FEATURED NEWS News

ਪੰਜਾਬ ਸਮੇਤ ਦੇਸ਼ ਦੇ ਕਰੀਬ 14 ਸੂਬਿਆਂ ਵਿਚ ਸੀਬੀਆਈ ਦੀ ਛਾਪੇਮਾਰੀ

ਨਵੀਂ ਦਿੱਲੀ: ਕੇਂਦਰੀ ਜਾਂਚ ਬਿਉਰੋ (ਸੀਬੀਆਈ) ਨੇ ਅੱਜ ਦੇਸ਼ ਦੇ ਕਰੀਬ 14 ਸੂਬਿਆਂ ਵਿਚ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਛਾਪੇਮਾਰੀ ਦੌਰਾਨ ਸੱਤ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੈਂਕ ਧੋਖਾਧੜੀ ਦੇ ਮਾਮਲਿਆਂ ਵਿਚ 35 ਕੇਸ ਦਰਜ ਕੀਤੇ ਹਨ। ਸੀਬੀਆਈ ਨੇ 14 ਸੂਬਿਆਂ ਦੀਆਂ 169 ਥਾਵਾਂ ‘ਤੇ ਛਾਪੇਮਾਰੀ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਹਾਲੇ ਵੀ ਜਾਰੀ ਹੈ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਂਧਰਾ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉਤਰਾਖੰਡ ਦੇ ਨਾਲ-ਨਾਲ ਦਾਦਰ ਅਤੇ ਨਗਰ ਹਵੇਲੀ ਵਿਚ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਦੀਆਂ 170 ਤੋਂ ਜ਼ਿਆਦਾ ਟੀਮਾਂ 7 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਬੈਂਕ ਧੋਖਾਧੜੀ ਨਾਲ ਸਬੰਧਿਤ 35 ਮਾਮਲਿਆਂ ਵਿਚ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਨੇ ਦੱਸਿਆ ਸੀ ਕਿ ਸੀਨੀਅਰ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਬੈਠਕ ਸੋਮਵਾਰ ਨੂੰ ਹੋਈ ਸੀ ਅਤੇ ਮੰਗਲਵਾਰ ਸਵੇਰੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਛਾਪੇਮਾਰੀ ਸ਼ੁਰੂ ਕੀਤੀ ਗਈ।