AUSTRALIAN NEWS

ਮਨਮੀਤ ਅਲੀਸ਼ੇਰ ਕਤਲ ਦਾ ਦੋਸ਼ੀ ਅਧਿਕਾਰਤ ਤੌਰ ‘ਤੇ ਮੁਕਤ

ਬ੍ਰਿਸਬੇਨ, (ਸੁਰਿੰਦਰਪਾਲ ਿਸੰਘ ਖੁਰਦ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ‘ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਅਦਾਲਤ ਨੇ ਅਜਿਹਾ ਫੈਸਲਾ ਲਿਆ ਕਿ ਉਸ ਦੇ ਮਾਪਿਆਂ ਦਾ ਹੌਂਸਲਾ ਹੀ ਟੁੱਟ ਗਿਆ ਹੈ। ਦੋਸ਼ੀ ਐਨਥਨੀ ਓ ਡੋਨੋਹੀਓ ਨੂੰ ਇੱਥੋਂ ਦੀ ਮਾਣਯੋਗ ਅਦਾਲਤ ਨੇ ਬੁੱਧਵਾਰ ਨੂੰ ਪੂਰਨ ਤੌਰ ‘ਤੇ ਫੌਜ਼ਦਾਰੀ ਕੇਸ ਨੂੰ ਖਾਰਜ ਕਰਦਿਆਂ ਅਦਾਲਤੀ ਕਾਰਵਾਈ ਤੋਂ ਉਸ ਨੂੰ ਅਧਿਕਾਰਤ ਤੌਰ ‘ਤੇ ਮੁਕਤ ਕਰ ਦਿੱਤਾ ਹੈ। ਅਦਾਲਤ ਨੇ ਐਨਥਨੀ ਓ ਡੋਨੋਹੀਊ ਉੱਤੇ ਲੱਗੇ ਅਪਰਾਧਿਕ ਦੋਸ਼ ਖਾਰਜ ਕਰਦਿਆਂ ਅਧਿਕਾਰਿਤ ਤੌਰ ‘ਤੇ ਇਹ ਕੇਸ ਖਾਰਿਜ ਕਰ ਦਿੱਤਾ ਹੈ। ਸੂਬਾ ਕੁਈਨਜ਼ਲੈਂਡ ਦੀ ਮਾਨਸਿਕ ਸਿਹਤ ਅਦਾਲਤ ਨੇ ਅਗਸਤ ਵਿੱਚ ਦਿੱਤੇ ਗਏ ਫੈਸਲੇ ‘ਚ ਕਿਹਾ ਸੀ ਕਿ ਦੋਸ਼ੀ ਐਨਥਨੀ ਓ ਡੋਨੋਹੀਊ ਨੇ ਆਪਣੇ ਮਾਨਸਿਕ ਰੋਗ ਦੇ ਚੱਲਦਿਆਂ ਇਸ ਕਤਲ ਨੂੰ ਅੰਜ਼ਾਮ ਦਿੱਤਾ ਸੀ। ਇਸ ਲਈ ਉਹ ਜ਼ਿੰਮੇਵਾਰ ਨਹੀਂ ਹੈ।
ਦੱਸਣਯੋਗ ਹੈ ਕਿ ਬ੍ਰਿਸਬੇਨ ਅਦਾਲਤ ਨੇ ਅਧਿਕਾਰਤ ਤੌਰ ‘ਤੇ ਬੀਤੇ ਬੁੱਧਵਾਰ ਨੂੰ ਦੋਸ਼ੀ ਨੂੰ ਫੌਜ਼ਦਾਰੀ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ। ਮਰਹੂਮ ਦੇ ਪਰਿਵਾਰ ਨੇ ਫ਼ੈਸਲੇ ‘ਤੇ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਮਨਮੀਤ ਦੇ ਕਾਤਲ ਖਿਲਾਫ਼ ਅਪਰਾਧਕ ਦੋਸ਼ਾਂ ਨੂੰ ਹਟਾਉਣ ਨਾਲ ਉਨ੍ਹਾਂ ਨੂੰ ਬਹੁਤ ਹੀ ਸਦਮਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸਮੂਹ ਪਰਿਵਾਰ ਅਤੇ ਭਾਈਚਾਰਾ ਅਜੇ ਵੀ ਨਿਆਂ ਦੀ ਉਡੀਕ ‘ਚ ਸੀ ਪਰ ਮੌਜੂਦਾ ਇੱਕਤਰਫਾ ਫ਼ੈਸਲਾ ਬਹੁਤ ਦੁਖਦਾਈ ਅਤੇ ਦਰਦਨਾਕ ਹੈ।
ਕਿਵੇਂ ਵਾਪਰਿਆ ਸੀ ਮਨਮੀਤ ਨਾਲ ਭਾਣਾ?
ਦੱਸਣਯੋਗ ਹੈ ਕਿ 29 ਸਾਲਾ ਮਨਮੀਤ ਅਲੀਸ਼ੇਰ ਆਸਟ੍ਰੇਲੀਆ ਦੀ ਪੰਜਾਬੀ ਕਮਿਊਨਿਟੀ ਵਿਚ ਹਰਮਨ ਪਿਆਰੀ ਸਖਸ਼ੀਅਤ ਦਾ ਮਾਲਕ ਸੀ। 28 ਅਕਤੂਬਰ, 2016 ਦੀ ਸਵੇਰ ਨੂੰ ਇੱਥੋਂ ਦੇ ਇੱਕ ਸਥਾਨਕ ਨਿਵਾਸੀ ਐਨਥਨੀ ਓ ਡੋਨੋਹੀਓ ਵੱਲੋਂ ਮਰੂਕਾ ਬੱਸ ਸਟਾਪ ਵਿਖੇ ਪੈਟਰੋਲ ਅਤੇ ਡੀਜ਼ਲ ਮਨਮੀਤ ‘ਤੇ ਸੁੱਟ ਕੇ ਉਸ ਨੂੰ ਉੱਥੇ ਹੀ ਜਲਾ ਦਿੱਤਾ ਸੀ। ਉਸ ਸਮੇਂ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਕਤਲ, ਅੱਗਜ਼ਨੀ ਤੇ 14 ਹੋਰ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਸਨ।
ਹਾਲਾਂਕਿ, ਉਸ ਵਿਰੁੱਧ ਮੁਕੱਦਮਾ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਮਾਮਲਾ ਮਾਨਸਿਕ ਸਿਹਤ ਅਦਾਲਤ ਲਈ ਵਚਨਬੱਧ ਕੀਤਾ ਗਿਆ ਸੀ। ਜਿਸ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਹ ਮਾਨਸਿਕ ਰੋਗ ਦਾ ਸ਼ਿਕਾਰ ਸੀ। ਇਸ ਦੇ ਚੱਲਦਿਆਂ ਮਾਣਯੋਗ ਅਦਾਲਤ ਨੇ ਅਲੀਸ਼ੇਰ ਦੇ ਕਾਤਲ ਨੂੰ ਦਸਾਂ ਸਾਲਾਂ ਲਈ ਇਕ ਮਾਨਸਿਕ ਸੁਵਿਧਾ ਸੈਂਟਰ ‘ਦਿ ਪਾਰਕ ਮੈਂਟਲ ਹੈਲਥ ਫੈਸੀਲਿਟੀ’ ‘ਚ ਸਖ਼ਤ ਨਿਗਰਾਨੀ ਹੇਠ ਨਜ਼ਰਬੰਦੀ ਦਾ ਹੁਕਮ ਦਿੱਤਾ ਸੀ। ਮਾਣਯੋਗ ਜੱਜ ਨੇ ਫ਼ੈਸਲੇ ਵਿੱਚ ਕਿਹਾ ਕਿ ਉਸ ਦੇ ਹੁਕਮਾਂ ਨੂੰ ਦਸ ਸਾਲ ਲਈ ਅਪੀਲ ਜਾਂ ਰੱਦ ਨਹੀਂ ਕੀਤਾ ਜਾ ਸਕਦਾ। ਇਸ ਫ਼ੈਸਲੇ ਤੋਂ ਨਾਖੁਸ਼ ਬ੍ਰਿਸਬੇਨ ‘ਚ ਉੱਘੀਆਂ ਸਖਸ਼ੀਅਤਾਂ ਅਤੇ ਪਰਿਵਾਰ ਵੱਲੋਂ ਚਿੰਤਨ ਕੀਤਾ ਗਿਆ ਸੀ।
ਪਰਿਵਾਰ ਨੇ ਫੈਸਲੇ ‘ਤੇ ਜਤਾਇਆ ਦੁੱਖ—
ਮਰਹੂਮ ਮਨਮੀਤ ਦੇ ਅਜ਼ੀਜ਼ ਰਹੇ ਦੋਸਤਾਂ ‘ਚੋਂ ਵਿਨਰਜੀਤ ਸਿੰਘ ਗੋਲਡੀ, ਭਰਾ ਅਮਿਤ ਅਲੀਸ਼ੇਰ, ਪਿਤਾ ਰਾਮ ਸਰੂਪ, ਮਾਤਾ ਤੇ ਮਨਜੀਤ ਬੋਪਾਰਾਏ ਨੇ ਭਰੇ ਮਨ ਨਾਲ ਕਿਹਾ ਕਿ ਕਾਤਲ ਨੇ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਘਿਨਾਉਣਾ ਅਪਰਾਧ ਕਰ ਕੇ ਮਨਮੀਤ ਦੀ ਹੱਤਿਆ ਕੀਤੀ ਹੈ। ਇਸ ਲਈ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਲਈ ਸਮਾਜ ਵਿੱਚ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਮਨਮੀਤ ਦੇ ਦੋਸਤਾਂ ਨੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਿਦਲਾ ਿਵੱਚ ਵੱਸਦਾ ਰਹੇਗਾ। ਅਦਾਲਤ ਦੇ ਫੈਸਲੇ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਇਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ।