕਿ ਉਹ ਸਾਡੀ ਐੱਨ ਆਰ ਆਈਜ਼ ਦੀ ਸਭਾ ਹੈ। ਮੈਂ ਫਿਰ ਪੁੱਛ ਲਿਆ ਕਿ ਇਸ ਐੱਨ ਆਰ ਆਈ ਸਭਾ ਵਿੱਚ ‘ਆਈ’ ਸ਼ਬਦ ਇੰਡੀਆ ਦਾ ਹੈ, ਜਦੋਂ ਤੁਸੀਂ ਹਿੰਦੁਸਤਾਨ, ਭਾਰਤ ਅਤੇ ਇੰਡੀਆ ਨਾਲ ਕੋਈ ਜੋੜ ਨਹੀਂ ਰੱਖਣਾ ਤਾਂ ਇਹ ਸਭਾ ਵੀ ਤੁਹਾਡੀ ਕਿਵੇਂ ਹੋ ਗਈ? ਇਸ ਪੜਾਅ ਉੱਤੇ ਆ ਕੇ ਉਹ ‘ਅਕਲ ਦੀ ਪੁੜੀ’ ਵਰਗੀ ਗਰਮ ਭਾਸ਼ਾ ਬੋਲ ਕੇ ਲਾਈਨ ਕੱਟ ਗਿਆ, ਪਰ ਕਈ ਸਵਾਲ ਸਾਡੇ ਲਈ ਛੱਡ ਗਿਆ।
ਸਾਡੇ ਲਈ ਸੌ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਸੱਚਮੁੱਚ ਸਿੱਖਾਂ ਦਾ ਹਿੰਦੁਸਤਾਨ ਨਾਲ ਕੋਈ ਸੰਬੰਧ ਨਹੀਂ ਰਹਿੰਦਾ? ਕੀ ਸਿੱਖਾਂ ਨੂੰ ਇਹ ਗੱਲ ਵੀ ਚੇਤੇ ਨਹੀਂ ਰਹਿ ਗਈ ਕਿ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਸ਼ਹੀਦੀ ਦੇਣ ਵਾਲੇ ਨੌਵੇਂ ਗੁਰੂ ਸਾਹਿਬ ਨੂੰ ਅੱਜ ਵੀ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ? ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਦੋ ਤਖਤ ਵੀ ਪੰਜਾਬ ਤੋਂ ਬਾਹਰ ਹਨ। ਸਿੱਖ ਤੋਂ ਸਿੰਘ ਬਣਾ ਕੇ ਨਵੀਂ ਦਿੱਖ ਦੇਣ ਵਾਲੇ ਤੇ ਆਪਣੇ ਚੇਲਿਆਂ ਅੱਗੇ ਆਪ ਹੱਥ ਜੋੜ ਕੇ ‘ਆਪੇ ਗੁਰ ਚੇਲਾ’ ਵਾਲੀ ਨਵੀਂ ਰੀਤ ਤੋਰਨ ਵਾਲੇ ਦਸਵੇਂ ਗੁਰੂ ਸਾਹਿਬ ਦਾ ਜਨਮ ਅਸਥਾਨ ਵੀ ਪੰਜਾਬ ਵਿੱਚ ਨਹੀਂ, ਬਿਹਾਰ ਦੀ ਰਾਜਧਾਨੀ ਪਟਨੇ ਵਿੱਚ ਹੈ ਤੇ ਅੰਤਮ ਅਸਥਾਨ ਹਜ਼ੂਰ ਸਾਹਿਬ ਵੀ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਵਿੱਚ ਹੈ। ਸਿੱਖਾਂ ਦੀ ਮਾਨਸਿਕਤਾ ਨੂੰ ਇੱਕ ਮਧਾਣੀ ਫੇਰ ਕੇ ਇਹ ਕਿਹਾ ਜਾ ਰਿਹਾ ਹੈ ਕਿ ‘ਆਪਣਾ ਘਰ’ ਅਸੀਂ ਭਾਰਤ ਤੋਂ ਵੱਖਰਾ ਬਣਾਉਣਾ ਹੈ। ਮਾਨਸਿਕਤਾ ਦੇ ਦੂਸਰੇ ਗੇੜ ਵਿੱਚ ਗੱਲ ਏਥੇ ਆ ਜਾਂਦੀ ਹੈ ਕਿ ਹੁਣ ਅਰਦਾਸ ਵਿੱਚ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਨੂੰ ਪੰਥ ਤੋਂ ਵਿਛੋੜੇ ਜਾਣ ਤੇ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਅਰਦਾਸ ਕਰਨ ਵਾਲੇ ਸਿੱਖਾਂ ਨੂੰ ਫਿਰ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਨਾਲ ਪਟਨਾ ਸਾਹਿਬ, ਹਜ਼ੂਰ ਸਾਹਿਬ ਤੇ ਦਿੱਲੀ ਦੇ ਸੀਸ ਗੰਜ ਸਾਹਿਬ ਦੇ ਬਾਰੇ ਇਹੋ ਅਰਜ਼ੋਈ ਕਰਨੀ ਪਵੇਗੀ। ਇਸ ਬਾਰੇ ਸਵਾਲ ਪੁੱਛਿਆ ਜਾਵੇ ਤਾਂ ਸਾਧਾਰਨ ਸਿੱਖ ਜਵਾਬ ਦੇਣ ਦੀ ਸਥਿਤੀ ਵਿੱਚ ਨਹੀਂ, ਕਿਉਂਕਿ ਉਨ੍ਹਾਂ ਦੇ ਮਾਰਗ-ਦਰਸ਼ਕ ਆਪ ਹੀ ਇਸ ਬਾਰੇ ਸਪੱਸ਼ਟ ਨਹੀਂ। ਸਿੱਖਾਂ ਵਿੱਚ ਇਸ ਤਰ੍ਹਾਂ ਦੀ ਸਥਿਤੀ ਦਾ ਜਿਹੜਾ ਘਚੋਲਾ ਪੈਦਾ ਕੀਤਾ ਜਾ ਰਿਹਾ ਹੈ, ਉਸ ਵਿੱਚ ਦੂਸਰੇ ਧਰਮਾਂ ਵੱਲ ਸਹਿਣਸ਼ੀਲਤਾ ਨੂੰ ਖੋਰਾ ਲੱਗਦਾ ਦਿਖਾਈ ਦੇਂਦਾ ਹੈ। ਇਸ ਮਾਨਸਿਕਤਾ ਵਾਲੇ ਲੋਕਾਂ ਲਈ ਹਰ ਹਿੰਦੂ ਇੱਕੋ ਜਿਹਾ ਹੈ ਅਤੇ ਉਹ ਇਹ ਗੱਲ ਵੀ ਨਹੀਂ ਜਾਣਦੇ ਕਿ ਹੱਥ-ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੋਂ ਬਾਅਦ ਛਪਾਈ ਵਾਲੀ ਬੀੜ ਦਾ ਆਗਾਜ਼ ਕਿੱਥੋਂ ਹੋਇਆ ਸੀ? ਲਾਹੌਰ ਸ਼ਹਿਰ ਜਦੋਂ ਅੰਗਰੇਜ਼ੀ ਰਾਜ ਵਿੱਚ ਆਇਆ ਤਾਂ 1850 ਵਿੱਚ ਓਥੇ ਪਹਿਲੀ ਪ੍ਰਿੰਟਿੰਗ ਪ੍ਰੈੱਸ ਲੱਗੀ ਸੀ, ਜਿਸ ਦਾ ਨਾਂਅ ਕੋਹੇਨੂਰ ਪ੍ਰੈੱਸ ਸੀ ਅਤੇ ਇਸੇ ਨੇ 1864-65 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਛਾਪੀ ਹੋਈ ਬੀੜ ਸਿੱਖ ਪੰਥ ਲਈ ਤਿਆਰ ਕਰਨ ਦੀ ਸੇਵਾ ਕਮਾਈ ਸੀ, ਜਿਸ ਦੇ ਮਾਲਕ ਦਾ ਨਾਂਅ ਲਾਲਾ ਹਰਸੁਖ ਰਾਏ ਸੀ। ਉਸ ਵਕਤ ਪੰਜਾਬ ਵਿੱਚ ਸਿੱਖ ਸਰਦਾਰਾਂ ਦੀ ਕਮੀ ਨਹੀਂ ਸੀ। ਰਾਜ ਬਦਲਦੇ ਸਾਰ ਅੰਗਰੇਜ਼ਾਂ ਦੀ ਸੇਵਾ ਵਿੱਚ ਲੱਗ ਗਏ ਇਨ੍ਹਾਂ ਸਿੱਖਾਂ ਵਿੱਚ ਰਾਜੇ ਤੇ ਮਹਾਰਾਜੇ ਵੀ ਸਨ ਅਤੇ ਵਫਾਦਾਰੀ ਬਦਲਣ ਨਾਲ ਮਿਲੀਆਂ ਜਗੀਰਾਂ ਦੇ ਮਾਲਕ ਵੀ, ਪਰ ਸਿੱਖਾਂ ਲਈ ਛਾਪੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦਾ ਉੱਦਮ ਉਸ ਹਿੰਦੂ ਨੇ ਕੀਤਾ ਸੀ। ਇਤਿਹਾਸ ਵਿੱਚ ਏਦਾਂ ਦੀਆਂ ਕਈ ਗੱਲਾਂ ਹਨ, ਜਿਨ੍ਹਾਂ ਦਾ ਸਿੱਖਾਂ ਨੂੰ ਪਤਾ ਹੀ ਨਹੀਂ। ਸਿੱਖ ਮਾਨਸਿਕਤਾ ਹਾਲੇ ਦੋ ਹੋਰ ਧਾਰਨਾਵਾਂ ਉੱਤੇ ਵੀ ਅੜੀ ਹੋਈ ਹੈ। ਪਹਿਲੀ ਇਹ ਕਿ ਸਾਡੇ ਮੂਹਰੇ ਬੋਲਣ ਦੀ ਕੋਈ ਹਿੰਮਤ ਨਹੀਂ ਕਰ ਸਕਦਾ ਤੇ ਦੂਸਰੀ ਇਹ ਕਿ ਜਿਸ ਨਾਲ ਸਾਡੀ ਸੋਚ ਨਹੀਂ ਮਿਲਦੀ, ਉਸ ਨੂੰ ਅਸੀਂ ਸੋਧਾ ਲਾ ਸਕਦੇ ਹਾਂ। ਇਹ ਦੋਵੇਂ ਧਾਰਨਾਵਾਂ ਗਲਤ ਹਨ ਤੇ ਇਸ ਲਈ ਗਲਤ ਹਨ ਕਿ ਇਸ ਸੋਚ ਵਾਲੇ ਲੋਕਾਂ ਨੇ ਗੁਰਬਾਣੀ ਨੂੰ ਪੜ੍ਹਨ ਦੀ ਖੇਚਲ ਨਹੀਂ ਕੀਤੀ। ਗੁਰਬਾਣੀ ਵਿੱਚ ਇਸ ਬਾਰੇ ਦੋ ਬਹੁਤ ਉੱਤਮ ਸੇਧਾਂ ਹਨ। ਪਹਿਲੀ ਇਹ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ‘ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ, ਕਿਛੁ ਕਹੀਐ’। ਉਨ੍ਹਾ ਨੇ ਇਸ ਵਿੱਚ ਬਹੁਤ ਸੋਚ ਕੇ ‘ਕਿਛੁ ਸੁਣੀਐ’ ਨੂੰ ‘ਕਿਛੁ ਕਹੀਐ’ ਤੋਂ ਪਹਿਲਾਂ ਰੱਖਿਆ ਸੀ। ਜਿਹੜੇ ਗੁਰੂ ਸਾਹਿਬ ਨੇ ਸਿੱਧ ਯੋਗੀਆਂ ਨਾਲ ਜਾ ਕੇ ਗੋਸ਼ਟੀ ਕੀਤੀ ਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਅਸਲੀ ਮਾਰਗ ਦੱਸ ਕੇ ਆਏ ਸਨ, ਉਸ ਗੁਰੂ ਸਾਹਿਬ ਦੇ ਸਿੱਖ ਹੁਣ ਇਸ ਸੋਚ ਉੱਤੇ ਆ ਗਏ ਹਨ ਕਿ ਆਪਣੀ ਕਹਿਣੀ ਹੈ, ਕਿਸੇ ਦੀ ਸੁਣਨੀ ਨਹੀਂ। ਦੂਸਰੀ ਸਿੱਖਿਆ ਵੀ ਏਸੇ ਤਰ੍ਹਾਂ ਦੇ ਮਹੱਤਵ ਵਾਲੀ ਹੈ। ਹਰ ਕਿਸੇ ਨੂੰ ਸੋਧਾ ਲਾਉਣ ਦੀ ਧੌਂਸ ਦੇਣ ਵਾਲਿਆਂ ਨੂੰ ਸਮਾਂ ਕੱਢ ਕੇ ਕਦੀ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹਨ ਅਤੇ ਵਿਚਾਰਨ ਦੀ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ਵਿੱਚ ਸੋਲ੍ਹਵੇਂ ਸਲੋਕ ਵਿੱਚ ਇਹ ਉਪਦੇਸ਼ ਹੈ: ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’। ਗੁਰੂ ਸਾਹਿਬ ਨੇ ਏਥੇ ਫਿਰ ਇਹ ਗੱਲ ਪਹਿਲਾਂ ਕਹੀ ਹੈ ਕਿ ਅਸੀਂ ਕਿਸੇ ਨੂੰ ਭੈਅ ਨਹੀਂ ਦੇਂਦੇ, ਕਿਸੇ ਨੂੰ ਡਰਾਉਂਦੇ ਨਹੀਂ ਤੇ ਇਸ ਦੇ ਬਾਅਦ ਲਿਖਿਆ ਹੈ ਕਿ ਜੇ ਕੋਈ ਡਰਾਵੇਗਾ ਤਾਂ ਅਸੀਂ ਕਿਸੇ ਦਾ ਭੈਅ ਮੰਨਦੇ ਵੀ ਨਹੀਂ, ਕਿਸੇ ਤੋਂ ਡਰਦੇ ਵੀ ਨਹੀਂ। ਸਿਰਫ ਮੱਥੇ ਟੇਕਣ ਦੇ ਰੁਝਾਨ ਦਾ ਸ਼ਿਕਾਰ ਹੁੰਦੇ ਜਾ ਰਹੇ ਸਿੱਖ ਇਨ੍ਹਾਂ ਗੱਲਾਂ ਬਾਰੇ ਸੋਚਣ ਦਾ ਵਕਤ ਹੀ ਨਹੀਂ ਕੱਢਦੇ। ਕਿਉਂਕਿ ਸਿੱਖ ਹੁਣ ਆਪ ਪੜ੍ਹ ਕੇ ਵਿਚਾਰ ਕਰਨ ਦੀ ਰਿਵਾਇਤ ਛੱਡ ਬੈਠੇ ਹਨ ਅਤੇ ਪੜ੍ਹਿਆ-ਪੜ੍ਹਾਇਆ ਲੈ ਕੇ, ਅਮਰੀਕਾ-ਕੈਨੇਡਾ ਬੈਠੇ ਹੋਏ ਅੰਮ੍ਰਿਤਸਰ ਵਿੱਚ ਆਖੰਡ ਪਾਠ ਬੁੱਕ ਕਰਵਾ ਕੇ ਉਸ ਦਾ ਫਲ ਚਾਹੁੰਦੇ ਹਨ, ਸਿੱਖ ਆਗੂ ਇਸ ਤਰ੍ਹਾਂ ਦੀ ਸਿੱਖ ਮਾਨਸਿਕਤਾ ਪੈਦਾ ਕਰਨ ਤੇ ਇਸ ਦਾ ਲਾਭ ਲੈਣ ਲੱਗ ਪਏ ਹਨ। ਕਈ ਸਿੱਖ ਆਗੂ ਹੁਣ ਪੰਥ ਨੂੰ ਹਿੰਦੂ ਧਰਮ ਤੋਂ ਤੇ ਕੁਝ ਹੋਰ ਧਰਮਾਂ ਤੋਂ ਖਤਰਾ ਦੱਸਦੇ ਹਨ, ਪਰ ਸਿੱਖਾਂ ਵਿੱਚ ਛੁਪੇ ਹੋਏ ਜਿਹੜੇ ਰਾਜਸੀ ਤੇ ਧਾਰਮਿਕ ਆਗੂਆਂ ਤੋਂ ਵੱਧ ਖਤਰਾ ਹੈ, ਉਨ੍ਹਾਂ ਬਾਰੇ ਸਿੱਖ ਕਦੇ ਜਾਣ ਹੀ ਨਹੀਂ ਸਕੇ। ਪੰਜਾਬ ਦੇ ਮੌਜੂਦਾ ਰਾਜਸੀ ਮੋੜ ਉੱਤੇ ਵੀ ਰਾਜਨੀਤੀ ਦੀ ਕਿਸੇ ਧਿਰ ਨੂੰ ਸਿੱਖਾਂ ਵਿੱਚ ਇਹੋ ਜਿਹੀ ਗੋਤ-ਕੁਨਾਲਾ ਮਾਨਸਿਕਤਾ ਦੀ ਲੋੜ ਹੈ। ਇਸ ਬਾਰੇ ਜਾਣਨ ਲਈ ਪੁਲੀਟੀਕਲ ਸਾਇੰਸ ਦੀਆਂ ਕਿਤਾਬਾਂ ਫੋਲਣ ਦੀ ਲੋੜ ਨਹੀਂ, ਪਿਛਲੇ ਇੱਕ ਸਾਲ ਦੀਆਂ ਕਦੇ ਕੇਂਦਰ ਦੇ ਖਿਲਾਫ ਤੇ ਕਦੇ ਕੇਂਦਰ ਦੇ ਨਾਲ ਰਹਿਣ ਦੀਆਂ ਖਬਰਾਂ ਤੇ ਭਾਸ਼ਣਾਂ ਤੋਂ ਆਰਾਮ ਨਾਲ ਸਮਝ ਆ ਸਕਦੀ ਹੈ।