Home » FEATURED NEWS » ਪੰਜਾਬ ਵਾਸੀਆਂ ਲਈ ਅੱਜ ਦੀ ਰਾਤ ਖ਼ਤਰਨਾਕ
a

ਪੰਜਾਬ ਵਾਸੀਆਂ ਲਈ ਅੱਜ ਦੀ ਰਾਤ ਖ਼ਤਰਨਾਕ

ਚੰਡੀਗੜ੍ਹ : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅੰਦਰ ਲਗਾਤਾਰ ਹੋ ਰਹੀ ਬਾਰਸ਼ ਅਤੇ ਭਾਖੜਾ ਤੋਂ ਨਿਰੰਤਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਸੂਬੇ ਅੰਦਰ ਹੜ੍ਹ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਭਾਖੜਾ ਡੈਮ ਤੋਂ ਛੱਡੇ ਗਏ 2 ਲੱਖ 40 ਹਜ਼ਾਰ ਕਿਊਸਕ ਪਾਣੀ ਨੇ ਹੇਠਲੇ ਇਲਾਕਿਆਂ ਦੇ ਲੋਕਾਂ ਦੇ ਨੱਕ ‘ਚ ਦਮ ਕਰ ਦਿਤਾ ਹੈ। ਇਸ ਦੇ ਮਦੇਨਜ਼ਰ ਜਲੰਧਰ ਜ਼ਿਲ੍ਹੇ ਦੇ 81 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦੇ ਦਿਤੇ ਗਏ ਹਨ। ਫਿਲੌਰ ਅੰਦਰ ਵੀ 20 ਦੇ ਕਰੀਬ ਪਿੰਡਾਂ ਨੂੰ ਖ਼ਤਰਨਾਕ ਜ਼ੋਨ ‘ਚ ਰਖਿਆ ਗਿਆ ਹੈ। ਸੰਭਾਵਨਾ ਹੈ ਕਿ ਦੇਰ ਰਾਤ ਤਕ ਦਰਿਆ ਵਿਚ ਹੋਰ 1.50 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਸਕਦਾ ਹੈ ਜਿਸ ਕਾਰਨ ਪ੍ਰਸ਼ਾਸਨ ਵਲੋਂ ਦਰਿਆ ਕਿਨਾਰੇ ਵੱਸਦੇ ਪਿੰਡਾਂ ਨੂੰ ਲਗਾਤਾਰ ਖਾਲੀ ਕਰਵਾਇਆ ਜਾ ਰਿਹਾ ਹੈ। ਹੜ੍ਹ ਕਾਰਨ ਰੋਪੜ, ਲੁਧਿਆਣਾ, ਸ੍ਰੀ ਆਨੰਦਪੁਰ ਸਾਹਿਬ, ਨੰਗਲ, ਫ਼ਿਲੌਰ, ਸ਼ਾਹਕੋਟ, ਨਕੋਦਰ, ਮੋਗਾ, ਹੁਸ਼ਿਆਰਪੁਰ, ਮਾਛੀਵਾੜਾ ਇਲਾਕੇ ਦੇ ਦਰਜਨਾਂ ਪਿੰਡਾਂ ‘ਚ ਮੀਂਹ ਦਾ ਪਾਣੀ ਭਰ ਚੁੱਕਾ ਹੈ। ਪਾਣੀ ਨੇ ਫ਼ਸਲਾਂ ਬਰਬਾਦ ਕਰ ਕੇ ਰੱਖ ਦਿੱਤੀਆਂ ਹਨ। ਲੋਕਾਂ ਦੇ ਘਰਾਂ 2 ਤੋਂ 3 ਫ਼ੁਟ ਤਕ ਪਾਣੀ ਭਰ ਚੁੱਕਾ ਹੈ। ਉਧਰ ਇਸ ਤੋਂ ਇਲਾਵਾ ਮਾਛੀਵਾੜਾ ਇਲਾਕੇ ‘ਚ ਪਿਛਲੇ 16 ਘੰਟੇ ਲਗਾਤਾਰ ਮੀਂਹ ਪੈਣ ਕਾਰਨ ਪਿੰਡਾਂ ‘ਚ ਫਸਲਾਂ ਦੀ ਕਾਫ਼ੀ ਤਬਾਹੀ ਹੋਈ ਹੈ ਅਤੇ ਕਈ ਥਾਵਾਂ ‘ਤੇ ਸੜਕਾਂ ਨੂੰ ਪਾੜ ਪੈ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਰਤੀਪੁਰ ਤੋਂ ਪਵਾਤ ਨੂੰ ਜਾਂਦੀ ਸੜਕ ਅਤੇ ਮਾਛੀਵਾੜਾ ਸ਼ਹਿਰ ਦੇ ਸ਼ਾਂਤੀ ਨਗਰ ਨੂੰ ਜਾਂਦੀ ਸੜਕ ‘ਚ ਪਾੜ ਪੈਣ ਨਾਲ ਮੀਂਹ ਦਾ ਪਾਣੀ ਖੇਤਾਂ ਤੇ ਆਸ-ਪਾਸ ਕੁੱਝ ਘਰਾਂ ਵਿਚ ਵੀ ਵੜ ਗਿਆ ਜਿਸ ਨਾਲ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

About Jatin Kamboj