ਮੁੰਬਈ : ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਨੂੰ ਲੈ ਕੇ ਚੱਲ ਰਹੀ ਉਥਲ-ਪੁਥਲ ਵਿਚਕਾਰ ਮਹਾਰਾਸ਼ਟਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੈਬਨਿਟ ਦੀ ਸਿਫ਼ਾਰਸ਼ ਨੂੰ ਮਨਜੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਸ਼ਾਸਨ ਦੇ ਵਿਰੋਧ ‘ਚ ਸ਼ਿਵਸੈਨਾ ਨੇ ਸੁਪਰੀਮ ਕੋਰਟ ‘ਚ ਦੋ ਪਟੀਸ਼ਨਾਂ ਦਾਖ਼ਲ ਕਰ ਕੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ। ਸ਼ਿਵਸੈਨਾ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਆਪਣਾ ਬਹੁਮਤ ਸਾਬਤ ਕਰਨ ਲਈ ਦਿੱਤਾ ਗਿਆ ਸਮਾਂ ਨਹੀਂ ਵਧਾਇਆ। ਦਸਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਅਤੇ ਵਕੀਲ ਕਪਿਲ ਸਿੱਬਲ ਸ਼ਿਵਸੈਨਾ ਵਲੋਂ ਸੁਪਰੀਮ ਕੋਰਟ ‘ਚ ਪੈਰਵੀ ਕਰ ਸਕਦੇ ਹਨ। ਉਧਰ ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ ਰਾਜਪਾਲ ਮੁਤਾਬਕ ਨਤੀਜੇ ਆਉਣ ਤੋਂ 15 ਦਿਨ ਬਾਅਦ ਵੀ ਕੋਈ ਵੀ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ‘ਚ ਨਹੀਂ ਹੈ। ਅਜਿਹੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਹੀ ਸਹੀ ਆਪਸ਼ਨ ਹੈ। ਰਾਜਪਾਲ ਨੇ ਸੱਭ ਤੋਂ ਪਹਿਲਾਂ ਸੱਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਪਰ ਭਾਜਪਾ ਨੇ ਸਰਕਾਰ ਗਠਨ ਦੀ ਇੱਛਾ ਜਾਹਰ ਨਹੀਂ ਕੀਤੀ। ਇਸ ਤੋਂ ਬਾਅਦ ਸ਼ਿਵਸੈਨਾ ਨੂੰ ਸੱਦਾ ਦਿੱਤਾ ਗਿਆ। ਪਰ ਸ਼ਿਵਸੈਨਾ ਨੇ 2 ਦਿਨ ਦਾ ਸਮਾਂ ਮੰਗਿਆ ਸੀ। ਰਾਜ ਭਵਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਤੀਜੇ ਦਿਨ ਐਨ.ਸੀ.ਪੀ. ਤੋਂ ਰਾਜਪਾਲ ਨੇ ਸਰਕਾਰ ਬਣਾਉਣ ਦੀ ਇੱਛਾ ਬਾਰੇ ਪੁੱਛਿਆ। ਐਨ.ਸੀ.ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਰਾਤ 8.30 ਵਜੇ ਤਕ ਦਾ ਸਮਾਂ ਦਿੱਤਾ ਗਿਆ ਸੀ।
