FEATURED NEWS News PUNJAB NEWS

ਭਾਈ ਰਾਜੋਆਣਾ ਦੀ ਸਜ਼ਾ ਮਾਫ਼ੀ ਦੇ ਸਰਕਾਰੀ ਆਦੇਸ਼ ਅਜੇ ਤਕ ਨਹੀਂ ਪਹੁੰਚੇ ਕੇਂਦਰੀ ਜੇਲ ‘ਚ

ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਅਨੇਕਾਂ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਵੀ ਸ਼ਾਮਲ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਵਲੋਂ ਸਜ਼ਾ ਮਾਫ਼ੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਦਸਿਆ ਜਾ ਰਿਹਾ ਹੈ। ਬੀਬੀ ਕਮਲਦੀਪ ਕੌਰ ਪਟਿਆਲਾ ਦੀ ਕੇਂਦਰੀ ਜੇਲ ਵਿਚ ਬੰਦ ਅਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਪਟਿਆਲਾ ਪਹੁੰਚੇ ਸਨ।ਜੇਲ ਵਿਚ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਕਮਲਦੀਪ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫ਼ੀ ਤੇ ਖ਼ੁਸ਼ੀ ਜਤਾਈ ਅਤੇ ਆਖਿਆ ਕਿ ਉਹ ਇਸ ਨੂੰ ਬਾਬੇ ਨਾਨਕ ਦੀ ਮਿਹਰ ਵਜੋਂ ਦੇਖ ਰਹੇ ਹਨ। ਉਨ੍ਹਾਂ ਦਸਿਆ ਕਿ ਸਜ਼ਾ ਮਾਫ਼ੀ ਲਈ ਹਾਲੇ ਸਿਰਫ਼ ਐਲਾਨ ਹੀ ਹੋਇਆ ਹੈ ਜਦੋਂ ਕਿ ਅਧਿਕਾਰਕ ਤੌਰ ‘ਤੇ ਕੋਈ ਵੀ ਆਦੇਸ਼ ਪਟਿਆਲਾ ਦੀ ਜੇਲ ਵਿਚ ਨਹੀਂ ਪਹੁੰਚੇ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਚੰਗਾ ਫ਼ੈਸਲਾ ਦਸਦਿਆਂ ਬੀਬੀ ਕਮਲਦੀਪ ਕੌਰ ਨੇ ਆਖਿਆ ਕਿ ਹੁਣ ਕੇਂਦਰ ਵਲੋਂ ਆਉਣ ਵਾਲੀ ਸਜ਼ਾ ਮਾਫ਼ੀ ਦੇ ਆਦੇਸ਼ਾਂ ਦਾ ਇੰਤਜ਼ਾਰ ਕਰ ਰਹੇ ਹਨ। ਬੀਬੀ ਕਮਲਦੀਪ ਕੌਰ ਨੇ ਆਖਿਆ ਕਿ ਬਲਵੰਤ ਸਿੰਘ ਰਾਜੋਆਣਾ ਪਿਛਲੇ ਚੌਵੀਂ ਸਾਲਾਂ ਤੋਂ ਅਪਣੇ ਪ੍ਰਵਾਰ ਤੋਂ ਦੂਰ ਜੇਲ ਵਿਚ ਰਹਿੰਦੇ ਆ ਰਹੇ ਹਨ ਅਤੇ ਹੁਣ ਜਦੋਂ ਸਜ਼ਾ ਮਾਫ਼ੀ ਤੋਂ ਬਾਅਦ ਉਹ ਦੁਬਾਰਾ 24 ਸਾਲ ਬਾਅਦ ਅਪਣੇ ਘਰ ਪਹੁੰਚਣਗੇ ਤਾਂ ਉਹ ਪਲ ਉਨ੍ਹਾਂ ਦੀ ਜ਼ਿੰਦਗੀ ਦੇ ਸੱਭ ਤੋਂ ਖ਼ੁਸ਼ੀ ਵਾਲੇ ਪਲ ਬਣ ਜਾਣਗੇ।