FEATURED NEWS News PUNJAB NEWS

ਬਿਜਲੀ ਖਪਤਵਾਰਾਂ ਲਈ ਵੱਡਾ ਐਲਾਨ, ਸੰਭਲ ਜਾਓ

ਚੰਡੀਗੜ੍ਹ : ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ‘ਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਲਈ ਬੁਰੀ ਖ਼ਬਰ ਹੈ। ਹੁਣ ਸਮੇਂ ‘ਤੇ ਬਿੱਲ ਦਾ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਦੇ ਨਾਲ ਹੀ ਪਾਵਰਕਾਮ ਨੇ ਹੁਣ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਬੰਧੀ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ‘ਤੇ ਡਿਫਾਲਟਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਚਲਾਈ ਮੁਹਿੰਮ ਤਹਿਤ ਵੀਰਵਾਰ ਅਤੇ ਸ਼ੁੱਕਰਵਾਰ ਨੂੰ 20 ਕੁਨੈਕਸ਼ਨ ਕੱਟ ਦਿੱਤੇ ਗਏ, ਉੱਥੇ ਹੀ ਪਾਵਰਕਾਮ ਦਾ ਸਖ਼ਤ ਰੁਖ ਦੇਖਦਿਆਂ ਕਾਰਵਾਈ ਤੋਂ ਬਚਣ ਲਈ ਕਈ ਡਿਫਾਲਟਰਾਂ ਨੇ ਸਿਰਫ਼ 2 ਦਿਨਾਂ ਅੰਦਰ 25 ਲੱਖ ਰੁਪਏ ਜਮ੍ਹਾ ਵੀ ਕਰਵਾ ਦਿੱਤੇ।ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਪਹਿਲੇ ਪੜਾਅ ‘ਚ ਹੁਸ਼ਿਆਰਪੁਰ ਸਰਕਲ ਅਧੀਨ ਕੁੱਲ 85 ਡਿਫਾਲਟਰਾਂ ਦੀ ਪਛਾਣ ਕੀਤੀ ਹੈ, ਜਿਸ ਵੱਲ ਪਾਵਰਕਾਮ ਦਾ ਕਰੀਬ 4 ਕਰੋੜ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਹੈ। ਪਾਵਰਕਾਮ ਨੇ ਸਰਕਾਰੀ ਮਹਿਕਮਿਆਂ ਵੱਲ ਬਕਾਇਆ ਕਰੀਬ 16 ਕਰੋੜ ਰੁਪਏ ਵਸੂਲਣ ਲਈ ਕਾਰਵਾਈ ਨਹੀਂ ਆਰੰਭੀ, ਸਗੋਂ ਘਰੇਲੂ ਅਤੇ ਵਪਾਰਕ ਬਿਜਲੀ ਖਪਤਕਾਰਾਂ ਕੋਲੋਂ ਭਾਰੀ ਰਾਸ਼ੀ ਵਸੂਲਣ ਲਈ ਕਾਰਵਾਈ ਸ਼ੁਰੂ ਕੀਤੀ ਹੈ। ਸਿਰਫ਼ 2 ਦਿਨਾਂ ‘ਚ ਹੁਸ਼ਿਆਰਪੁਰ ਸ਼ਹਿਰ ਦੇ 12 ਅਤੇ ਨਾਲ ਲੱਗਦੇ ਸਬ-ਅਰਬਨ ਡਿਵੀਜ਼ਨ ‘ਚ 8 ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਅਜਿਹੇ ਖਪਤਕਾਰਾਂ ‘ਤੇ ਹੋਰ ਸਖ਼ਤੀ ਕੀਤੀ ਜਾਵੇਗੀ, ਜੋ ਕੁਨੈਕਸ਼ਨ ਕੱਟਣ ਤੋਂ ਬਾਅਦ ਵੀ ਬਿਜਲੀ ਦੀ ਵਰਤੋਂ ਕਰਦੇ ਫੜੇ ਜਾਣਗੇ। ਅਜਿਹੇ ਖਪਤਕਾਰਾਂ ਖਿਲਾਫ਼ ਕਾਰਵਾਈ ਕਰ ਕੇ ਭਾਰੀ ਜੁਰਮਾਨਾ ਕੀਤਾ ਜਾਵੇਗਾ।