ENTERTAINMENT Punjabi Movies

ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਨੇ ਬਿਆਨਿਆ ਦਰਦ, ਸਿੱਖ ਅਦਾਕਾਰ ਨੂੰ ਦਿੱਤਾ ਜਾਂਦੈ ਮਜ਼ਾਕੀਆ ਰੋਲ

ਨਵੀਂ ਦਿੱਲੀ : ‘ਫੁਕਰੇ’ ਫ਼ਿਲਮ ਦੇ ਐਕਟਰ ਮਨਜੋਤ ਸਿੰਘ ਦਾ ਕਹਿਣਾ ਹੈ ਕਿ ਸਰਦਾਰ ਹੋਣ ਕਾਰਨ ਉਹਨਾਂ ਨੂੰ ਬਾਲੀਵੁੱਡ ਵਿਚ ਕਈ ਵਾਰ ਫ਼ਿਲਮ ਵਿਚ ਤਵੱਜੋ ਨਹੀਂ ਦਿੱਤੀ ਗਈ। ਦਿਬਾਕਰ ਬੈਨਰਜੀ ਦੀ ‘ਓਏ ਲੱਕੀ! ਲੱਕੀ ਓਏ!’ ਤੋਂ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਵਾਲੇ ਬਾਲੀਵੁੱਡ ਅਦਾਕਾਰ ਮਨਜੋਤ ਸਿਰਫ਼ ਕਮੇਡੀਅਨ ਦੀ ਭੂਮਿਕਾ ਮਿਲਣ ਤੋਂ ਦੁਖੀ ਹਨ। ਮਨਜੋਤ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹਨਾਂ ਨੂੰ ਇਸ ਲਈ ਖਾਰਜ ਕਰ ਦਿੱਤਾ ਗਿਆ ਕਿ ਉਹ ਸਰਦਾਰ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਪੱਗ ਬੰਨਦਾ ਹੈ ਤਾਂ ਉਹ ਪਰਦੇ ‘ਤੇ ਸੀਰੀਅਸ ਨਹੀਂ ਦਿਖ ਸਕਦਾ ਅਤੇ ਨਾ ਹੀ ਐਕਸ਼ਨ ਅਤੇ ਡਰਾਮਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਦੇਖ ਕੇ ਉਹਨਾਂ ਨੂੰ ਕਾਫ਼ੀ ਦੁੱਖ ਹੁੰਦਾ ਹੈ ਕਿਉਂਕਿ ਅਜਿਹੀ ਧਾਰਨਾ ਬਣਾਈ ਗਈ ਹੈ ਕਿ ਪੱਗ ਬੰਨਣ ਵਾਲੇ ਵਿਅਕਤੀ ਲੋਕਾਂ ਨੂੰ ਸਿਰਫ਼ ਹਸਾ ਹੀ ਸਕਦੇ ਹਨ। ਮਨਜੋਤ ਸਿੰਘ ਦਾ ਮੰਨਣਾ ਹੈ ਕਿ ਇਹ ਫਿਲਮ ਨਿਰਮਾਤਾਵਾਂ ਦੀ ਅਸਮਰੱਥਾ ਹੈ ਕਿ ਉਹ ਇਸ ਤੋਂ ਇਲਾਵਾ ਸੋਚ ਨਹੀਂ ਸਕਦੇ, ਜਿਸ ਕਾਰਨ ਉਹਨਾਂ ਵਰਗੇ ਕਲਾਕਾਰ ਇਕ ਹੀ ਰੋਲ ਵਿਚ ਕੈਦ ਹੋ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਸਰਦਾਰ ਐਕਸ਼ਨ ਸੀਨ, ਰੋਮੈਂਟਿਕ ਸੀਨ ਅਤੇ ਸੀਰੀਅਸ ਸੀਨ ਵੀ ਕਰ ਸਕਦੇ ਹਨ। ਮਨਜੋਤ ਦਾ ਕਹਿਣਾ ਹੈ ਕਿ ਉਹ ਇਸ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਾਲ ਮਨਜੋਤ ਸਿੰਘ ‘ਸਟੂਡੇਂਟਸ ਆਫ ਦ ਈਅਰ 2’ ਵਿਚ ਗੈਸਟ ਰੋਲ ਵਿਚ ਨਜ਼ਰ ਆਏ ਸਨ ਅਤੇ ਉਹ 13 ਸਤੰਬਰ ਨੂੰ ਰੀਲੀਜ਼ ਹੋਣ ਵਾਲੀ ਅਪਣੀ ਫ਼ਿਲਮ ‘ਡਰੀਮ ਗਰਲ’ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਫੁਕਰੇ’ ਵਿਚ ਮਨਜੋਤ ਸਿੰਘ ਨੇ ਲਾਲੀ ਸਿੰਘ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।