COMMUNITY PUNJAB NEWS

ਪੰਜ ਪਿਆਰਿਆਂ ਦੇ ਰੂਪ ਵਿਚ ਕੇਕ ਕੱਟ ਕੇ ਗੁਰਮਤਿ ਫ਼ਲਸਫ਼ੇ ਦੀਆਂ ਉਡਾਈਆਂ ਧੱਜੀਆਂ

ਖਾਲੜਾ : ਗੁਰੂ ਨਾਨਕ ਸਾਹਿਬ ਦੀ 550 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਜਿਥੇ ਦੇਸ਼ ਵਿਦੇਸ਼ ਵਿਚ ਵੱਡੀ ਗਿਣਤੀ ਤੇ ਨਗਰ ਕੀਰਤਨ, ਕੀਰਤਨ ਦਰਬਾਰ, ਗੁਰਮਤਿ ਸਮਾਗਮਾਂ ਤੋਂ ਇਲਾਵਾ ਵੱਡੇ ਵੱਡੇ ਲੰਗਰ ਵੀ ਲਗਾਏ ਗਏ ਕਰੋੜਾਂ ਅਰਬਾਂ ਰੁਪਏ ਖ਼ਰਚ ਹੋਏ ਇਸ ਦੇ ਨਾਲ ਹੀ ਕਈ ਥਾਵਾਂ ‘ਤੇ 550 ਫ਼ੁੱਟ ਲੰਮੇ ਕੇਕ ਵੀ ਕੱਟੇ ਗਏ ਹਨ। ਕੁੱਝ ਵੀਡੀਉ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ, ਜਿਨ੍ਹਾਂ ਵਿਚ ਕਿਸੇ ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਦੇ ਰੂਪ ਵਿਚ ਪੰਜ ਸਿੰਘ ਅਪਣੀਆਂ ਤੇਗ਼ਾਂ (ਕਿਰਪਾਨਾਂ) ਦੇ ਨਾਲ ਕੇਕ ਕੱਟ ਰਹੇ ਹਨ ਅਤੇ ਇਕ ਤਸਵੀਰ ਵਿਚ ਪੰਜ ਸਿੰਘਾਂ ਨੇ ਕੇਸਰੀ (ਪੀਲੇ) ਚੋਲੇ ਪਾਏ ਹਨ। ਹੱਥਾਂ ਵਿਚ ਕ੍ਰਿਪਾਨਾਂ ਫੜੀਆਂ ਅਤੇ ਕੋਲ ਇਕ ਅੰਮ੍ਰਿਤਧਾਰੀ ਬੀਬੀ ਜੀ ਨੇ ਅਪਣੇ ਸਿਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕੇ ਹਨ ਅਤੇ ਸਾਰੇ ਅਪਣੇ ਹੱਥ ਵਿਚ ਛੋਟੀ ਸ਼੍ਰੀ ਸਾਹਿਬ ਨਾਲ ਕੇਕ ਨੂੰ ਕੱਟ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਵਲੋਂ ਬਾਬਾ ਨਾਨਕ ਜੀ ਦਾ ਬਰਥ ਡੇਅ ਮਨਾਇਆ ਜਾ ਰਿਹਾ ਹੈ। ਇਨ੍ਹਾਂ ਕੇਕ ਕੱਟਣ ਵਾਲੀਆਂ ਤਸਵੀਰਾਂ ਅਤੇ ਵੀਡੀਉ ‘ਤੇ ਲੋਕ ਅਪਣੇ ਕੁਮੈਂਟ ਦੇ ਕੇ ਇਨ੍ਹਾਂ ਘਟਨਾਵਾਂ ਦੀ ਭਾਰੀ ਨਿਖੇਧੀ ਕਰ ਰਹੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸੱਭ ਪੰਜ ਪਿਆਰਿਆਂ ਦੀ ਮਰਿਆਦਾ ਦੇ ਉਲਟ ਹੈ, ਪਤਾ ਲੱਗਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਸਿੰਘ ਹੋਰਾਂ ਨੇ ਇਟਲੀ ਤੋਂ ਫ਼ੋਨ ‘ਤੇ ਗੱਲ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਭਾਈ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਗੁਰਮਤਿ ਦੇ ਅਨੁਸਾਰ ਕਿਰਪਾਨ ਭੇਟ (ਦਰ ਪ੍ਰਵਾਨ) ਕੇਵਲ ਕੜਾਹ ਪ੍ਰਸ਼ਾਦ ਦੀ ਦੇਗ਼ ਹੀ ਹੋ ਸਕਦੀ ਹੈ। ਇਸ ਸਬੰਧੀ ਗੱਲ ਕਰਦਿਆਂ ਉੱਘੇ ਨਿਧੱੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਇਹ ਸੱਭ ਕਰਮ ਬੇਸਮਝੀ ਅਤੇ ਗੁਰਮਤਿ ਗਿਆਨ ਤੋਂ ਵਿਹੂਣੇ ਪ੍ਰਬੰਧਕਾਂ ਦੀ ਦੇਖਰੇਖ ਹੇਠ ਹੋ ਰਹੇ ਹਨ।