ARTICLES JATINDER PANNU

ਭ੍ਰਿਸ਼ਟਾਚਾਰ: ਛੋਟੀਆਂ ਮੱਛੀਆਂ ਬਨਾਮ ਵੱਡੀਆਂ ਮੱਛੀਆਂ

-ਜਤਿੰਦਰ ਪਨੂੰ

ਪੰਜਾਬੀ ਦੇ ਦੋ ਮੁਹਾਵਰਿਆਂ ਵਿਚੋਂ ਇੱਕ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਤੇ ਦੂਸਰੇ ਬਾਰੇ ਬਹੁਤੇ ਪੰਜਾਬੀ ਲੋਕ ਵੀ ਨਹੀਂ ਜਾਣਦੇ। ਬਹੁਤਾ ਪ੍ਰਚਲਿਤ ਮੁਹਾਵਰਾ ਇਹ ਹੈ ਕਿ ‘ਚੋਰੀ ਲੱਖ ਦੀ ਵੀ ਹੁੰਦੀ ਹੈ ਤੇ ਕੱਖ ਦੀ ਵੀ।’ ਇਸ ਮੁਹਾਵਰੇ ਰਾਹੀਂ ਕਿਸੇ ਭੁੱਖੇ ਵੱਲੋਂ ਕਿਸੇ ਦੇ ਖੇਤ ਵਿਚੋਂ ਦੋ ਖਰਬੂਜ਼ੇ ਤੋੜ ਕੇ ਚੱਬ ਲੈਣ ਅਤੇ ਕਿਸੇ ਸਿਆਸੀ ਠੱਗ ਵਲੋਂ ਸਾਰੇ ਰਾਜ ਦਾ ਖਜ਼ਾਨਾ ਲੁੱਟ ਲੈਣ ਨੂੰ ਇੱਕੋ ਛਾਬੇ ਵਿਚ ਤੋਲ ਦਿੱਤਾ ਜਾਂਦਾ ਹੈ ਕਿ ਇਹ ਬੰਦਾ ਜ਼ਮੀਰ ਕਾਇਮ ਨਹੀਂ ਰੱਖ ਸਕਿਆ। ਇਸ ਤਰ੍ਹਾਂ ਦਾ ਤੋਲ-ਤੁਲਾਵਾ ਬੇਇਨਸਾਫੀ ਜਾਪਦਾ ਹੈ। ਕਈ ਵਾਰੀ ਕੋਈ ਬੰਦਾ ਆਪਣੇ ਢਿੱਡ ਦੀ ਭੁੱਖ ਦਾ ਸਤਾਇਆ ਨਹੀਂ, ਨੀਤ ਦੀ ਭੁੱਖ ਦਾ ਸਤਾਇਆ ਇਹ ਕੁਝ ਕਰਦਾ ਤੇ ਏਦਾਂ ਛੋਟਾ ਗੁਨਾਹ ਕਰਦਾ ਕਾਬੂ ਆ ਜਾਂਦਾ ਹੈ, ਪਰ ਓਸੇ ਬੰਦੇ ਦੀਆਂ ਕੀਤੀਆਂ ਵੱਡੀਆਂ ਚੋਰੀਆਂ ਲੁਕੀਆਂ ਰਹਿ ਜਾਂਦੀਆਂ ਹਨ। ਦੂਸਰਾ ਘੱਟ ਪ੍ਰਚਲਿਤ ਮੁਹਾਵਰਾ ਇਹ ਹੈ ਕਿ ‘ਆਲੇ ਵਿਚ ਤੜੀਆਂ ਨੂੰ ਛੱਡ ਕੇ ਉੱਡਦੀਆਂ ਮਗਰ ਨਹੀਂ ਦੌੜੀਦਾ’। ਇਸ ਦੇ ਅਰਥਾਂ ਅੰਦਰ ਬੜਾ ਕੁਝ ਲੁਕਿਆ ਪਿਆ ਹੈ। ਆਲੇ ਵਿਚ ਤੜੇ ਹੋਏ ਸ਼ਿਕਾਰ ਨੂੰ ਤੁਸੀਂ ਜਦੋਂ ਮਰਜ਼ੀ ਹੱਥ ਪਾ ਸਕਦੇ ਹੋ, ਪਰ ਉੱਡਦੇ ਜਾਂਦੇ ਦੇ ਮਗਰ ਜ਼ਮੀਨ ਉਤੇ ਦੌੜਨ ਨਾਲ ਸਿਰਫ ਆਪਣਾ ਵਕਤ ਖਰਾਬ ਕਰੋਗੇ, ਲੱਭਣਾ ਕੁਝ ਵੀ ਨਹੀਂ।
ਜਿੱਥੋਂ ਤੱਕ ਪਹਿਲੇ ਮੁਹਾਵਰੇ ਦਾ ਸਬੰਧ ਹੈ, ਉਸ ਦਾ ਚੇਤਾ ਸਾਨੂੰ ਉਸ ਕੇਸ ਤੋਂ ਆਇਆ, ਜਿਹੜਾ ਇਸ ਵੇਲੇ ਕੇਰਲਾ ਦੇ ਮੁੱਖ ਮੰਤਰੀ ਓਮਨ ਚਾਂਡੀ ਦੇ ਖਿਲਾਫ ਚਰਚਾ ਵਿਚ ਹੈ। ਇੱਕ ਕੇਸ ਦੇ ਦੋਸ਼ੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਓਮਨ ਚਾਂਡੀ ਨੇ ਵੀ ਉਸ ਤੋਂ ਦੋ ਕਰੋੜ ਰੁਪਏ ਦੇ ਕਰੀਬ ਰਿਸ਼ਵਤ ਮੰਗੀ ਸੀ। ਇਸ ਵਕਤ ਭਾਰਤ ਦੇ ਕਿਸੇ ਵੀ ਰਾਜ ਵਿਚ ਦੋ ਕਰੋੜ ਰੁਪਏ ਦਾ ਇਹੋ ਜਿਹਾ ਲੈਣ-ਦੇਣ ਮਾਮੂਲੀ ਗੱਲ ਮੰਨਿਆ ਜਾਂਦਾ ਹੈ। ਸਿਰਫ ਦਿੱਲੀ ਸਰਕਾਰ ਨੂੰ ਹਾਲ ਦੀ ਘੜੀ ਵੱਖਰਾ ਗਿਣਿਆ ਜਾ ਰਿਹਾ ਹੈ, ਉਹ ਵੀ ਪਤਾ ਨਹੀਂ ਕਿੰਨਾ ਚਿਰ ਵੱਖਰੀ ਗਿਣੀ ਜਾਵੇਗੀ, ਬਾਕੀ ਸਭ ਥਾਂਈਂ ਇਹੋ ਹਾਲ ਹੈ। ਕੇਰਲਾ ਦਾ ਮੁੱਖ ਮੰਤਰੀ ਓਮਨ ਚਾਂਡੀ ਸਿਰਫ ਦੋ ਕਰੋੜ ਮੰਗਣ ਜੋਗਾ ਹੋਵੇਗਾ, ਇਹ ਮੰਨਣਾ ਔਖਾ ਹੈ। ਹੋਣ ਨੂੰ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਜਥੇਦਾਰ ਤੋਤਾ ਸਿੰਘ ਆਪਣੇ ਉੱਤੇ ਲੱਗੇ ਵੱਡੇ ਦੋਸ਼ਾਂ ਤੋਂ ਬਚਿਆ ਰਿਹਾ ਤੇ ਸਿਰਫ ਸਰਕਾਰੀ ਕਾਰ ਦੀ ਦੁਰਵਰਤੋਂ ਦੇ ਟੁੱਚਲ ਜਿਹੇ ਇੱਕ ਕੇਸ ਵਿਚ ਅਦਾਲਤ ਤੋਂ ਉਸ ਨੂੰ ਸਜ਼ਾ ਹੋਈ ਹੈ, ਉਵੇਂ ਹੀ ਓਮਨ ਚਾਂਡੀ ਨਾਲ ਵੀ ਹੋ ਜਾਵੇ। ਹਿਮਾਚਲ ਦਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਇੱਕ ਵਕਤ ਇੱਕ ਰਿਆਸਤ ਦਾ ਰਾਜਾ ਹੁੰਦਾ ਸੀ। ਹੁਣ ਉਸ ਉਤੇ ਇਹ ਦੋਸ਼ ਹੈ ਕਿ ਉਸ ਨੇ ਰਿਸ਼ਵਤ ਦੇ ਪੈਸੇ ਨੂੰ ਆਪਣੇ ਬਾਗਾਂ ਦੇ ਸੇਬਾਂ ਦੀ ਵਿਕਰੀ ਦੀ ਆਮਦਨ ਦਿਖਾ ਕੇ ਕਾਨੂੰਨ ਨੂੰ ਧੋਖਾ ਦਿੱਤਾ ਹੈ। ਫਸਦਾ ਉਹ ਇਸ ਕਾਰਨ ਹੈ ਕਿ ਕਰੋੜਾਂ ਰੁਪਏ ਦੇ ਸੇਬ ਪੰਜਾਬ ਨੂੰ ਭੇਜਣ ਲਈ ਜਿਨ੍ਹਾਂ ਟਰੱਕਾਂ ਦੇ ਨੰਬਰ ਦਰਜ ਕੀਤੇ, ਉਹ ਨੰਬਰ ਟਰੱਕਾਂ ਦੇ ਨਹੀਂ, ਦੋ-ਪਹੀਆ ਸਕੂਟਰਾਂ ਦੇ ਨਿਕਲੇ ਹਨ। ਇਹੋ ਜਿਹੇ ਕੇਸਾਂ ਵਿਚ ਪੰਜਾਬੀ ਦੇ ਮੁਹਾਵਰੇ ਵਾਂਗ ਹਾਥੀ ਆਰਾਮ ਨਾਲ ਨਿਕਲ ਜਾਂਦੇ ਹਨ ਤੇ ਪੂਛ ਕਈ ਵਾਰ ਅੜ ਜਾਂਦੀ ਹੈ ਤੇ ਜਿਹੜੀ ਪੂਛ ਹੁਣ ਤੱਕ ਕਈ ਲੋਕਾਂ ਨੂੰ ਫਸਾ ਚੁੱਕੀ ਹੈ, ਉਹ ਓਮਨ ਚਾਂਡੀ ਨੂੰ ਫਸਾਉਣ ਲੱਗੀ ਹੈ।
ਇਨ੍ਹਾਂ ਓਮਨ ਚਾਂਡੀਆਂ ਤੇ ਵੀਰ ਭੱਦਰਾਂ ਨੂੰ ‘ਕੱਖ ਦੀ ਚੋਰੀ’ ਕਰ ਕੇ ਲੱਖ ਵਾਲਿਆਂ ਨਾਲ ਤੋਲਣ ਦੇ ਮੁਹਾਵਰੇ ਨਾਲ ਜੋੜ ਕੇ ਕੋਈ ਲਿਹਾਜ ਦੇਣ ਦੇ ਪੱਖ ਵਿਚ ਅਸੀਂ ਨਹੀਂ ਖੜੋ ਸਕਦੇ, ਪਰ ਇਸ ਛੋਟੀ ਠੱਗੀ ਦੇ ਹੰਗਾਮੇ ਵਿਚ ਵੱਡੀਆਂ ਠੱਗੀਆਂ ਨੂੰ ਅੱਖੋਂ-ਪਰੋਖੇ ਕੀਤੇ ਜਾਣ ਤੋਂ ਹੈਰਾਨ ਹਾਂ। ਪੰਜਾਬ ਵਿਚ ਪਰਲਜ਼ ਗਰੀਨ ਕੰਪਨੀ ਨੇ ਠੱਗੀ ਸ਼ੁਰੂ ਕਰਨ ਪਿੱਛੋਂ ਭਾਰਤ ਦੇ ਕਈ ਰਾਜਾਂ ਵਿਚ ਜਾਲ ਸੁੱਟ ਕੇ ਮੱਛੀਆਂ ਫੜਨ ਵਾਂਗ ਅਮੀਰੀ ਦੇ ਸੁਫਨੇ ਲੈਂਦੇ ਮੱਧ-ਵਰਗੀ ਲੋਕਾਂ ਨੂੰ ਲੁੱਟ ਲਿਆ। ਸਾਰੀ ਲੁੱਟ ਕਰੀਬ ਅਠਵੰਜਾ ਹਜ਼ਾਰ ਕਰੋੜ ਤੋਂ ਉਪਰ ਬਣਦੀ ਹੈ। ਉਸ ਕੰਪਨੀ ਦਾ ਮੁਖੀਆ ਕਈ ਸਾਲ ਪੰਜਾਬ ਵਿਚ ਰਾਜ ਕਰਦੇ ਚਿੱਟੇ-ਨੀਲੇ ਹਰ ਰੰਗ ਦੇ ਹਾਕਮਾਂ ਦਾ ਚਹੇਤਾ ਬਣਿਆ ਰਿਹਾ। ਉਂਜ ਉਹ ਅਜੇ ਤੱਕ ਉਨ੍ਹਾਂ ਦਾ ਚਹੇਤਾ ਹੈ। ਬਠਿੰਡੇ ਵਿਚ ਰੈਲੀ ਕਰਨ ਲਈ ਦੋਵਾਂ ਮੁੱਖ ਸਿਆਸੀ ਪਾਰਟੀਆਂ ਨੇ ਗਰਾਊਂਡ ਓਸੇ ਵਾਲੀ ਵਰਤਣੀ ਮੁਨਾਸਿਬ ਸਮਝੀ ਹੈ। ਹੁਣ ਉਹ ਜੇਲ੍ਹ ਵਿਚ ਹੈ। ਇਸ ਤੋਂ ਪਹਿਲਾਂ ਸਹਾਰਾ ਕੰਪਨੀ ਦੇ ਮੁਖੀਏ ਸੁਬਰਤੋ ਰਾਏ ਉਤੇ ਇਹੋ ਜਿਹਾ ਕੇਸ ਬਣਿਆ ਤੇ ਉਸ ਨੂੰ ਆਮ ਲੋਕਾਂ ਨਾਲ ਕੁੱਲ ਅਠੱਤੀ ਹਜ਼ਾਰ ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਵਿਚ ਅਦਾਲਤ ਨੇ ਜੇਲ੍ਹ ਭੇਜਿਆ ਸੀ, ਪਰ ਉਸ ਦੀ ਅਸਲ ਠੱਗੀ ਇਸ ਤੋਂ ਕਈ ਗੁਣਾਂ ਵੱਧ ਬਣ ਸਕਦੀ ਹੈ। ਪਰਲਜ਼ ਅਤੇ ਸਹਾਰਾ ਦੋਵਾਂ ਦੀ ਇੱਕ ਗੱਲ ਦੀ ਸਾਂਝ ਹੈ ਕਿ ਦੋਵਾਂ ਨੇ ਹਾਕਮ ਧਿਰਾਂ ਨੂੰ ਨਿਹਾਲ ਕਰਨ ਦੇ ਨਾਲ ਭਾਰਤ ਦੀਆਂ ਖੇਡ ਸਰਗਰਮੀਆਂ ਵਿਚ ਟੂਰਨਾਮੈਂਟਾਂ ਅਤੇ ਟੀਮਾਂ ਨੂੰ ਸਪਾਂਸਰ ਕਰਨ ਲਈ ਖੁੱਲ੍ਹੇ ਦਿਲ ਨਾਲ ਪੈਸਾ ਖਰਚ ਕੀਤਾ ਸੀ। ਇਹ ਅਸਲ ਵਿਚ ਖਰਚਾ ਕਰਨਾ ਨਹੀਂ, ਬਲਕਿ ਠੱਗੀ ਦੇ ਆਪਣੇ ਬਿਜਨਸ ਨੂੰ ਵਧਾਉਣ ਲਈ ਪੂੰਜੀ ਲਾਉਣ ਵਾਂਗ ਸੀ ਤੇ ਇਸ ਪੂੰਜੀ ਨਾਲ ਉਹ ਕਈ ਹੋਰ ਖੇਡਾਂ ਪਰਦੇ ਦੇ ਓਹਲੇ ਖੇਡਦੇ ਰਹੇ ਸਨ।
ਹੁਣ ਇਸ ਦੇਸ਼ ਵਿਚ ਇੱਕ ਜਣਾ 38 ਹਜ਼ਾਰ ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਵਿਚ ਜੇਲ੍ਹ ਵਿਚ ਬੈਠਾ ਹੈ ਤੇ ਦੂਸਰੇ ਨੂੰ 58 ਹਜ਼ਾਰ ਕਰੋੜ ਦੇ ਕੇਸ ਵਿਚ ਜੇਲ੍ਹ ਜਾਣਾ ਪਿਆ ਹੈ, ਪਰ ਮੀਡੀਏ ਵਿਚ ਰੌਲਾ ਓਮਨ ਚਾਂਡੀ ਦੇ ਦੋ ਕਰੋੜ ਰੁਪਏ ਦਾ ਪੈ ਰਿਹਾ ਹੈ। ਲੁਧਿਆਣੇ ਵਿਚ ਇੱਕ ਤਹਿਸੀਲਦਾਰ ਨੂੰ ਵਿਜੀਲੈਂਸ ਨੇ ਫੜਿਆ ਸੀ। ਉਸ ਨੇ ਜਾਂਚ ਦੌਰਾਨ ਬਿਆਨ ਦਿੱਤਾ ਕਿ ਐਸ ਡੀ ਐਮ ਅਤੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਉਪਰ ਤੱਕ ਹਰ ਮਹੀਨੇ ਬਿਲਾ ਨਾਗਾ ਉਹ ਕਈ ਕਰੋੜ ਰੁਪਏ ਦੇਂਦਾ ਸੀ। ਅਦਾਲਤ ਵਿਚ ਵਿਜੀਲੈਂਸ ਆਪਣੀ ਕਾਰਵਾਈ ਉਤੇ ਕਾਇਮ ਰਹੀ, ਤਹਿਸੀਲਦਾਰ ਦੇ ਪੱਖ ਵਿਚ ਅਫਸਰ ਆ ਗਏ, ਜਿਹੜੇ ਹਿੱਸਾ ਲੈਂਦੇ ਰਹੇ ਸਨ। ਵਿਜੀਲੈਂਸ ਵੀ ਸਰਕਾਰ ਦੀ ਸੀ, ਅਫਸਰਸ਼ਾਹੀ ਵੀ ਸਰਕਾਰ ਦੀ, ਪਰ ਦੋਵਾਂ ਵਿਚੋਂ ਜਦੋਂ ਕੋਈ ਧਿਰ ਵੀ ਆਪਣੀ ਗੱਲ ਤੋਂ ਪਿੱਛੇ ਨਾ ਹਟੀ ਤਾਂ ਨਵਾਂ ਰਾਹ ਕੱਢ ਲਿਆ ਸੀ। ਉਸ ਤਹਿਸੀਲਦਾਰ ਨੂੰ ਪੰਜਾਬ ਦੇ ਮਾਲ ਮੰਤਰੀ ਨੇ ਆਪਣੇ ਹਲਕੇ ਵਾਲੀ ਤਹਿਸੀਲ ਵਿਚ ਤਬਦੀਲ ਕਰਵਾ ਲਿਆ ਤੇ ਉਹ ਡਿਪਟੀ ਕਮਿਸ਼ਨਰਾਂ ਕੋਲ ਜਾਣ ਦੀ ਥਾਂ ਹਰ ਸ਼ਾਮ ਬਿਲਾ ਨਾਗਾ ਮੰਤਰੀ ਦੀ ਕੋਠੀ ਜਾਣ ਲੱਗ ਪਿਆ ਸੀ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਆਖਿਆ ਜਾਂਦਾ ਹੈ। ਏਸੇ ਲਈ ਜਿਹੋ ਜਿਹਾ ਕੰਮ ਪੰਜਾਬ ਵਿਚ ਹੁੰਦਾ ਰਹਿੰਦਾ ਹੈ, ਕੇਰਲਾ ਵਿਚ ਵੀ ਉਹੋ ਜਿਹਾ ਕੰਮ ਮੁੱਖ ਮੰਤਰੀ ਓਮਨ ਚਾਂਡੀ ਕਰੀ ਜਾ ਰਿਹਾ ਹੈ। ਬਾਕੀ ਰਾਜਾਂ ਦੇ ਵਿਚ ਵੀ ਏਦਾਂ ਹੀ ਹੁੰਦਾ ਹੈ। ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਰਿਸ਼ਤੇਦਾਰੀ ਸਮਾਜ ਦੀ ਹਰ ਨੁੱਕਰ ਤੱਕ ਪਹੁੰਚੀ ਹੋਈ ਹੈ।
ਇਸ ਚੱਕਰ ਵਿਚ ਅਸੀਂ ਜਦੋਂ ਵੱਡੇ ਠੱਗਾਂ ਤੇ ਵੱਡੇ ਚੋਰਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਹੋਰ ਬੰਦੇ ਦਾ ਨਾਂ ਆ ਜਾਂਦਾ ਹੈ, ਜਿਹੜਾ ਨਾਜਾਇਜ਼ ਧੰਦੇ ਵੀ ਕਰਦਾ ਹੈ ਤੇ ਉਸ ਨੇ ਭਾਰਤ ਸਰਕਾਰ ਦੇ ਟੈਕਸਾਂ ਦੇ ਬਕਾਏ ਹੀ 90 ਹਜ਼ਾਰ ਕਰੋੜ ਤੋਂ ਵੱਧ ਦੇ ਦੇਣੇ ਹਨ, ਪਰ ਕੋਈ ਸਰਕਾਰ ਉਸ ਨੂੰ ਹੱਥ ਨਹੀਂ ਪਾ ਸਕੀ। ਹਸਨ ਅਲੀ ਨਾਂ ਦਾ ਇਹ ਬੰਦਾ ਘੋੜਿਆਂ ਦਾ ਵਪਾਰੀ ਕਿਹਾ ਜਾਂਦਾ ਹੈ। ਇੰਟਰਨੈਟ ‘ਤੇ ਪ੍ਰਾਪਤ ਸੂਚਨਾ ਮੁਤਾਬਕ ਉਸ ਦੇ ਸਵਿੱਸ ਬੈਂਕ ਵਾਲੇ ਖਾਤੇ ਵਿਚ ਕਰੀਬ ਅੱਠ ਸੌ ਕਰੋੜ ਡਾਲਰ (50 ਹਜ਼ਾਰ ਕਰੋੜ ਰੁਪਏ) ਜਮ੍ਹਾਂ ਹੋਣ ਦੀ ਰਿਪੋਰਟ ਜਦੋਂ ਮਨਮੋਹਨ ਸਿੰਘ ਦੀ ਭਾਰਤ ਸਰਕਾਰ ਨੂੰ ਮਿਲੀ ਤਾਂ ਕਾਰਵਾਈ ਸ਼ੁਰੂ ਹੋਈ। ਕੁਝ ਚਿਰ ਪਿੱਛੋਂ ਉਦੋਂ ਦੇ ਖਜ਼ਾਨਾ ਮੰਤਰੀ ਤੇ ਸਾਡੇ ਅਜੋਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹ ਐਲਾਨ ਕੀਤਾ ਕਿ ਸਵਿੱਸ ਬੈਂਕ ਦੇ ਹਸਨ ਅਲੀ ਦੇ ਖਾਤੇ ਖਾਲੀ ਕੀਤੇ ਹੋਏ ਹਨ, ਉਨ੍ਹਾਂ ਵਿਚ ਹੁਣ ਕੁਝ ਵੀ ਨਹੀਂ। ਗਿਆਰਾਂ ਮਹੀਨੇ ਪਿੱਛੋਂ ਖਜ਼ਾਨਾ ਮੰਤਰਾਲੇ ਦੀ ਸਟੈਂਡਿੰਗ ਕਮੇਟੀ ਨੂੰ ਸਰਕਾਰ ਨੇ ਦੱਸਿਆ ਕਿ ਹਸਨ ਅਲੀ ਵੱਲ 91 ਹਜ਼ਾਰ ਕਰੋੜ ਤੋਂ ਵੱਧ ਰਕਮ ਟੈਕਸਾਂ ਦੀ ਇਹੋ ਜਿਹੀ ਬਣਦੀ ਹੈ, ਜਿਸ ਦੀ ਵਸੂਲੀ ਹੋ ਸਕਣ ਦੀ ਕੋਈ ਝਾਕ ਨਹੀਂ ਰੱਖੀ ਜਾ ਸਕਦੀ। ਫਿਰ ਤਾਂ ‘ਭਾਰਤ ਭਾਗ ਵਿਧਾਤਾ’ ਗਾਉਣਾ ਹੀ ਠੀਕ ਹੈ!
ਹੈਰਾਨੀ ਦੀ ਗੱਲ ਏਥੋਂ ਤੱਕ ਆਣ ਕੇ ਰੁਕਦੀ ਨਹੀਂ, ਸਗੋਂ ਹੋਰ ਅੱਗੇ ਤੁਰ ਪੈਂਦੀ ਹੈ। ਜਦੋਂ ਨਰਿੰਦਰ ਮੋਦੀ ਦੀ ਦੌੜ ਭਾਰਤ ਦੇ ਪ੍ਰਧਾਨ ਮੰਤਰੀ ਵਾਲੀ ਕੁਰਸੀ ਵੱਲ ਸੇਧਤ ਸੀ, ਉਦੋਂ ਚੋਣ ਪ੍ਰਚਾਰ ਵਿਚ ਉਸ ਨੇ ਕੁਝ ਨਾਅਰੇ ਦਿੱਤੇ ਤੇ ਸਬਜ਼ਬਾਗ ਵਿਖਾਏ ਸਨ। ਇਨ੍ਹਾਂ ਵਿਚ ਇੱਕ ਇਹ ਸੀ ਕਿ ‘ਮੈਂ ਨਾ ਖਾਊਂਗਾ, ਨਾ ਖਾਨੇ ਦੂੰਗਾ’। ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੇ ਕਈ ਮਾਮਲਿਆਂ ਵਿਚ ਇਹ ਗੱਲ ਆਪ ਹੀ ਮੰਨ ਲਈ ਜਾਂ ਉਸ ਦੇ ਨੇੜਲਿਆਂ ਨੇ ਮੰਨ ਲਈ ਕਿ ਏਦਾਂ ਦੇ ਨਾਅਰੇ ਸਿਰਫ ਚੋਣ ਟੋਟਕੇ ਸਨ, ਪਰ ਕੁਝ ਗੱਲਾਂ ਉਨ੍ਹਾਂ ਦੇ ਅਮਲਾਂ ਤੋਂ ਸਾਬਤ ਹੋ ਗਈਆਂ। ਜਦੋਂ ਮੌਜੂਦਾ ਸਰਕਾਰ ਬਣੀ ਨੂੰ ਸਾਢੇ ਦਸ ਮਹੀਨੇ ਹੋ ਗਏ, ਉਦੋਂ ਆਮਦਨ ਟੈਕਸ ਵਿਭਾਗ ਨੇ ਦੇਸ਼ ਦੇ ਸਭ ਤੋਂ ਵੱਡੇ ਟੈਕਸ ਚੋਰਾਂ ਦੀ ਸੂਚੀ ਜਾਰੀ ਕਰ ਦਿੱਤੀ, ਜਿਸ ਨੂੰ ਲੋਕਾਂ ਨੇ ਗਹੁ ਨਾਲ ਪੜ੍ਹਿਆ, ਪਰ ਇਸ ਵਿਚਲੀ ਗੁੱਝੀ ਗੱਲ ਅਣਗੌਲੀ ਕਰ ਗਏ। ਉਹ ਗੁੱਝੀ ਗੱਲ ਇਹ ਸੀ ਕਿ ਇਸ ਸੂਚੀ ਵਿਚ ਸਭ ਤੋਂ ਵੱਡੇ ਟੈਕਸ ਚੋਰ ਵਜੋਂ ਕਿਸੇ ਇੱਕ ਕੰਪਨੀ ਦਾ ਨਾਂ ਦਰਜ ਸੀ ਤੇ ਉਸ ਵੱਲ ਸਿਰਫ 75 ਕਰੋੜ ਰੁਪਏ ਨਿਕਲਦੇ ਸਨ। 75 ਕਰੋੜ ਰੁਪਏ ਤਾਂ ਸੌ ਕਰੋੜ ਵੀ ਨਹੀਂ ਹੁੰਦੇ ਤੇ ਵੱਡੇ ਤੀਹ ਟੈਕਸ ਚੋਰਾਂ ਦਾ ਕੁੱਲ ਮਿਲਾ ਕੇ 1500 ਕਰੋੜ ਬਣਦਾ ਸੀ, ਪਰ ਹਸਨ ਅਲੀ ਨਾਂ ਦੇ ਉਸ ਵਿਅਕਤੀ ਦਾ ਨਾਂ ਹੀ ਇਸ ਵਿਚ ਨਹੀਂ ਲੱਭਾ, ਜਿਸ ਬਾਰੇ ਪਿਛਲੀ ਸਰਕਾਰ ਨੇ ਕਿਹਾ ਸੀ ਕਿ ਟੈਕਸਾਂ ਦਾ 91 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਉਸ ਤੋਂ ਲੈਣਾ ਹੈ। ਉਸ ਵਿਅਕਤੀ ਦਾ ਨਾਂ ਕਿਵੇਂ ਗਾਇਬ ਹੋ ਗਿਆ, ਇਹ ਕਦੀ ਕਿਸੇ ਧਿਰ ਨੇ ਪੁੱਛਿਆ ਨਹੀਂ ਤੇ ਕਿਸੇ ਧਿਰ ਨੂੰ ਦੱਸਣ ਦੀ ਲੋੜ ਵੀ ਨਹੀਂ ਪਈ। ਇੱਕ ਵਾਰੀ ਅਸੀਂ ਸਾਰੇ ਇੱਕ ਮਨ ਹੋ ਕੇ ‘ਜਨ ਗਣ ਮਨ’ ਦੇ ਕੌਮੀ ਗੀਤ ਦੀ ‘ਭਾਰਤ ਭਾਗ ਵਿਧਾਤਾ’ ਵਾਲੀ ਰੱਟ ਲਾ ਸਕਦੇ ਹਾਂ!
ਕਮਾਲ ਦੀ ਗੱਲ ਇਹ ਹੈ ਕਿ ਅਜੇ ਤੱਕ ਵੀ ਸਾਨੂੰ ਇਹ ਕਹਿਣ ਵਾਲੇ ਮੰਤਰੀ ਤੇ ਉਨ੍ਹਾਂ ਨਾਲ ਮਿਲੇ ਹੋਏ ਯੋਗੀ ਰਾਮਦੇਵ ਵਰਗੇ ਸਾਧ ਮਿਲ ਜਾਂਦੇ ਹਨ, ਜਿਹੜੇ ਆਖਦੇ ਹਨ ਕਿ ਵਿਦੇਸ਼ਾਂ ਵਿਚੋਂ ਪਿਆ ਕਾਲਾ ਧਨ ਇੱਕ ਦਿਨ ਵਾਪਸ ਆ ਜਾਣਾ ਹੈ। ਇਹ ਦਿਨੇ ਸੁਫਨੇ ਵਿਖਾਉਣ ਵਾਲੀ ਗੱਲ ਹੈ। ਸਾਨੂੰ ਇੱਕ ਡਾਕਟਰ ਦੀ ਸੁਣਾਈ ਹੋਈ ਕਹਾਣੀ ਯਾਦ ਆਉਂਦੀ ਹੈ। ਉਸ ਨੇ ਦੱਸਿਆ ਕਿ ਅਸੀਂ ਲੋਕ ਕਿਸੇ ਬੱਚੇ ਨੂੰ ਟੀਕਾ ਲਾਉਣ ਲੱਗਿਆਂ ਬੱਚੇ ਦੇ ਡਰਨ ਦਾ ਚੇਤਾ ਰੱਖਦੇ ਹਾਂ ਤੇ ਉਸ ਦਾ ਧਿਆਨ ਪਾਸੇ ਪਾਉਣ ਲਈ ਕੁਝ ਨਾ ਕੁਝ ਕਹਿ ਛੱਡਦੇ ਹਾਂ। ਇੱਕ ਵਾਰ ਇੱਕ ਬੱਚੇ ਨੂੰ ਟੀਕਾ ਲਾਉਣਾ ਸੀ ਤਾਂ ਮੈਂ ਕਿਹਾ: ‘ਅਹੁ ਵੇਖ, ਉੱਪਰ ਛੱਤ ਨਾਲ ਲਟਕਦਾ ਝੂਮਰ ਕਿੰਨਾ ਸੋਹਣਾ ਹੈ?’ ਬੱਚਾ ਕਾਹਲੀ ਵਿਚ ਬੋਲਿਆ, ‘ਝੂਮਰ ਨਾ ਵਿਖਾਈ ਜਾਓ, ਜਿਹੜਾ ਟੀਕਾ ਲਾਉਣਾ ਹੈ, ਲਾ ਦਿਓ, ਝੂਮਰ ਵੇਖਦੇ ਕਿਧਰੇ ਗਲਤ ਜਗ੍ਹਾ ਟੀਕਾ ਨਾ ਲਾ ਛੱਡਿਓ।’ ਉਹ ਬੱਚਾ ਆਧੁਨਿਕ ਯੁੱਗ ਦਾ ਹੋਵੇਗਾ। ਅਸੀਂ ਲੋਕ ਇੱਕੀਵੀਂ ਸਦੀ ਵਿਚ ਵੀ ਏਨੇ ਸਿਆਣੇ ਨਹੀਂ ਹੋਏ ਕਿ ਦੇਸ਼ ਦੀ ਸਰਕਾਰ ਵੱਲੋਂ ਵੱਡੇ ਚੋਰ ਨਾਲ ਸਾਂਝ ਪੁਗਾਉਣ ਲਈ ਲੰਡੀ-ਬੁੱਚੀ ਮੁੱਦੇ ਉਛਾਲਣ ਦੀ ਖੇਡ ਸਮਝ ਸਕੀਏ। ਚੋਰ ਤਾਂ ਓਮਨ ਚਾਂਡੀ ਵੀ ਹੈ, ਛੱਡਣਾ ਬਿਲਕੁਲ ਨਹੀਂ ਚਾਹੀਦਾ, ਪਰ ਪਰਲਜ਼ ਗਰੀਨ ਦੇ ਨਿਰਮਲ ਭੰਗੂ, ਸਹਾਰਾ ਗਰੁਪ ਦੇ ਸੁਬਰਤੋ ਰਾਏ ਤੇ ਘੋੜਿਆਂ ਦੇ ਵਪਾਰੀ ਹਸਨ ਅਲੀ ਦਾ ਕੀ ਕਰਨਾ ਹੈ? ਇਸ ਬਾਰੇ ਕੋਈ ਨਹੀਂ ਦੱਸਦਾ। ਆਲੇ ਵਿਚ ਤੜੀਆਂ ਛੱਡ ਕੇ ਉਡਦੀਆਂ ਮਗਰ ਦੌੜਨ ਦੇ ਲਾਭ ਦਾ ਚੋਰਾਂ ਨੂੰ ਵੀ ਪਤਾ ਹੈ ਤੇ ਚੋਰਾਂ ਦੇ ਯਾਰਾਂ ਨੂੰ ਵੀ।