ARTICLES

ਪੰਜਾਬ ਦੀ ਸਭਿਆਚਾਰਕ ਨੀਤੀ: ਕੀ ਹੋਵੇ ਦਸ਼ਾ ਤੇ ਦਿਸ਼ਾ

  • ਡਾ. ਬਲਦੇਵ ਸਿੰਘ ਧਾਲੀਵਾਲ

ਸਭਿਆਚਾਰ ਬਹੁਤ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ। ਕਿਸੇ ਸਮਾਜਿਕ ਸਮੂਹ ਦੀਆਂ ਕਦਰਾਂ-ਕੀਮਤਾਂ ਅਤੇ ਜੀਵਨ-ਵਿਹਾਰ ਨਾਲ ਸਬੰਧਿਤ ਸਾਰਾ ਕੁਝ ਹੀ ਇਸ ਦੇ ਘੇਰੇ ਵਿੱਚ ਸਮਾਅ ਜਾਂਦਾ ਹੈ। ਇਸੇ ਲਈ ਵਿਦਵਾਨਾਂ ਵੱਲੋਂ ਦਿੱਤੀਆਂ ਗਈਆਂ ਅਨੇਕ ਪਰਿਭਾਸ਼ਾਵਾਂ ਨਾਲ ਵੀ ਜਦੋਂ ਇਸ ਸੰਕਲਪ ਦਾ ਸਭ ਕੁਝ ਆਪਣੇ ਕਲਾਵੇ ਲਿਆ ਸਕਣਾ ਸੰਭਵ ਨਹੀਂ ਹੁੰਦਾ ਤਾਂ ਅੰਤ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਸ ਸਮਾਜਿਕ ਸਮੂਹ ਦੀ ਸਮੁੱਚੀ ਜੀਵਣ-ਜਾਚ ਹੀ ਉਸਦਾ ਸਭਿਆਚਾਰ ਹੁੰਦੀ ਹੈ। ਸਭਿਆਚਾਰ ਬਾਰੇ ਸਰਕਾਰੀ ਨੀਤੀ ਬਣਾਉਣ ਦਾ ਅਜੋਕਾ ਵਰਤਾਰਾ ਆਧੁਨਿਕ ਲੋਕਰਾਜੀ ਪ੍ਰਬੰਧ ਦੀ ਦੇਣ ਹੈ। ਇਸ ਵਰਤਾਰੇ ਦੇ ਹੋਂਦ ਵਿੱਚ ਆਉਣ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵੇਂ ਤਰ੍ਹਾਂ ਦੇ ਹੀ ਪ੍ਰੇਰਕ ਹਨ। ਹਾਂ-ਪੱਖੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਉਪਰਾਲਾ ਸਭਿਆਚਾਰਕ ਭਿੰਨਤਾ ਵਾਲੇ ਹਰੇਕ ਸਮਾਜਿਕ ਸਮੂਹ ਦੀ ਮੁੱਲਵਾਨ ਵਿਰਾਸਤ ਦੀ ਸਾਂਭ-ਸੰਭਾਲ ਕਰਨ ਅਤੇ ਉਸਦੀ ਗੁਣਵੱਤਾ ਨੂੰ ਦੂਸਰੇ ਸਮੂਹਾਂ ਤੱਕ ਲੈ ਕੇ ਜਾਣ ਨਾਲ ਸਬੰਧਿਤ ਹੁੰਦਾ ਹੈ। ਇਸ ਉਪਰਾਲੇ ਪਿੱਛੇ ਇਹ ਭਾਵਨਾ ਕੰਮ ਕਰਦੀ ਹੁੰਦੀ ਹੈ ਕਿ ਹਰੇਕ ਸਮਾਜਿਕ ਸਮੂਹ ਦੇ ਕੋਲ ਬਹੁਤ ਸਾਰੀਆਂ ਅਜਿਹੀਆਂ ਕਦਰਾਂ-ਕੀਮਤਾਂ ਹੁੰਦੀਆਂ ਹਨ ਜਿਹੜੀਆਂ ਆਪਣੇ ਉਦਾਰ ਰੂਪ ਕਰਕੇ ਸਰਬੱਤ ਦਾ ਭਲਾ ਕਰਨ ਵਾਲੀਆਂ ਸਿੱਧ ਹੁੰਦੀਆਂ ਹਨ। ਪੰਜਾਬ ਦੇ ਸੰਦਰਭ ਵਿੱਚ ਵੇਖਣਾ ਹੋਵੇ ਤਾਂ ਬਹੁਗਿਣਤੀ ਸਿੱਖਾਂ ਅਤੇ ਹਿੰਦੂਆਂ ਵਾਂਗ ਹੀ ਬਹੁਤ ਘੱਟ ਗਿਣਤੀ ਮੁਸਲਿਮ ਭਾਈਚਾਰੇ ਦਾ ਵਿਲੱਖਣ ਸਭਿਆਚਾਰਕ ਯੋਗਦਾਨ ਪ੍ਰਤੱਖ ਨਜ਼ਰ ਆਉਣ ਲੱਗ ਜਾਵੇਗਾ। ਨਾਂਹ-ਪੱਖੀ ਅਰਥਾਂ ਵਿੱਚ ਵੇਖੀਏ ਤਾਂ ਇਹ ਦਲੀਲ ਵੀ ਕੋਈ ਘੱਟ ਵਜ਼ਨ ਵਾਲੀ ਨਹੀਂ ਕਿ ਸਥਾਪਤੀ ਵੱਲੋਂ ਅਜਿਹੀਆਂ ਨੀਤੀਆਂ ਆਮ ਲੋਕਾਂ ਦੀਆਂ ਪ੍ਰਤੀਰੋਧੀ ਸੁਰਾਂ ਨੂੰ ਦਬਾਉਣ ਜਾਂ ਆਪਣੇ ਹੱਕ ਵਿੱਚ ਇਸਤੇਮਾਲ ਕਰਨ ਲਈ ਬਣਾਈਆਂ ਜਾਂਦੀਆਂ ਹਨ। ਅਜਿਹੀ ਜੁਗਤ ਨਾਲ ਸਰਕਾਰਾਂ ਆਪਣੀ ਚੌਧਰ ਨੂੰ ਚਿਰਸਥਾਈ ਬਣਾਉਣ ਵਿੱਚ ਸਫ਼ਲ ਹੁੰਦੀਆਂ ਹਨ। ਸਿੱਟੇ ਵਜੋਂ ਸਥਾਪਤੀ-ਪੱਖੀ ਚਾਪਲੂਸ ਕਿਸਮ ਦੇ ਕਲਾਕਾਰਾਂ ਅਤੇ ਚਿੰਤਕਾਂ ਨੂੰ ਕਲਾ ਸੰਸਥਾਵਾਂ ਦੇ ਅਹੁਦੇ ਬਖ਼ਸ਼ ਕੇ ਉਨ੍ਹਾਂ ਨੂੰ ਮਨ-ਇੱਛਤ ਢੰਗ ਨਾਲ ਇਸਤੇਮਾਲ ਕਰਨ ਲਈ ਰਾਹ ਪੱਧਰਾ ਕੀਤਾ ਜਾਂਦਾ ਹੈ। ਇਸ ਲਈ ਅਜਿਹੀਆਂ ਖਰਚੀਲੀਆਂ ਸੰਸਥਾਵਾਂ ਨੂੰ ਵਿਅੰਗ ਨਾਲ ‘ਚਿੱਟੇ ਹਾਥੀ‘ ਕਿਹਾ ਜਾਂਦਾ ਹੈ। ਹਰੇਕ ਦੇਸ਼ ਅਤੇ ਪ੍ਰਾਂਤ ਨੇ ਐਲਾਨੇ ਜਾਂ ਅਣਐਲਾਨੇ ਰੂਪ ਵਿੱਚ ਸਭਿਆਚਾਰ ਬਾਰੇ ਨੀਤੀ ਬਣਾਈ ਹੀ ਹੁੰਦੀ ਹੈ, ਮਸਲਾ ਸਿਰਫ਼ ਉਸਨੂੰ ਨਵੀਆਂ ਚੁਣੌਤੀਆਂ ਨਾਲ ਨਜਿੱਠ ਸਕਣ ਦੇ ਕਾਬਿਲ ਬਣਾਈ ਰੱਖਣ ਦਾ ਹੁੰਦਾ ਹੈ। ਅਜਿਹਾ ਉਸ ਸੂਰਤ ਵਿੱਚ ਹੀ ਹੁੰਦਾ ਹੈ ਜੇ ਸਰਕਾਰ ਦੀ ਨਿਆਂ ਦੇਣ ਦੀ ਇੱਛਾ-ਸ਼ਕਤੀ ਮਜ਼ਬੂਤ ਅਤੇ ਨੀਅਤ ਸਾਫ਼ ਹੋਵੇ। ਪੰਜਾਬ ਸਰਕਾਰ ਵੀ ਹੁਣ ਸੁਚੇਤ ਪੱਧਰ ਉਤੇ ਇਸ ਦਿਸ਼ਾ ਵੱਲ ਅੱਗੇ ਵਧਣ ਦਾ ਯਤਨ ਕਰ ਰਹੀ ਹੈ। ਵਿਸ਼ਵੀਕਰਨ ਅਤੇ ਨਵਬਸਤੀਵਾਦ ਦੇ ਅਜੋਕੇ ਦੌਰ ਵਿੱਚ ਪੰਜਾਬੀ ਸਭਿਆਚਾਰ ਦੇ ਸਾਹਮਣੇ ਨਵੀਆਂ ਵੰਗਾਰਾਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਨਾਲ ਪੰਜਾਬੀ ਸਭਿਆਚਾਰ, ਕਲਾਵਾਂ, ਸਾਹਿਤ, ਭਾਸ਼ਾ ਅਤੇ ਵਿਰਾਸਤੀ ਇਮਾਰਤਸਾਜ਼ੀ ਦੀ ਹੋਂਦ ਲਈ ਖਤਰੇ ਖੜੇ ਹੋਣ ਲੱਗ ਪਏ ਹਨ। ਪੰਜਾਬੀ ਭਾਸ਼ਾ ਦੇ ਅਗਲੇ ਚਾਲੀ-ਪੰਜਾਹ ਸਾਲਾਂ ਵਿੱਚ ਖਤਮ ਹੋ ਜਾਣ ਦੀ ਗੱਲ ਤਾਂ ਹਰੇਕ ਮੰਚ ਤੋਂ ਦੁਹਰਾਈ ਜਾਣ ਲੱਗੀ ਹੈ। ਅਸੀਂ ਸਭ ਜਾਣਦੇ ਹਾਂ ਕਿ ਭਾਸ਼ਾ ਹੀ ਸਭਿਆਚਾਰ ਦੀ ਚੂਲ ਹੁੰਦੀ ਹੈ। ਇਸ ਲਈ ਪੰਜਾਬੀ ਲੋਕ ਆਪਣੀ ਸਭਿਆਚਾਰਕ ਪਛਾਣ ਗੁਆਚਣ ਦੇ ਸਹਿਮ ਦੀ ਸਥਿਤੀ ਵਿੱਚੋਂ ਲੰਘ ਰਹੇ ਹਨ। ਵੱਖ ਵੱਖ ਮੰਚਾਂ ਰਾਹੀਂ ਉਹ ਇਹ ਆਵਾਜ਼ ਉਠਾਉਣ ਲੱਗੇ ਹਨ ਕਿ ਉਨ੍ਹਾਂ ਤੋਂ ਟੈਕਸਾਂ ਰਾਹੀਂ ਉਗਰਾਹੀ ਜਾਂਦੀ ਰਾਸ਼ੀ ਵਿੱਚੋਂ ਕੁਝ ਪੈਸਾ ਸਰਕਾਰਾਂ ਨੂੰ ਪੰਜਾਬੀ ਸਭਿਆਚਾਰ ਦੇ ਵਿਕਾਸ ਅਤੇ ਪ੍ਰਚਾਰ-ਪ੍ਰਸਾਰ ਲਈ ਰਾਖਵਾਂ ਰੱਖਣਾ ਚਾਹੀਦਾ ਹੈ। ਇਸ ਦੇ ਨਾਲ਼ ਨਾਲ਼ ਇਹ ਦਬਾਅ ਵੀ ਪਾਇਆ ਜਾਣ ਲੱਗਿਆ ਹੈ ਕਿ ਪੰਜਾਬ ਦੀ ਸਭਿਆਚਾਰ ਬਾਰੇ ਨੀਤੀ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਬਣਾਇਆ ਜਾਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਦੌਰਾਨ ਜ਼ਬਰਦਸਤ ਸਫ਼ਲਤਾ ਹਾਸਲ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ, ਜਿਵੇਂ ‘ਅੰਗਰੇਜ਼’, ‘ਲਵ-ਪੰਜਾਬ’, ‘ਅਰਦਾਸ’, ‘ਜੱਟ ਤੇ ਜੂਲੀਅਟ’, ‘ਬੰਬੂਕਾਟ’, ‘ਰੱਬ ਦਾ ਰੇਡੀਓ’, ‘ਮੰਜੇ ਬਿਸਤਰੇ’ ਆਦਿ ਵਿੱਚ ਪੰਜਾਬ ਦੇ ਪੇਂਡੂ ਸਭਿਆਚਾਰ ਨੂੰ ਵਿਸ਼ਾ ਬਣਾਇਆ ਗਿਆ ਜੋ ਇਹ ਸਿੱਧ ਕਰਨ ਲਈ ਕਾਫ਼ੀ ਹੈ ਕਿ ਨਵੇਂ-ਪੁਰਾਣੇ ਪੰਜਾਬੀ ਸਭਿਆਚਾਰ ਨੂੰ ਲੋਕ ਉਮਾਹ ਨਾਲ ਵੇਖਣਾ ਅਤੇ ਮਾਨਣਾ ਚਾਹੁੰਦੇ ਹਨ। ਇਸ ਮਾਧਿਅਮ ਨੂੰ ਹੋਰ ਵਿਕਸਤ ਕਰਨ ਲਈ ਪੰਜਾਬ ਵਿੱਚ ਫ਼ਿਲਮ ਸਿਟੀ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਇਸ ਵਕਤ ਸੰਸਾਰ ਦੇ ਸਮੁੱਚੇ ਪੰਜਾਬੀਆਂ ਦੀ ਸਭ ਤੋਂ ਵੱਡੀ ਚਿੰਤਾ ਇਹ ਵੀ ਹੈ ਕਿ ਨਵੀਂ ਪੀੜ੍ਹੀ ਆਪਣੇ ਸਭਿਆਚਾਰ ਦੇ ਸਮੂਹ ਰੂਪਾਂ, ਵਿਸ਼ੇਸ਼ ਕਰਕੇ ਭਾਸ਼ਾ ਤੋਂ ਹੀ ਟੁੱਟਦੀ ਜਾ ਰਹੀ ਹੈ। ਇਸ ਲਈ ਪੰਜਾਬੀ ਸਭਿਆਚਾਰ ਨੂੰ ਸਕੂਲੀ ਸਿੱਖਿਆ ਦਾ ਅੰਗ ਬਣਾ ਕੇ ਬੱਚਿਆਂ ਨੂੰ ਆਪਣੀ ਪੰਜਾਬੀ ਪਛਾਣ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਪੰਜਾਬੀ ਪਛਾਣ ਨਾਲ  ਮੋਹ ਦਾ ਰਿਸ਼ਤਾ ਕਾਇਮ ਕਰ ਸਕਣ ਕਿਉਂਕਿ ਸਭਿਆਚਾਰ ਦਾ ਆਧਾਰ ਭਾਸ਼ਾ ਹੀ ਹੁੰਦੀ ਹੈ, ਇਸ ਲਈ ਪੰਜਾਬੀ ਭਾਸ਼ਾ ਨੂੰ ਸਕੂਲੀ ਸਿੱਖਿਆ ਦਾ ਸਹੀ ਅਰਥਾਂ ਵਿੱਚ ਮਾਧਿਅਮ ਬਣਾ ਕੇ ਵਧੀਆ ਸਿੱਟੇ ਨਿਕਲ ਸਕਦੇ ਹਨ।
ਪੰਜਾਬੀ ਸਭਿਆਚਾਰ ਦੇ ਗੌਰਵ ਦਾ ਪ੍ਰਤੀਕ ਜਾਂ ਆਈਕੌਨ ਬਣ ਚੁੱਕੇ ਵਿਅਕਤੀਆਂ ਅਤੇ ਇਤਿਹਾਸਕ ਘਟਨਾਵਾਂ ਬਾਰੇ ਭਾਵੇਂ ਪਹਿਲਾਂ ਹੀ ਪੰਜਾਬ ਦੇ ਲੋਕ ਸੁਭਾਵਿਕ ਰੂਪ ਵਿੱਚ ਬਹੁਤ ਸਾਰੀਆਂ ਥਾਵਾਂ ਅਤੇ ਸੰਸਥਾਵਾਂ ਨੂੰ ਮਾਨਤਾ ਦੇ ਚੁੱਕੇ ਹਨ ਪਰ ਉਨ੍ਹਾਂ ਦੀ ਵਿੱਤੀ ਮੱਦਦ ਅਤੇ ਸੇਧ ਰਾਹੀਂ ਉਨ੍ਹਾਂ ਸੰਸਥਾਵਾਂ ਨੂੰ ਅਜੋਕੇ ਸਮਿਆਂ ਦਾ ਹਾਣੀ ਬਣਾਇਆ ਜਾ ਸਕਦਾ ਹੈ। ਮਿਸਾਲ ਵਜੋਂ ਪੰਜਾਬੀ ਗਾਇਕੀ ਦੇ ਗੜ੍ਹ ਰਹੇ ਲੁਧਿਆਣਾ ਵਿੱਚ ਇਸ ਕਲਾ ਵੰਨਗੀ ਦੇ ਸਾਰੇ ਪੱਖਾਂ ਨਾਲ ਸਬੰਧਿਤ ਮਿਊਜ਼ੀਅਮ ਬਣਾਇਆ ਜਾ ਸਕਦਾ ਹੈ। ਪ੍ਰੀਤਨਗਰ, ਢੁੱਡੀਕੇ, ਜੈਤੋ, ਬਠਿੰਡਾ, ਮਰ੍ਹਾੜ ਆਦਿ ਸਥਾਨ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਬਲਵੰਤ ਗਾਰਗੀ ਤੇ ਬਾਬੂ ਸਿੰਘ ਮਾਨ ਦੀ ਯਾਦ ਦਿਵਾਉਣ ਵਾਲੇ ਹਨ। ਇਸੇ ਤਰ੍ਹਾਂ ਹੋਰ ਬਾਕੀ ਨਾਮਵਰ ਕਲਾਕਾਰਾਂ ਨਾਲ ਸਬੰਧਤ ਸਥਾਨਾਂ ਤੇ ਯਾਦਗਾਰੀ ਭਵਨ ਬਣਾਏ ਜਾ ਸਕਦੇ ਹਨ। ਇਹ ਸਥਾਨ ਮਿਊਜ਼ੀਅਮ, ਲਾਇਬ੍ਰੇਰੀ ਅਤੇ ਓਪਨ ਏਅਰ ਥੀਏਟਰ ਵਜੋਂ ਵੀ ਵਿਕਸਤ ਕੀਤੇ ਜਾ ਸਕਦੇ ਹਨ। ਅਜਿਹਾ ਕਰਕੇ ਆਮ ਲੋਕਾਂ ਨੂੰ ਆਪਣੇ ਸਭਿਆਚਾਰ ਦੇ ਵਿਕਾਸ ਵਿੱਚ ਭਾਈਵਾਲ ਬਣਨ ਦਾ ਮੌਕਾ ਦਿੱਤਾ ਜਾ ਸਕੇਗਾ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਖਿੱਚਿਆ ਜਾ ਸਕੇਗਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਪੰਜਾਬੀ ਸਭਿਆਚਾਰ ਦੇ ਖੋਜ ਕੇਂਦਰ ਵਜੋਂ ਵੀ ਵਿਕਸਤ ਕੀਤਾ ਜਾ ਸਕਦਾ ਹੈ, ਜਿਥੇ ਇਤਿਹਾਸ ਲਿਖਣ, ਕੌਫੀ ਟੇਬਲ ਪੁਸਤਕਾਂ ਤਿਆਰ ਕਰਨ ਅਤੇ ਸੈਲਾਨੀਆਂ ਲਈ ਸਹਾਇਕ ਕਿਤਾਬਚੇ ਲਿਖਾਉਣ ਵਰਗੇ ਕੰਮ ਨੇਪਰੇ ਚੜ੍ਹ ਸਕਦੇ ਹਨ।
ਪੰਜਾਬੀ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਸਭਿਆਚਾਰ ਉਦਯੋਗ ਜਿੱਥੇ ਵਰਦਾਨ ਬਣਿਆ ਹੈ, ਉਥੇ ਕੁਝ ਪੱਖਾਂ ਤੋਂ ਸਰਾਪ ਵੀ ਬਣਦਾ ਜਾ ਰਿਹਾ ਹੈ, ਜਿਸ ਨੂੰ ਅਨੁਸ਼ਾਸਿਤ ਕਰਨ ਲਈ ਸਰਕਾਰੀ ਨੇਮ-ਵਿਧਾਨ ਦੀ ਜ਼ਰੂਰਤ ਹੈ। ਫ਼ਿਲਮਾਂ, ਸੋਸ਼ਲ ਮੀਡੀਆ, ਟੀ.ਵੀ. ਚੈਨਲ, ਕਲਾ ਪ੍ਰਦਰਸ਼ਨੀਆਂ, ਰੰਗਮੰਚ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਵੱਡੀ ਭੂਮਿਕਾ ਨਿਭਾ ਰਹੇ ਹਨ। ਪਰ ਜਦੋਂ ਤੋਂ ਪੰਜਾਬੀ ਸਭਿਆਚਾਰ ਨੇ ਸਨਅਤ ਦਾ ਰੂਪ ਲੈਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਇਹ ਵੱਡੇ ਪੱਧਰ ਉਤੇ ਉਪਭੋਗੀ ਸਭਿਆਚਾਰ ਵਿੱਚ ਰੂਪਾਂਤਰਿਤ ਹੋਣ ਲੱਗ ਪਿਆ ਹੈ। ਮਿਸਾਲ ਵਜੋਂ ਟੀ.ਵੀ. ਚੈਨਲਾਂ ਨੇ ਬਾਕੀ ਸਭ ਕਲਾਵਾਂ ਵੱਲੋਂ ਪਾਸਾ ਵੱਟ ਕੇ ਕੇਵਲ ਪਾਪੂਲਰ ਗਾਇਕੀ ਰਾਹੀਂ ਵੱਧ ਤੋਂ ਵੱਧ ਮੁਨਾਫ਼ਾ ਖੱਟਣ ਉਤੇ ਟੇਕ ਰੱਖੀ ਹੋਈ ਹੈ। ਮਨੋਰੰਜਨ ਦੀ ਸਨਅਤ ਨਾਲ ਜੁੜੇ ਕਾਰੋਬਾਰੀਆਂ ਉਤੇ ਦਬਾਅ ਬਣਾਈ ਰੱਖਣ ਲਈ ਕੋਈ ਕਾਨੂੰਨੀ ਨੇਮ-ਵਿਧਾਨ ਤਿਆਰ ਕਰਨਾ ਅਜੋਕੇ ਦੌਰ ਦੀ ਵੱਡੀ ਲੋੜ ਹੈ।  ਲੋੜੀਂਦਾ ਕਾਨੂੰਨ ਪ੍ਰਬੰਧ ਅਮਲੀ ਰੂਪ ਵਿੱਚ ਲਾਗੂ ਹੋ ਜਾਵੇ ਤਾਂ ਮਨੋਰੰਜਨ ਨਾਲ ਜੁੜੀ ਪੰਜਾਬ ਦੀ ਰਵਾਇਤੀ ਦਸਤਕਾਰੀ ਲਈ ਵੀ ਜੀਣ-ਥੀਣ ਦੇ ਵੱਧ ਮੌਕੇ ਪੈਦਾ ਹੋ ਸਕਦੇ ਹਨ। ਮਿਸਾਲ ਵਜੋਂ ਧਨੌਲੇ ਵਿੱਚ ਲੱਕੜ-ਲੋਹੇ ਦੇ ਖਿਡਾਉਣੇ ਅਤੇ ਪੇਂਡੂ ਸਜਾਵਟੀ ਵਸਤਾਂ ਬਨਾਉਣ ਦਾ ਕਾਰੋਬਾਰ ਕਾਫੀ ਪ੍ਰਫੁੱਲਤ ਹੋ ਗਿਆ ਸੀ ਪਰ ਪੂੰਜੀਵਾਦੀ ਕਾਰਪੋਰੇਟ ਜਗਤ ਦੇ ਮਸ਼ੀਨੀ ਉਤਪਾਦਨ ਦੇ ਸਾਹਮਣੇ ਉਸ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹਨ।
ਵਿਸ਼ਵੀਕਰਨ ਦੀਆਂ ਫੇਟਾਂ ਦੇ ਬਾਵਜੂਦ ਪੰਜਾਬੀ ਸਭਿਆਚਾਰ ਦਾ ਬਹੁਤ ਕੁਝ ਅਜੇ ਸਿਰਫ਼ ਬਚਿਆ ਹੋਇਆ ਹੀ ਨਹੀਂ ਬਲਕਿ ਜੀਵੰਤ ਰੂਪ ਵਿੱਚ ਵਿਹਾਰਕ ਜ਼ਿੰਦਗੀ ਦਾ ਅੰਗ ਬਣਿਆ ਹੋਇਆ ਹੈ। ਇਸਦੀ ਸਾਂਭ-ਸੰਭਾਲ ਲਈ ਉਪਯੋਗੀ ਰੂਪ ਵਿੱਚ ਇਸ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਕੈਨੇਡਾ ਵਿਚਲੇ ਐਮਿਸ਼ ਵਿਲੇਜ ਨੂੰ ਮਾਡਲ ਵਜੋਂ ਲੈ ਕੇ ਕਿਸੇ ਪਿੰਡ ਜਾਂ ਇਲਾਕੇ ਨੂੰ ਜਿਉਂਦੇ-ਜਾਗਦੇ ਰੂਪ ਵਿੱਚ ਰਾਖਵਾਂ ਕਰ ਲੈਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਭਰ ਦੇ ਸੈਲਾਨੀ ਪੇਂਡੂ ਪੰਜਾਬ ਦੇ ਮਹਾਂਕਾਵਿਕ ਦ੍ਰਿਸ਼ ਨੂੰ ਜ਼ਿੰਦਗੀ ਦੀ ਵਿਸ਼ਾਲ ਕੈਨਵਸ ਉਤੇ ਚਿਤਰਿਆ ਜਾਂਦਾ ਵੇਖ ਸਕਣ।
ਪੰਜਾਬ ਦੀ ਸਭਿਆਚਾਰਕ ਸਿਮਰਤੀ ਵਿੱਚ ਇਤਿਹਾਸਕ ਯਾਦਾਂ ਦਾ ਇਕ ਵੱਡਾ ਭੰਡਾਰ ਹੈ। ਉਨ੍ਹਾਂ ਦੀ ਪੁਨਰ-ਸੁਰਜੀਤੀ ਸਾਡੇ ਆਪਣੇ ਭਵਿੱਖ ਦੇ ਸਰੋਕਾਰਾਂ ਲਈ ਵੀ ਲਾਹੇਵੰਦੀ ਹੈ ਅਤੇ ਵਿਸ਼ਵ ਦੇ ਹੋਰਨਾਂ ਲੋਕਾਂ ਲਈ ਵੀ ਇਹ ਹਮੇਸ਼ਾਂ ਖਿੱਚ ਦਾ ਕਾਰਨ ਬਣੀ ਰਹਿੰਦੀ ਹੈ। ਮਿਸਾਲ ਵਜੋਂ ਬਸਤੀਵਾਦੀ ਸਾਮਰਾਜ ਨਾਲ ਫੈਸਲਾਕੁਨ ਰੂਪ ’ਚ ਲੜੀਆਂ ਖ਼ਾਲਸਾ ਫੌਜ ਦੀਆਂ ਮਹਾਨ ਜੰਗਾਂ ਦੀਆਂ ਅਨੇਕਾਂ ਨਿਸ਼ਾਨੀਆਂ ਅਜੇ ਤੱਕ ਫਿਰੋਜ਼ਪੁਰ ਨੇੜਲੇ ਇਲਾਕੇ ਵਿੱਚ ਟੁੱਟੇ-ਭੱਜੇ ਅਤੇ ਖਿੰਡੇ-ਪੁੰਡੇ ਰੂਪ ਵਿੱਚ ਮਿਲ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਸਾਰੀਆਂ ਇਤਿਹਾਸਕ ਸਿਮਰਤੀਆਂ ਨੂੰ ਲਾਈਟ ਐਂਡ ਸਾਊਂਡ ਵਰਗੀਆਂ ਕਲਾ ਵੰਨਗੀਆਂ ਨਾਲ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ।
ਇਹ ਨਿਸਚਿਤ ਹੈ ਕਿ ਗੌਰਵਮਈ ਪੰਜਾਬੀ ਸਭਿਆਚਾਰ ਦੇ ਹਵਾਲੇ ਨਾਲ ਪੰਜਾਬ ਦੀਆਂ ਕਹਾਣੀਆਂ ਪੰਜਾਬੀਆਂ ਨੂੰ ਆਪ ਹੀ ਸੁਣਾਉਣੀਆਂ ਪੈਣੀਆਂ ਹਨ। ਕੋਈ ਵੀ ਹੋਰ ਇਸ ਕੰਮ ਨੂੰ ਪੰਜਾਬੀਆਂ, ਜਿਨ੍ਹਾਂ ਕੋਲ ਬਾਤ ਪਾਉਣ ਦਾ ਵਿਰਾਸਤੀ ਹੁਨਰ ਹੈ, ਤੋਂ ਵਧੀਆ ਨਹੀਂ ਕਰ ਸਕਦਾ। ਸਿਰਫ਼ ਆਪਣੀ ਪਛਾਣ ਨੂੰ ਬਚਾਉਣ ਲਈ ਹੀ ਨਹੀਂ ਬਲਕਿ ਦੂਜਿਆਂ ਵਾਸਤੇ ਰੋਲ ਮਾਡਲ ਬਣਨ ਲਈ ਆਪਣੇ ਸਭਿਆਚਾਰ ਨੂੰ ਵਿਧੀਵੱਤ ਢੰਗ ਨਾਲ ਵਿਕਸਿਤ ਕਰਨਾ ਪੰਜਾਬੀਆਂ ਲਈ ਅਜੋਕੇ ਸਮਿਆਂ ਦੀ ਸਭ ਤੋਂ ਵੱਡੀ ਵੰਗਾਰ ਹੈ। ਇਸ ਦਿਸ਼ਾ ਵੱਲ ਸਾਬਤਕਦਮੀ ਤੁਰਨ ਲਈ ਪੰਜਾਬ ਸਰਕਾਰ ਵੱਲੋਂ ਹਾਂ-ਪੱਖੀ ਅਤੇ ਨੇਕ-ਨੀਅਤ ਨਾਲ ਬਣਾਈ ਸਭਿਆਚਾਰ ਨੀਤੀ ਕ੍ਰਾਂਤੀਕਾਰੀ ਭੂਮਿਕਾ ਨਿਭਾ ਸਕਦੀ ਹੈ।