FEATURED NEWS News SPORTS NEWS

ਭਾਰਤ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ

ਪੋਟਚੈਫਸਟਰੂਮ : ਯਸ਼ਸਵੀ ਜੈਸਵਾਲ ਅਤੇ ਅਥਰਵ ਅੰਕੋਲੇਕਰ ਦੇ ਨੀਮ ਸੈਂਕੜਿਆਂ ਅਤੇ ਮਗਰੋਂ ਗੇਂਦਬਾਜ਼ੀ ਦੌਰਾਨ ਕਾਰਿਤਕ ਤਿਆਗੀ ਤੇ ਆਕਾਸ਼ ਸਿੰਘ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 74 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾ ਲਿਆ ਹੈ। ਭਾਰਤ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 233 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ 43.3 ਓਵਰਾਂ ਵਿੱਚ 159 ਦੌੜਾਂ ’ਤੇ ਢੇਰ ਹੋ ਗਈ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਸੈਮ ਫੈਨਿੰਗ ਨੇ 75 ਦੌੜਾਂ ਨਾਲ ਵਿਕਟ ਉੱਤੇ ਖੜਨ ਦਾ ਦਮ ਵਿਖਾਇਆ, ਜਿੰਨੀ ਦੇਰ ਉਹ ਮੈਦਾਨ ’ਤੇ ਰਿਹਾ, ਆਸਟਰੇਲਿਆਈ ਟੀਮ ਦੀ ਜਿੱਤ ਦੀ ਉਮੀਦ ਬਣੀ ਰਹੀ। ਉਸ ਨੇ ਲਿਆਮ ਸਕੌਟ (35 ਦੌੜਾਂ) ਨਾਲ ਛੇਵੀਂ ਵਿਕਟ ਲਈ 81 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਤਿਆਗੀ ਨੇ 24 ਦੌੜਾਂ ਦੇ ਕੇ ਚਾਰ, ਜਦੋਂਕਿ ਆਕਾਸ਼ ਨੇ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇੱਕ ਵਿਕਟ ਰਵੀ ਬਿਸ਼ਨੋਈ ਦੇ ਹਿੱਸੇ ਆਈ। ਇਸ ਤੋਂ ਪਹਿਲਾਂ ਟਾਸ ਗੁਆ ਕੇ ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਦਾ ਸੀਨੀਅਰ ਕ੍ਰਮ ਚੰਗੀ ਭਾਈਵਾਲੀ ਕਰਨ ਵਿੱਚ ਅਸਫਲ ਰਿਹਾ, ਪਰ ਅਥਰਵ ਅਤੇ ਰਵੀ ਬਿਸ਼ਨੋਈ (30 ਦੌੜਾਂ) ਨੇ ਸੱਤਵੀਂ ਵਿਕਟ ਲਈ 61 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਖੱਬੇ ਹੱਥ ਦੇ ਬੱਲੇਬਾਜ਼ ਅਥਰਵ ਨੇ ਛੱਕਾ ਮਾਰ ਕੇ ਆਪਣਾ ਨੀਮ ਸੈਂਕੜਾ (ਨਾਬਾਦ 55 ਦੌੜਾਂ) ਪੂਰਾ ਕੀਤਾ। ਉਸ ਨੇ 55 ਗੇਂਦਾਂ ਦੀ ਨਾਬਾਦ ਪਾਰੀ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਜੜਿਆ। ਬਿਸ਼ਨੋਈ ਨੇ ਰਨ ਆਊਟ ਹੋਣ ਤੋਂ ਪਹਿਲਾਂ 31 ਗੇਂਦਾਂ ਦੀ ਪਾਰੀ ਵਿੱਚ ਇੱਕ ਚੌਕਾ ਅਤੇ ਇੱਕ ਛੱਕਾ ਮਾਰਿਆ। ਇਸ ਤੋਂ ਪਹਿਲਾਂ ਸੀਨੀਅਰ ਕ੍ਰਮ ਵਿੱਚ ਸਿਰਫ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਹੀ ਆਸਟਰੇਲਿਆਈ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕਿਆ। ਉਸ ਨੇ 82 ਗੇਂਦਾਂ ਵਿੱਚ ਛੇ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਦਿਵਿਆਂਸ਼ ਸਕਸੈਨਾ (14 ਦੌੜਾਂ), ਤਿਲਕ ਵਰਮਾ (ਦੋ ਦੌੜਾਂ), ਪ੍ਰਿਯਮ ਗਰਗ (ਪੰਜ ਦੌੜਾਂ) ਅਤੇ ਧਰੁਵ ਜੁਅਲ (15 ਦੌੜਾਂ) ਸੰਘਰਸ਼ ਕਰਦੇ ਦਿਸੇ। ਸਿੱਦੇਸ਼ਵੀਰ ਕ੍ਰੀਜ਼ ’ਤੇ ਜ਼ਿਆਦਾ ਸਮਾਂ ਰਿਹਾ, ਪਰ ਵੱਡੀ ਪਾਰੀ ਨਹੀਂ ਖੇਡ ਸਕਿਆ। ਉਸ ਨੇ 42 ਗੇਂਦਾਂ ਵਿੱਚ 25 ਦੌੜਾਂ ਬਣਾਈਆਂ।
ਆਸਟਰੇਲੀਆ ਲਈ ਕੋਰੇ ਕੈਲੀ ਨੇ 45 ਦੌੜਾਂ ਦੇ ਕੇ, ਜਦੋਂਕਿ ਟੋਡੀ ਮਰਫ਼ੀ ਨੇ 40 ਦੌੜਾਂ ਦੇ ਕੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਆਸਟਰੇਲੀਆ ਵੱਲੋਂ ਮੈਥਿਊ ਵਿਲੀਅਮਜ਼ (41 ਦੌੜਾਂ ਦੇ ਕੇ), ਕੋਨਰ ਸੂਲੀ (56 ਦੌੜਾਂ ਦੇ ਕੇ) ਅਤੇ ਤਨਵੀਰ ਸੰਘਾ (39 ਦੌੜਾਂ ਦੇ ਕੇ) ਨੂੰ ਇੱਕ-ਇੱਕ ਵਿਕਟ ਹੀ ਹੱਥ ਲੱਗੀ।