Home » ARTICLES » ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦਾ ਕੱਚ-ਸੱਚ
Hajipur
Hajipur

ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦਾ ਕੱਚ-ਸੱਚ

ਦਰਬਾਰਾ ਸਿੰਘ ਕਾਹਲੋਂ *

ਭਾਰਤੀ ਲੋਕਤੰਤਰ ਪਿਛਲੇ ਸਮੇਂ ਤੋਂ ਕੂੜ ਪ੍ਰਚਾਰ ਕਰਕੇ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਦੇਸ਼-ਵਿਦੇਸ਼ ਅੰਦਰ ਆਪਣੀ ਭਰੋਸੇਯੋਗਤਾ ਖ਼ਤਮ ਹੋਣ ਕਰਕੇ ‘ਕੂੜਤੰਤਰ’, ‘ਗੱਪਤੰਤਰ’, ‘ਗੁੰਮਰਾਹ ਤੰਤਰ’ ਅਤੇ ‘ਭ੍ਰਿਸ਼ਟਤੰਤਰ’ ਆਦਿ ਵਜੋਂ ਗਰਦਾਨਿਆ ਜਾਣ ਲੱਗ ਪਿਆ ਹੈ। ਇਸੇ ਗੁੰਮਰਾਹ ਤੰਤਰ ਦੇ ਸਹਾਰੇ ਭਾਜਪਾ ਆਗੂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪਦ ’ਤੇ ਆਸੀਨ ਹੋਏ ਅਤੇ ਹੁਣ ਇਸ ਦੇ ਸਹਾਰੇ ਪਿਛਲੇ ਦੋ ਸਾਲਾਂ ਤੋਂ ਆਪਣਾ ਸ਼ਾਸਨ ਚਲਾ ਰਹੇ ਹਨ। ਦੂਸਰੇ ਰਾਜਨੀਤਕ ਦਲ ਅਤੇ ਉਨ੍ਹਾਂ ਦੇ ਆਗੂ ਵੀ ਇਨ੍ਹਾਂ ਕਲਾਵਾਂ ਦਾ ਬੇਸ਼ਰਮੀ ਨਾਲ ਬੇਝਿੱਜਕ ਪ੍ਰਯੋਗ ਕਰਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਰਾਜਨੀਤਕ ਮੋਹਰਿਆਂ ਅੱਗੇ ਉਹ ਬੌਣੇ ਵਿਖਾਈ ਦਿੰਦੇ ਹਨ। ਇਸ ਦੀ ਸਭ ਤੋਂ ਤਾਜ਼ਾ ਮਿਸਾਲ ਪਿਛਲੇ ਦਿਨੀਂ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਹਨ। ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਚੰਗੀ ਨਾ ਹੋਣ ਦੇ ਬਾਵਜੂਦ ਉਹ ਆਪਣੀ ਪਾਰਟੀ ਦੇ ਕਾਰਕੁੰਨਾਂ ਤੋਂ ਇਲਾਵਾ ਸਰਕਾਰੀ ਤੇ ਗ਼ੈਰ-ਸਰਕਾਰੀ ਮੀਡੀਆ ਰਾਹੀਂ ਲੋਕਾਂ ਵਿੱਚ ਇਹ ਭਰਮ ਪੈਦਾ ਕਰ ਰਹੀ ਹੈ ਕਿ ਉਹ ਪਿਛਲੀਆਂ ਕੁਝ ਚੋਣਾਂ ਵਿੱਚ ਮਾਰ ਖਾ ਜਾਣ ਬਾਅਦ ਫਿਰ ਮਜ਼ਬੂਤ ਅਤੇ ਮਕਬੂਲ ਹੋ ਗਈ ਹੈ।
ਇਨ੍ਹਾਂ ਪੰਜ ਰਾਜਾਂ ਵਿੱਚੋਂ ਸਿਰਫ਼ ਅਸਾਮ ਅੰਦਰ ਭਾਜਪਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਬਹੁਮੱਤ ਪ੍ਰਾਪਤ ਕਰ ਸਕੀ। ਬਾਕੀ ਚਾਰ ਰਾਜਾਂ ਵਿੱਚ ਜੋ ਜੱਗੋਂ ਤੇਰ੍ਹਵੀਂ ਇਸ ਨਾਲ ਹੋਈ ਉਹ ਸਿਰਫ਼ ਭਾਰਤ ਹੀ ਨਹੀਂ ਬਲਕਿ ਸਾਰੀ ਦੁਨੀਆਂ ਜਾਣਦੀ ਹੈ। ਫਿਰ ਵੀ ਭਾਜਪਾ ਅਤੇ ਇਸ ਦੇ ਭਗਵੇਂ ਬ੍ਰਿਗੇਡ ਨੇ ਸਾਰੇ ਦੇਸ਼ ਅੰਦਰ ਇਨ੍ਹਾਂ ਚੋਣਾਂ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਧਮੂੜ ਚੁੱਕ ਰੱਖਿਆ ਹੈ। ਇਨ੍ਹਾਂ ਜਿੱਤਾਂ ਨੂੰ ਦੇਸ਼ ਅੰਦਰ ‘ਕਾਂਗਰਸ-ਮੁਕਤ’ ਭਾਰਤ ਦਾ ਦੂਜਾ ਪੜਾਅ ਪ੍ਰਚਾਰਿਆ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਹਾਲ ਹੀ ਵਿੱਚ ਹੋਈਆਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਰਹੀ। ਅਸਾਮ ਦੀਆਂ ਕੁੱਲ 126 ਸੀਟਾਂ ਵਿੱਚੋਂ ਭਾਜਪਾ ਨੇ 60 ਸੀਟਾਂ ਪ੍ਰਾਪਤ ਕੀਤੀਆਂ। ਕੇਰਲਾ ਦੀਆਂ 140 ਸੀਟਾਂ ਵਿੱਚੋਂ ਸਿਰਫ਼ ਇੱਕ ਪ੍ਰਾਪਤ ਕੀਤੀ। ਪੱਛਮੀ ਬੰਗਾਲ ਦੀਆਂ ਕੁੱਲ 294 ਸੀਟਾਂ ਵਿੱਚੋਂ ਭਾਜਪਾ ਨੇ ਸਿਰਫ਼ ਤਿੰਨ ਪ੍ਰਾਪਤ ਕੀਤੀਆਂ। ਤਾਮਿਲ ਨਾਡੂ ਦੀਆਂ ਕੁੱਲ 234 ਅਤੇ ਪੁਡੂਚੇਰੀ ਦੀਆਂ 30 ਸੀਟਾਂ ਵਿੱਚੋਂ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇਸ ਤਰ੍ਹਾਂ ਪੰਜ ਸੂਬਿਆਂ ਦੀਆਂ 824 ਅਸੈਂਬਲੀ ਸੀਟਾਂ ਵਿੱਚੋਂ ਭਾਜਪਾ ਨੇ ਕੇਵਲ 64 ਸੀਟਾਂ ਹੀ ਜਿੱਤੀਆਂ ਹਨ।
ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਪ੍ਰਦਰਸ਼ਨ ਵੀ ਕੋਈ ਚੰਗਾ ਨਹੀਂ ਰਿਹਾ। ਉਹ ਪਿਛਲੇ ਦੋ ਸਾਲ ਤੋਂ ਕੇਂਦਰ ਵਿੱਚ ਰਾਜ ਚਲਾ ਰਹੀ ਭਾਜਪਾ ਅਤੇ ਉਸ ਪਿੱਛੇ ਕੰਮ ਕਰ ਰਹੀ ਸਮੁੱਚੀ ਭਗਵਾਂ ਬ੍ਰਿਗੇਡ ਦੀਆਂ ਦੇਸ਼ ਅਤੇ ਲੋਕ ਵਿਰੋਧੀ ਨੀਤੀਆਂ ਉੱਤੇ ਚਾਨਣ ਪਾਉਣ ਵਿੱਚ ਅਸਫ਼ਲ ਰਹੀ ਹੈ। ਕਾਂਗਰਸ ਪਾਰਟੀ ਨੇ ਪੁਡੂਚੇਰੀ ਅੰਦਰ 30 ਵਿਧਾਨ ਸਭਾ ਸੀਟਾਂ ਵਿੱਚੋਂ 17 ਸੀਟਾਂ ’ਤੇ ਜਿੱਤ ਹਾਸਲ ਕਰਕੇ ਭਾਵੇਂ ਸਰਕਾਰ ਬਣਾ ਲਈ ਹੈ ਪਰ ਬਾਕੀ ਰਾਜਾਂ ਵਿੱਚ ਉਸ ਨੂੰ ਵੀ ਭਾਜਪਾ ਵਾਂਗ ਮੂੰਹ ਦੀ ਹੀ ਖਾਣੀ ਪਈ ਹੈ।
ਦਿੱਲੀ ਅੰਦਰ ਸ਼ੀਲਾ ਦੀਕਸ਼ਿਤ ਵਾਂਗ ਅਸਾਮ ਵਿੱਚ ਇਹ ਪਾਰਟੀ ਤਰੁਣ ਗੋਗਈ ਦੀ ਅਗਵਾਈ ਵਿੱਚ 15 ਸਾਲ ਤੋਂ ਸੱਤਾ ਵਿੱਚ ਸੀ। ਇਸ ਕਰਕੇ ਰਾਜ ਅੰਦਰ ਸੱਤਾਧਾਰੀ ਪਾਰਟੀ ਪ੍ਰਤੀ ਵਿਰੋਧੀ ਲਹਿਰ ਹੋਣੀ ਸੁਭਾਵਿਕ ਸੀ। ਇਸ ਦੇ ਬਾਵਜੂਦ ਕਾਂਗਰਸ ਦੇ ਮੁੱਖ ਮੰਤਰੀ ਤਰੁਣ ਗੋਗਈ ਦੇ ਹੰਕਾਰ ਦੇ ਚਲਦੇ ਅਤੇ ਕੌਮੀ ਲੀਡਰਸ਼ਿਪ ਅੰਦਰ ਦੂਰਦਰਸ਼ਤਾ ਦੀ ਘਾਟ ਕਰਕੇ ਇਸ ਨੇ ਅਜਮਲ ਬਦਰੁਦੀਨ ਦੀ ਅਗਵਾਈ ਵਾਲੀ ਏ.ਆਈ.ਯੂ.ਡੀ.ਪੀ. ਤੇ ਦੂਜੇ ਖੇਤਰੀ ਰਾਜਨੀਤਕ ਦਲਾਂ ਨਾਲ ਭਾਜਪਾ ਦੀ ਤਰਜ਼ ’ਤੇ ਚੋਣ ਗਠਜੋੜ ਨਾ ਕੀਤਾ ਜਿਸ ਕਰਕੇ ਸੱਤਾ ਭਾਜਪਾ ਦੇ ਹੱਥ ਆ ਗਈ ਅਤੇ ਕਾਂਗਰਸ ਕੇਵਲ 26 ਸੀਟਾਂ ਹੀ ਹਾਸਲ ਕਰ ਸਕੀ। ਪੱਛਮੀ ਬੰਗਾਲ ਅੰਦਰ ਜਿੱਥੇ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਸੱਤਾਧਾਰੀ ਟੀ.ਐੱਮ.ਸੀ. ਦੀ ਹਨੇਰੀ ਅੱਗੇ ਖੱਬੇ ਪੱਖੀਆਂ ਦੇ ਲਾਲ ਪਰਚਮ ਦੇ ਪਰਖ਼ਚੇ ਉੱਡ ਗਏ ਉੱਥੇ ਕਾਂਗਰਸ ਅਸੈਂਬਲੀ ਵਿੱਚ 44 ਸੀਟਾਂ ਹਾਸਿਲ ਕਰਕੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਉੱਭਰੀ, ਪਿਛਲੀ ਵਿਧਾਨ ਸਭਾ ਵਿੱਚ ਇਸ ਕੋਲ 42 ਸੀਟਾਂ ਸਨ।
ਕੇਰਲਾ ਵਿੱਚ ਕਾਂਗਰਸ ਦੇ ਆਗੂ ਓਮਨ ਚਾਂਡੀ ਦੀ ਅਗਵਾਈ ਵਿੱਚ ਪਿਛਲੇ ਪੰਜ ਸਾਲ ਤੋਂ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੀ ਅਗਵਾਈ ਵਿੱਚ ਸਰਕਾਰ ਚੱਲ ਰਹੀ ਸੀ। ਸੱਤਾ ਵਿਰੋਧੀ ਲਹਿਰ, ਸਰਕਾਰ ਦੇ ਮੰਤਰੀਆਂ ਦਾ ਵਿਵਾਦਿਤ ਸਕੈਂਡਲਾਂ ਵਿੱਚ ਫਸੇ ਹੋਣ ਅਤੇ ਕੇਰਲਾ ਦੇ ਲੋਕਾਂ ਵੱਲੋਂ ਹਰ ਵਾਰ ਵਿਰੋਧੀ ਧਿਰ ਨੂੰ ਸੱਤਾ ਵਿੱਚ ਵਾਪਸ ਲਿਆਉਣ ਦੀ ਪ੍ਰੰਪਰਾ ਕਰਕੇ ਇਸ ਵਾਰ ਯੂ.ਡੀ.ਐੱਫ. ਨੇ 51 ਸੀਟਾਂ ਜਿੱਤੀਆਂ। ਕਾਂਗਰਸ ਪਾਰਟੀ 28 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਪਰ ਤਾਮਿਲ ਨਾਡੂ ਵਿੱਚ ਡੀ.ਐੱਮ.ਕੇ. ਨਾਲ ਚੋਣ ਗਠਜੋੜ ਦੇ ਬਾਵਜੂਦ ਕਾਂਗਰਸ ਦਾ ਅੰਕੜਾ ਭਾਜਪਾ ਵਾਂਗ ਜ਼ੀਰੋ ਰਿਹਾ। ਇਸ ਸਥਿਤੀ ਵਿੱਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ‘ਕਾਂਗਰਸ-ਮੁਕਤ’ ਭਾਰਤ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ, ਸਰਾਸਰ ਗੁੰਮਰਾਹਕੁੰਨ ਪ੍ਰਚਾਰ ਹੈ। ਇਨ੍ਹਾਂ ਚੋਣਾਂ ਵਿੱਚ ਕੇਂਦਰ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ ਭਾਜਪਾ ਨੇ 824 ਵਿੱਚੋਂ ਸਿਰਫ਼ 64 ਅਸੈਂਬਲੀ ਸੀਟਾਂ ਜਿੱਤੀਆਂ ਜਦੋਂਕਿ ਕਾਂਗਰਸ ਪਾਰਟੀ ਨੇ ਕੇਂਦਰ ਅੰਦਰ ਕਮਜ਼ੋਰ ਵੰਸ਼ਵਾਦੀ ਲੀਡਰਸ਼ਿਪ ਦੇ ਬਾਵਜੂਦ 115 ਸੀਟਾਂ ਹਾਸਲ ਕੀਤੀਆਂ ਹਨ।
ਅਜਿਹੀ ਸ਼ਰਮਨਾਕ ਸਥਿਤੀ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਾਰਟੀ ਕਾਰਕੁੰਨਾਂ ਅਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਦੇ ਜਰਮਨੀ ਦੇ ਤਾਕਤਵਰ ਤਾਨਾਸ਼ਾਹ ਹਿਟਲਰ ਦੇ ਪਬਲਿਕ ਰਿਲੇਸ਼ਨ ਮੰਤਰੀ ਗੋਬਲਜ਼ ਨੂੰ ਮਾਤ ਪਾਉਂਦੇ ਵਿਖਾਈ ਦੇ ਰਹੇ ਹਨ। ਆਪਣੇ ਭਾਸ਼ਣਾਂ ਵਿੱਚ ਉਹ ਕਹਿ ਰਹੇ ਹਨ ਕਿ ਇਨ੍ਹਾਂ ਨਤੀਜਿਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਦੇਸ਼ ਦੇ ਲੋਕਾਂ ਨੇ ਸਵੀਕਾਰ ਕਰ ਲਿਆ ਹੈ, ਇਸ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਦੀ ਹਮਾਇਤ ਕੀਤੀ ਹੈ। ਹਕੀਕਤ ਇਸ ਦੇ ਉਲਟ ਕਹਾਣੀ ਕਹਿ ਰਹੀ ਹੈ। ਭਾਜਪਾ ਨੂੰ ਪੰਜ ਰਾਜਾਂ ਵਿੱਚੋਂ ਸਿਰਫ਼ ਅਸਾਮ ਵਿੱਚ ਜਿੱਤ ਪ੍ਰਾਪਤ ਹੋਈ ਹੈ। ਇਸ ਰਾਜ ਅੰਦਰ ਚੋਣ ਸਥਾਨਿਕ ਮੁੱਦਿਆਂ ’ਤੇ ਲੜੀ ਗਈ ਜਿਨ੍ਹਾਂ ਦਾ ਭਾਜਪਾ ਦੀ ਵਿਚਾਰਧਾਰਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ। ਫਿਰ ਵੀ ਜੇ ਪ੍ਰਧਾਨ ਮੰਤਰੀ ਭਾਜਪਾ ਦੀ ਵਿਚਾਰਧਾਰਾ ਦੀ ਜਿੱਤ ਸਮਝਦੇ ਹਨ ਤਾਂ ਉਨ੍ਹਾਂ ਅਤੇ ਭਗਵਾ ਬ੍ਰਿਗੇਡ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਬਾਕੀ ਚਾਰ ਰਾਜਾਂ ਅਤੇ ਉਨ੍ਹਾਂ ਦੇ ਲੋਕਾਂ ਨੇ ਭਾਜਪਾ ਦੀ ਵਿਚਾਰਧਾਰਾ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਅਤੇ ਬਿਹਾਰ ਦੇ ਲੋਕ ਭਾਜਪਾ ਨੂੰ ਰੱਦ ਕਰ ਚੁੱਕੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਦੇਸ਼ ਦੇ ਲੋਕਾਂ ਨੂੰ ਕੂੜ ਪ੍ਰਚਾਰ ਜ਼ਰੀਏ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਹੈ ਕਿ ਇਹ ਅਸੈਂਬਲੀ ਚੋਣਾਂ ਦੇ ਨਤੀਜੇ ਕੇਂਦਰ ਅੰਦਰ ਐੱਨ.ਡੀ.ਏ. ਸਰਕਾਰ ਦੀਆਂ ਨੀਤੀਆਂ ਦੀ ਪੁਸ਼ਟੀ ਕਰਦੇ ਹਨ। ਇਹ ਵੀ ਸਰਾਸਰ ਗ਼ਲਤ ਹੈ। ਚਾਰ ਰਾਜਾਂ ਨੇ ਐੱਨ.ਡੀ.ਏ. ਸਰਕਾਰ ਦੀਆਂ ਪਿਛਲੇ ਦੋ ਸਾਲ ਤੋਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਿਲਕੁੱਲ ਨਾਕਾਰ ਦਿੱਤਾ ਹੈ। ਪੱਛਮੀ ਬੰਗਾਲ ਅੰਦਰ ਲੋਕਾਂ ਨੇ ਟੀ.ਐੱਮ.ਸੀ. ਅਤੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ’ਤੇ ਲਗਾਤਾਰ ਦੂਸਰੀ ਵਾਰ ਮੁਹਰ ਲਗਾਈ ਹੈ। ਤ੍ਰਿਣਮੂਲ ਕਾਂਗਰਸ ਨੇ 2011 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲ 294 ਸੀਟਾਂ ਵਿੱਚੋਂ 39 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਜਿੱਥੇ 184 ਸੀਟਾਂ ਹਾਸਿਲ ਕੀਤੀਆਂ ਸਨ ਉੱਥੇ ਇਸ ਵਾਰ 44.9 ਫ਼ੀਸਦੀ ਵੋਟਾਂ ਪ੍ਰਾਪਤ ਕਰਦੇ 211 ਸੀਟਾਂ ਹਾਸਿਲ ਕੀਤੀਆਂ ਹਨ। ਦੂਸਰੇ ਪਾਸੇ ਭਾਜਪਾ ਨੇ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਥੇ 17 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ ਸਨ ਉੱਥੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ਼ 10 ਫ਼ੀਸਦੀ ਵੋਟਾਂ ਹੀ ਮਿਲੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਰਾਜ ਦੇ ਲੋਕਾਂ ਨੇ ਇਸ ਦੀ ਵਿਚਾਰਧਾਰਾ ਅਤੇ ਨੀਤੀਆਂ ਨੂੰ ਰੱਦ ਕਰ ਦਿੱਤਾ ਹੈ। ਇਵੇਂ ਹੀ ਤਾਮਿਲ ਨਾਡੂ ਵਿੱਚ ਜਿੱਥੇ ਮੋਦੀ ਅੰਨਾ ਡੀ.ਐੱਮ.ਕੇ. ਦੇ ਬੋਲਬਾਲੇ ਦਾ ਅੰਤ ਕਰ ਦੇਣ ਦੀ ਦੁਹਾਈ ਪਾ ਰਹੇ ਸਨ, ਉੱਥੇ ਲੋਕਾਂ ਨੇ ਉਨ੍ਹਾਂ ਨੂੰ ਨਾਕਾਰਦੇ ਸਿਰਫ਼ 2.8 ਫ਼ੀਸਦੀ ਵੋਟਾਂ ਹੀ ਦਿੱਤੀਆਂ ਅਤੇ ਭਾਜਪਾ ਦਾ ਇੱਕ ਵੀ ਉਮੀਦਵਾਰ ਨਾ ਜਿੱਤ ਸਕਿਆ। ਕੇਰਲਾ ਵਿੱਚ ਲੋਕ ਸਭਾ ਚੋਣਾਂ ਮੁਕਾਬਲੇ 10 ਫ਼ੀਸਦੀ ਦੀ ਥਾਂ ਭਾਜਪਾ ਨੂੰ 10.5 ਫ਼ੀਸਦੀ ਵੋਟਾਂ ਮਿਲੀਆਂ ਹਨ ਅਤੇ ਸਿਰਫ਼ ਇੱਕ ਉਮੀਦਵਾਰ ਹੀ ਜਿੱਤ ਸਕਿਆ ਹੈ। ਪੁਡੂਚੇਰੀ ਵਿੱਚ ਵੀ ਇਹ ਤਾਮਿਲ ਨਾਡੂ ਵਾਂਗ ਖਾਤਾ ਨਹੀਂ ਖੋਲ੍ਹ ਸਕੀ।
ਕੇਂਦਰ ਵਿੱਚ ਆਪਣੇ ਆਪ ਨੂੰ ਤਾਕਤਵਰ ਕਹਾਉਂਦੀ, ਇੱਕ ਤਾਕਤਵਰ ਵਿਚਾਰਧਾਰਾ ਦਾ ਅਨੁਸਰਨ ਕਰਨ ਵਾਲੀ ਅਤੇ ਇੱਕ ਤਾਕਤਵਰ ਲੀਡਰਸ਼ਿਪ ਦੀ ਅਗਵਾਈ ਦਾ ਦਾਅਵਾ ਕਰਨ ਵਾਲੀ ਬਹੁਮਤ ਸੰਪੰਨ ਪਾਰਟੀ ਨੂੰ ਅਤੇ ਇੱਕ ਵਿਸ਼ਾਲ ਰਾਜਨੀਤਕ ਗਠਜੋੜ ਦੇ ਬਲਬੂਤੇ ਪਿਛਲੇ ਦੋ ਸਾਲਾਂ ਤੋਂ ਕੇਂਦਰ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂੁਦ ਲੋਕਾਂ ਨੂੰ ਮੀਡੀਆ ਰਾਹੀਂ ਵਧੀਆ, ਵਿਕਾਸਮਈ, ਭ੍ਰਿਸ਼ਟਾਚਾਰ ਰਹਿਤ, ਜਵਾਬਦੇਹ ਸ਼ਾਸਨ ਦੇਣ ਦਾ ਢੰਡੋਰਾ ਪਿੱਟਣ ਦੇ ਬਾਵਜੂਦ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਨੂੰ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਥਾਂ ਆਪਣੀਆਂ ਦੇਸ਼ ਤੇ ਲੋਕ ਵਿਰੋਧੀ ਨੀਤੀਆਂ, ਮਾਰੂ ਹਿੰਦੁਤਵੀ ਵਿਚਾਰਧਾਰਾ ਅਤੇ ਖੋਖਲੀ ਲੀਡਰਸ਼ਿਪ ਸਬੰਧੀ ਆਤਮ-ਮੰਥਨ ਕਰੇ ਅਤੇ ਭਾਰਤੀ ਲੋਕਤੰਤਰ ਨੂੰ ਨਰੋਈ ਸੇਧ ਦੇਵੇ। ਅਜਿਹਾ ਕਰਨ ਵਿੱਚ ਅਸਮਰਥ ਰਹਿਣ ’ਤੇ ਉਸ ਨੂੰ ਮੁਲਕ ਦੇ ਲੋਕਾਂ ਦੇ ਭਾਰੀ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

About Jatin Kamboj