FEATURED NEWS News

ਭਾਜਪਾ ਆਗੂ ਦਾ ਵਿਵਾਦਤ ਬਿਆਨ ‘ਵਿਦੇਸ਼ੀ ਨਸਲ ਦੀਆਂ ਗਾਵਾਂ ਸਾਡੀਆਂ ਮਾਤਾਵਾਂ ਨਹੀਂ ਆਂਟੀਆਂ ਹਨ’

ਕੋਲਕਾਤਾ : ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਈਕਾਈ ਦੇ ਪ੍ਰਧਾਨ ਦਲੀਪ ਘੋਸ਼ ‘ਸੜਕ ਕਿਨਾਰੇ ਸਟਾਲਾਂ ‘ਤੇ ਗਊਮਾਸ ਖਾਣ’ ਅਤੇ ਵਿਦੇਸ਼ੀ ਪਾਲਤੂ ਕੁੱਤਿਆਂ ਦੇ ਮਲਮੂਤਰ ਸਾਫ ਕਰਨ ਵਿਚ ਮਾਣ ਕਰਨ’ ਵਾਲੇ ਬੁੱਧੀਜੀਵੀਆਂ ਦੇ ਇਕ ਵਰਗ ‘ਤੇ ਹਮਲਾ ਕਰਨ ਲਈ ਵਿਵਾਦਾਂ ਵਿਚ ਆ ਗਏ ਹਨ। ਬਰਦਵਾਨ ਵਿਚ ਇਕ ਪ੍ਰੋਗਰਾਮ ਮੌਕੇ ਘੋਸ਼ ਨੇ ਕਿਹਾ ਕਿ ‘ਅਜਿਹੇ ਲੋਕ ਹਨ ਜੋ ਸਿੱਖਿਅਤ ਸਮਾਜ ਦੇ ਹਨ ਅਤੇ ਸੜਕ ਕਿਨਾਰੇ ਗਊ ਮਾਸ ਖਾਂਦੇ ਹਨ। ਗਾਂ ਕਿਉਂ? ਮੈਂ ਉਹਨਾਂ ਨੂੰ ਕੁੱਤੇ ਦਾ ਮਾਸ ਖਾਣ ਲਈ ਕਹਿਣਾ ਚਾਹਾਂਗਾ। ਇਹ ਸਿਹਤ ਲਈ ਵਧੀਆ ਹੈ। ਹੋਰ ਜਾਨਵਰਾਂ ਦਾ ਮਾਸ ਵੀ ਖਾਣ। ਤੁਹਾਨੂੰ ਕੌਣ ਰੋਕ ਰਿਹਾ ਹੈ? ਪਰ ਸੜਕ ‘ਤੇ ਨਹੀਂ ਅਪਣੇ ਘਰ ਦੇ ਅੰਦਰ ਖਾਓ’।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ‘ਗਊ ਸਾਡੀ ਮਾਤਾ ਹੈ ਅਤੇ ਅਸੀਂ ਗਾਂ ਨੂੰ ਮਾਰਨਾ ਸਮਾਜ-ਵਿਰੋਧੀ ਮੰਨਦੇ ਹਾਂ। ਅਜਿਹੇ ਲੋਕ ਹਨ ਜੋ ਵਿਦੇਸ਼ੀ ਕੁੱਤਿਆਂ ਨੂੰ ਘਰ ‘ਤੇ ਰੱਖਦੇ ਹਨ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਮਲਮੂਤਰ ਨੂੰ ਵੀ ਸਾਫ਼ ਕਰਦੇ ਹਨ। ਇਹ ਮਹਾਂ ਅਪਰਾਧ ਹੈ’। ਦਲੀਪ ਘੋਸ਼ ਨੇ ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਦੇਸੀ ਗਾਂ ਦੇ ਦੁੱਧ ਵਿਚ ਸੋਨਾ ਹੁੰਦਾ ਹੈ ਅਤੇ ਇਸੇ ਲਈ ‘ ਇਸ ਦਾ ਦੁੱਧ ਸੁਨਿਹਰਾ ਦਿਖਦਾ ਹੈ’।ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ‘ਭਾਰਤ ਗੋਪਾਲ (ਭਗਵਾਨ ਕ੍ਰਿਸ਼ਣ) ਦਾ ਸਥਾਨ ਹੈ ਅਤੇ ਗਾਂ ਦੇ ਪ੍ਰਤੀ ਸਨਮਾਨ ਹਮੇਸ਼ਾਂ ਲਈ ਹੀ ਰਹੇਗਾ। ਮਾਂ ਗਊ ਦੀ ਹੱਤਿਆ ਇਕ ਘੋਰ ਅਪਰਾਧ ਹੈ ਅਤੇ ਅਸੀਂ ਇਸ ਦਾ ਵਿਰੋਧ ਕਰਨਾ ਜਾਰੀ ਰੱਖਾਂਗੇ’। ‘ਦੇਸੀ’ ਅਤੇ ‘ਵਿਦੇਸ਼ੀ’ ਗਾਂ ਵਿਚਕਾਰ ਤੁਲਨਾ ਕਰਦੇ ਹੋਏ ਘੋਸ਼ ਨੇ ਕਿਹਾ, ‘ਸਿਰਫ਼ ਦੇਸੀ ਗਾਂ ਹੀ ਸਾਡੀ ਮਾਂ ਹੁੰਦੀ ਹੈ, ਨਾ ਕਿ ਵਿਦੇਸ਼ੀ। ਜੋ ਵਿਦੇਸ਼ੀ ਪਤਨੀਆਂ ਲਿਆਉਂਦੇ ਹਨ, ਹੁਣ ਉਹ ਮੁਸ਼ਕਿਲ ਵਿਚ ਹਨ’।