FEATURED NEWS News PUNJAB NEWS

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਦੋ ਨਹੀਂ ਤਿੰਨ ਸਟੇਜਾਂ ਲੱਗਣਗੀਆਂ

ਬਠਿੰਡਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੂਰਵ ਮੌਕੇ ਹੁਣ ਇਕ ਨਹੀਂ, ਬਲਕਿ ਤਿੰਨ ਸਟੇਜ਼ਾਂ ਲੱਗਣਗੀਆਂ। ਪੂਰੀ ਦੁਨੀਆਂ ਅੱਗੇ ਸਿੱਖੀ ਫਲਸਫਾ ਪੇਸ਼ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਪੰਜਾਬ ਸਰਕਾਰ ਨਾਲ ਸਾਂਝੇ ਪ੍ਰੋਗਰਾਮ ਤੋਂ ਟਾਲਾ ਵੱਟਣ ਤੋਂ ਬਾਅਦ ਹੁਣ ਸੂਬੇ ਦੀ ਪੰਥਕ ਜਥੇਬੰਦੀਆਂ ਨੇ ਵੀ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਵਖਰੀ ਸਟੇਜ਼ ਲਗਾਉਣ ਦੀ ਤਿਆਰੀ ਵਿੱਢ ਦਿਤੀ ਹੈ। ਪਤਾ ਚਲਿਆ ਹੈ ਕਿ ਇਨ੍ਹਾਂ ਧਿਰਾਂ ਨੇ ਇਸ ਕੰਮ ਲਈ ਸੁਲਤਾਨਪੁਰ ਲੋਧੀ ਵਿਖੇ ਜ਼ਮੀਨ ਵੀ ਲੈ ਲਈ ਹੈ ਤੇ ਪਰਸੋਂ ਇਸਦਾ ਬਕਾਇਦਾ ਐਲਾਨ ਕੀਤਾ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ 12 ਨਵੰਬਰ ਨੂੰ ਹੀ ਹੋਣ ਵਾਲੇ ਮੁੱਖ ਸਮਾਗਮਾਂ ਵਿਚ ਦੇਸ਼ ਦੇ ਰਾਸਟਰਪਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ। ਹਾਲਾਂਕਿ ਉਕਤ ਦੋਨਾਂ ਸ਼ਖ਼ਸੀਅਤਾਂ ਨੂੰ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੁਆਰਾ ਅਲੱਗ-ਅਲੱਗ ਸੱਦਾ ਦਿਤਾ ਗਿਆ ਹੈ। ਸੂਚਨਾ ਮੁਤਾਬਕ ਪੰਥਕ ਜਥੇਬੰਦੀਆਂ ਵਲੋਂ ਬੇਸ਼ਕ ਦੂਜੀਆਂ ਧਿਰਾਂ ਦੀ ਤਰ੍ਹਾਂ ਅਪਣੀ ਸਟੇਜ਼ ਨੂੰ ਪੂਰੀ ਤਰ੍ਹਾਂ ਪੰਥਕ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਪ੍ਰੰਤੂ ਅਪਣੀ ਹੋਂਦ ਦਿਖਾਉਣ ਲਈ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਸਹਿਤ ਲਾਲੂ ਪ੍ਰਕਾਸ਼ ਯਾਦਵ ਅਤੇ ਜਨਤਾ ਦਲ ਯੂਨਾਇਟਡ ਦੇ ਆਗੂਆਂ ਨੂੰ ਸੱਦਾ ਦੇਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਵੀ ਸਮਾਗਮਾਂ ਦੀ ਸ਼ੁਰੂਆਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਸਮੂਹ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿਤਾ ਗਿਆ ਹੈ। ਪੰਥਕ ਧਿਰਾਂ ਨਾਲ ਜੁੜੇ ਸੂਤਰਾਂ ਮੁਤਾਬਕ ਦਲ ਖ਼ਾਲਸਾ, ਯੂਨਾਇਟਡ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਲਗਾਈ ਜਾ ਰਹੀ ਇਸ ਸਟੇਜ਼ ਉਤੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਵਿਚ ਮੰਡ ਵੀ ਹਾਜ਼ਰ ਰਹਿਣਗੇ। ਉਂਝ ਇਸ ਸਮਾਗਮ ਦੀਆਂ ਤਿਆਰੀਆਂ ਲਈ ਉਕਤ ਧਿਰਾਂ ਵਲੋਂ ਇਕ 150 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ। ਜਦੋਂਕਿ ਇਸ ਸਮਾਗਮ ਵਿਚ ਉਪਰੋਕਤ ਹਸਤੀਆਂ ਤੋਂ ਇਲਾਵਾ ਘੱਟ ਗਿਣਤੀਆਂ ਮੁਸਲਮਾਨ, ਈਸਾਈ ਤੇ ਦਲਿਤ ਆਗੂਆਂ ਤੇ ਸੰਸਥਾਵਾਂ ਨੂੰ ਵੀ ਸੱਦਾ ਦੇਣ ਦੀ ਵਿਉਂਤਬੰਦੀ ਉਲੀਕੀ ਗਈ ਹੈ। ਕੁੱਝ ਪੰਥਕ ਆਗੂਆਂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦਸਿਆ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਮੁਤਾਬਕ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਇਕ ਪ੍ਰੋਗਰਾਮ ਉਲੀਕਦੀ ਤਾਂ ਉਹ ਵੀ ਵਖਰੀ ਸਟੇਜ਼ ਲਗਾਉਣ ਦੇ ਹੱਕ ਵਿਚ ਨਹੀਂ ਸਨ ਪ੍ਰੰਤੂ ਹੁਣ ਦੋਨਾਂ ਧਿਰਾਂ ਵਲੋਂ ਅਲੱਗ ਹੋ ਜਾਣ ਤੋਂ ਬਾਅਦ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।