Home » News » SPORTS NEWS » ਫੀਫਾ ਵਿਸ਼ਵ ਕੱਪ – ਦੂਜੀ ਵਾਰ ਚੈਂਪੀਅਨ ਬਣਿਆ ਫਰਾਂਸ
2277708__a1

ਫੀਫਾ ਵਿਸ਼ਵ ਕੱਪ – ਦੂਜੀ ਵਾਰ ਚੈਂਪੀਅਨ ਬਣਿਆ ਫਰਾਂਸ

ਮਾਸਕੋ -ਮਹੱਤਵਪੂਰਨ ਮੌਕਿਆਂ ‘ਤੇ ਸਕੋਰ ਕਰਨ ਦੀ ਆਪਣੀ ਕਾਬਲੀਅਤ ਅਤੇ ਕਿਸਮਤ ਦੇ ਦਮ ‘ਤੇ ਫਰਾਂਸ ਨੇ ਐਤਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਮਦਾਰ ਕ੍ਰੋਏਸ਼ੀਆ ਨੂੰ 4-2 ਨਾਲ ਹਾਰ ਕੇ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਫਰਾਂਸ ਨੇ 18ਵੇਂ ਮਿੰਟ ਵਿਚ ਮਾਰੀਓ ਮੈਂਡਜੁਕਿਚ ਦੇ ਆਤਮਘਾਤੀ ਗੋਲ ਨਾਲ ਬੜ੍ਹਤ ਹਾਸਲ ਕੀਤੀ ਪਰ ਇਵਾਨ ਪੇਰਿਸਿਚ ਨੇ 28ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਦਿੱਤਾ। ਫਰਾਂਸ ਨੂੰ ਹਾਲਾਂਕਿ ਜਲਦੀ ਹੀ ਪੈਨਲਟੀ ਕਿੱਕ ਮਿਲ ਗਈ ਜਿਸ ਨੂੰ ਐਂਟੋਨੀ ਗ੍ਰੀਜ਼ਮੈਨ ਨੇ 38ਵੇਂ ਮਿੰਟ ਇਸ ਨੂੰ ਗੋਲ ਵਿਚ ਬਦਲ ਦਿੱਤਾ ਜਿਸ ਨਾਲ ਫਰਾਂਸ ਪਹਿਲੇ ਅੱਧ ਵਿਚ 2-1 ਨਾਲ ਅੱਗੇ ਰਿਹਾ। ਪਾਲ ਪੋਗਬਾ ਨੇ 59ਵੇਂ ਮਿੰਟ ਵਿਚ ਤੀਸਰਾ ਗੋਲ ਕੀਤਾ ਜਦੋਂ ਕਿ ਅਮਬਾਪੇ ਨੇ 65ਵੇਂ ਮਿੰਟ ਵਿਚ ਫਰਾਂਸ ਦੀ ਬੜ੍ਹਤ ਨੂੰ 4-1 ਕਰ ਦਿੱਤਾ। ਜਦੋਂ ਲੱਗ ਰਿਹਾ ਸੀ ਕਿ ਕ੍ਰੋਏਸ਼ੀਆ ਦੇ ਹੱਥੋਂ ਮੈਚ ਨਿਕਲ ਚੁੱਕਾ ਹੈ ਤਾਂ ਮੈਂਡਜੁਕਿਚ ਨੇ 69ਵੇਂ ਮਿੰਟ ਵਿਚ ਗੋਲ ਕਰਕੇ ਉਸ ਦੀ ਉਮੀਦ ਨੂੰ ਫਿਰ ਤੋਂ ਜਗਾਇਆ। ਫਰਾਂਸ ਨੇ ਇਸ ਤੋਂ ਪਹਿਲਾਂ 1998 ਵਿਚ ਵਿਸ਼ਵ ਕੱਪ ਜਿੱਤਿਆ ਸੀ। ਉਦੋਂ ਉਸ ਦੇ ਕਪਤਾਨ ਡਿਡਿਅਰ ਡੇਸਚੈਮਪਸ ਸਨ ਜੋ ਇਸ ਵਾਰ ਟੀਮ ਦੇ ਕੋਚ ਹਨ। ਇਸ ਤਰ੍ਹਾਂ ਡੇਸਚੈਮਪਸ ਖਿਡਾਰੀ ਅਤੇ ਕੋਚ ਦੇ ਰੂਪ ਵਿਚ ਵਿਸ਼ਵ ਕੱਪ ਜਿੱਤਣ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਅਤੇ ਜਰਮਨੀ ਦੇ ਫ੍ਰੈਂਕ ਬੇਕਨਬਊਰ ਨੇ ਇਹ ਮੁਕਾਮ ਹਾਸਲ ਕੀਤਾ ਹੈ। ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ਵਿਚ ਪਹੁੰਚਿਆ ਸੀ। ਉਸ ਨੇ ਆਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਆਪਣੀ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਬੇਸ਼ੱਕ ਕ੍ਰੋਏਸ਼ੀਆ ਨੇ ਬਿਹਤਰ ਫੁੱਟਬਾਲ ਖੇਡਿਆ ਪਰ ਫਰਾਂਸ ਵਧੇਰੇ ਪ੍ਰਭਾਵਸ਼ਾਲੀ ਤੇ ਚਲਾਕੀ ਵਾਲੀ ਖੇਡ ਦਾ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਿਹਾ। ਜਿਸ ਦੇ ਦਮ ‘ਤੇ ਉਹ 20 ਸਾਲ ਵਿਚ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਵਿਚ ਸਫ਼ਲ ਰਿਹਾ। ਕ੍ਰੋਏਸ਼ੀਆ ਨੇ ਵਧੀਆ ਸ਼ੁਰੂਆਤ ਕੀਤੀ ਅਤੇ ਪਹਿਲੇ ਅੱਧ ਵਿਚ ਨਾ ਸਿਰਫ਼ ਬਾਲ ‘ਤੇ ਜ਼ਿਆਦਾ ਕਬਜ਼ਾ ਕੀਤਾ ਸਗੋਂ ਇਸ ਦੌਰਾਨ ਹਮਲੇ ਵਾਲੀ ਰਣਨੀਤੀ ਨਾਲ ਖੇਡ ਵੀ ਦਿਖਾਇਆ। ਫਰਾਂਸ ਨੂੰ ਪਹਿਲਾ ਮੌਕਾ 18ਵੇਂ ਮਿੰਟ ਵਿਚ ਮਿਲਿਆ ਜਦੋਂ ਬਾਕਸ ਵਿਚ ਕਿੱਕ ਦਾ ਮੌਕਾ ਮਿਲਿਆ। ਇਸ ਦੌਰਾਨ ਮੈਂਡਜੁਕਿਚ ਨੇ ਉਸ ‘ਤੇ ਹੈਡਰ ਲਗਾ ਦਿੱਤਾ ਅਤੇ ਗੇਂਦ ਗੋਲ ਵਿਚ ਚਲੀ ਗਈ ਇਸ ਤਰ੍ਹਾਂ ਮੈਂਡਜੁਕਿਚ ਫਾਈਨਲ ਵਿਚ ਆਤਮਘਾਤੀ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਇਸ ਤੋਂ ਇਲਾਵਾ ਵਰਤਮਾਨ ਵਿਸ਼ਵ ਕੱਪ ਵਿਚ ਇਹ 12ਵਾਂ ਆਤਮਘਾਤੀ ਗੋਲ ਸੀ। ਫਿਰ ਪੇਰਿਸਿਚ ਨੇ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਪਰ ਇਸ ਤੋਂ ਬਾਅਦ ਪੇਰੀਸਿਚ ਨੇ ਇਕ ਗਲਤੀ ਕਰਦੇ ਹੋਏ ਬਾਲ ਨੂੰ ਹੱਥ ਲਗਾ ਦਿੱਤਾ ਜਿਸ ਨਾਲ ਫਰਾਂਸ ਨੂੰ ਪੈਨਲਟੀ ਕਿੱਕ ਮਿਲ ਗਈ ਜਿਸ ਨੂੰ ਗ੍ਰੀਜ਼ਮੈਨ ਨੇ ਬਿਨਾਂ ਗਲਤੀ ਕੀਤੇ ਗੋਲ ਵਿਚ ਬਦਲ ਦਿੱਤਾ ਅਤੇ ਸਕੋਰ 2-1 ਕਰ ਦਿੱਤਾ। ਇਹ 1974 ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਪਹਿਲੇ ਅੱਧ ਵਿਚ ਤਿੰਨ ਗੋਲ ਹੋਏ ਹੋਣ। ਕ੍ਰੋਏਸ਼ੀਆ ਨੇ ਦੂਸਰੇ ਅੱਧ ਵਿਚ ਵੀ ਹਮਲਾਵਰ ਰੁੱਖ ਜਾਰੀ ਰੱਖਿਆ। ਦੂਸਰੇ ਅੱਧ ਵਿਚ ਫਰਾਂਸ ਦੀ ਟੀਮ ਬਦਲੀ ਜਿਹੀ ਲੱਗੀ ਅਤੇ 59ਵੇਂ ਮਿੰਟ ਵਿਚ ਪੋਗਬਾ ਨੇ ਇਕ ਸ਼ਾਨਦਾਰ ਗੋਲ ਕਰਦੇ ਹੋਏ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ। ਇਸ ਤੋਂ 6 ਮਿੰਟ ਬਾਅਦ ਹੀ ਅਮਬਾਪੇ ਨੇ ਸਕੋਰ ਨੂੰ ਇਕ ਹੋਰ ਸ਼ਾਨਦਾਰ ਨਾਲ 4-1 ਕਰ ਦਿੱਤਾ। ਉਸ ਨੇ 25 ਗਜ਼ ਤੋਂ ਇਕ ਸ਼ਾਨਦਾਰ ਕਿੱਕ ਮਾਰੀ ਜਿਸ ਦਾ ਵਿਰੋਧੀ ਟੀਮ ਦੇ ਗੋਲਕੀਪਰ ਕੋਲ ਕੋਈ ਜਵਾਬ ਨਹੀਂ ਸੀ।

About Jatin Kamboj