PUNJAB NEWS

ਬਹਿਬਲ ਕਲਾਂ ਗੋਲੀਕਾਂਡ ਵਿਰੁਧ 14 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇ : ਖਹਿਰਾ

ਬਰਗਾੜੀ : ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਅਪਣੇ ਸਾਥੀਆਂ ਸਮੇਤ ਬਰਗਾੜੀ ਦੀ ਦਾਣਾ ਮੰਡੀ ਵਿਖੇ ਪਹੁੰਚੇ ਜਿਥੇ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਪੰਜਾਬ ਸਰਕਾਰ ਵਿਰੁਧ ਧਰਨਾ ਲਗਾਇਆ ਸੀ ਤੇ ਖਹਿਰੇ ਨੇ ਕਿਹਾ ਕਿ ਹੁਣ ਇਸ ਜਗ੍ਹਾਂ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਭਾਰਤ-ਪਾਕਿਸਤਾਨ ਬਾਰਡਰ ਵਾਂਗ ਬਰਗਾੜੀ ਮੰਡੀ ਦੇ ਆਲੇ ਦੁਆਲੇ ਸਿਰਫ਼ ਇਹ ਸੁਨੇਹਾ ਦੇਣ ਲਈ ਕੰਡਿਆਲੀ ਤਾਰ ਲਗਾ ਦਿਤੀ ਹੈ ਕਿ ਕਿਸੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਹਿਬਲ ਕਲਾਂ ਕਤਲਾਂ ਵਾਸਤੇ ਇਨਸਾਫ਼ ਮੰਗਣ ਦਾ ਹੱਕ ਨਹੀਂ ਹੈ। ਇਥੇ ਉਨ੍ਹਾਂ ਨੇ ਬਰਗਾੜੀ ਬੇਅਦਬੀ ਮਾਮਲੇ ‘ਚ ਇਲਜਾਮ ਲਗਾਉਂਦਿਆ ਕਿਹਾ ਕਿ ਬਰਗਾੜੀ ਬੇਅਦਬੀ ਮਾਮਲਿਆਂ ਅਤੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਪੁਲਿਸ ਫ਼ਾਇਰਿੰਗ ਵਿਚ ਦੋ ਸਿੱਖ ਨੋਜਵਾਨਾਂ ਦੇ ਮਾਰੇ ਜਾਣ ਦੀ ਜਾਂਚ ਦੇ ਮੁੱਦੇ ਉਪਰ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ਼ ਤੌਰ ਉਪਰ ਸਿੱਖਾਂ ਨੂੰ ਦੁਚਿੱਤੀ ਵਿਚ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰ ਆਪਸ ਵਿਚ ਰਲੇ ਹੋਏ ਹਨ। ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੋਨੋਂ ਹੀ ਅਸਲ ਦੋਸ਼ੀਆਂ ਨੂੰ ਫੜਣ ਦੇ ਚਾਹਵਾਨ ਹੀ ਨਹੀਂ ਹਨ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਡੀ.ਆਈ.ਜੀ ਰਣਬੀਰ ਸਿੰਘ ਖਟੜਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀਆਂ ਦੋ ਐਸ.ਆਈ.ਟੀ ਜਾਂਚਾਂ ਵਿਚ ਬਾਦਲ ਪਰਵਾਰ ਅਤੇ ਡੇਰਾ ਸੱਚਾ ਸੋਦਾ ਦੇ ਆਗੂਆਂ ਦੇ ਨਾਮ ਉੱਭਰ ਕੇ ਸਾਹਮਣੇ ਆਏ ਹਨ। ਸੁਖਪਾਲ ਸਿੰਘ ਖਹਿਰਾ ਨੇ ਇਨਸਾਫ਼ ਪਸੰਦ ਲੋਕਾਂ ਅਤੇ ਸਿੱਖ ਸੰਗਠਨਾਂ ਨੂੰ ਅਪੀਲ ਕੀਤੀ ਕਿ 14 ਅਕਤੂਬਰ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾ ਕੇ ਪੰਜਾਬ ਸਰਕਾਰ ਵਿਰੁਧ ਰੋਸ ਜਾਹਰ ਕਰਨ।