SPORTS NEWS

ਮਹਿਲਾ T20 WC : ਭਾਰਤ ਨੇ ਬੰਗਲਾਦੇਸ਼ ਨੂੰ 18 ਦੌਡ਼ਾਂ ਨਾਲ ਹਰਾਇਆ

ਪਰਥ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮਹਿਲਾ ਟੀ-20 ਵਰਲਡ ਕੱਪ 2020 ਦਾ 6ਵਾਂ ਮੁਕਾਬਲਾ ਪਰਥ ਵਿਚ ਖੇਡਿਆ ਗਿਆ, ਜਿੱਥੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 143 ਦੌਡ਼ਾਂ ਦਾ ਟੀਚਾ ਦਿੱਤਾ, ਜਿਸ ਨੂੰ ਬੰਗਲਾਦੇਸ਼ੀ ਟੀਮ ਹਾਸਲ ਕਰਨ ‘ਚ ਅਸਫਲ ਰਹੀ ਅਤੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 124 ਦੌਡ਼ਾਂ ਹੀ ਬਣਾ ਸਕੀ। ਨਤੀਜਾ ਭਾਰਤ ਨੇ ਇਹ ਮੈਚ 18 ਦੌਡ਼ਾਂ ਨਾਲ ਆਪਣੇ ਨਾਂ ਕਰ ਲਿਆ।ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ੀ ਟੀਮ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ 5 ਦੌਡ਼ਾਂ ‘ਤੇ ਲੱਗਾ ਜਦੋਂ ਸ਼ਮੀਨਾ ਸੁਲਤਾਨਾ 3 ਦੌਡ਼ਾਂ ਬਣਾ ਕੇ ਸ਼ਿਖਾ ਪਾਂਡੇ ਦੀ ਗੇਂਦ ‘ਤੇ ਦੀਪਤੀ ਸ਼ਰਮਾ ਹੱਥੋਂ ਕੈਚ ਆਊਟ ਹੋਈ। ਇਸ ਤੋਂ ਬਾਅਦ ਮੁਰਸ਼ੀਦਾ ਖਾਤੂਨ ਅਤੇ ਸੰਜਿਦਾ ਇਸਲਾਮ ਵਿਚਾਲੇ ਕੁਝ ਸਾਂਝੇਦਾਰੀ ਹੋਈ ਪਰ ਉਹ ਵੀ ਆਪਣੀ ਟੀਮ ਦਾ ਸਕੋਰ ਜ਼ਿਆਦਾ ਅੱਗੇ ਨਾ ਵਧਾ ਸਕੀਆਂ ਅਤੇ 44 ਦੌਡ਼ਾਂ ‘ਤੇ ਬੰਗਲਾਦੇਸ਼ ਨੂੰ ਦੂਜਾ ਝਟਕਾ ਲੱਗਾ। ਇਸ ਤੋਂ ਬਾਅਦ ਕੋਈ ਵੀ ਬੰਗਲਾਦੇਸ਼ੀ ਬੱਲੇਬਾਜ਼ੀ ਟੀਮ ਲਈ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕੀ। ਹਾਲਾਂਕਿ ਨਿਗਾਰ ਸੁਲਤਾਨਾ ਨੇ 26 ਗੇਂਦਾਂ ‘ਤੇ 5 ਚੌਕਿਆਂ ਦੀ ਮਦਦ ਨਾਲ 35 ਦੌਡ਼ਾਂ ਜ਼ਰੂਰ ਬਣਾਈਆਂ ਪਰ ਉਹ ਵੀ ਆਪਣਾ ਇਹ ਨਿਜੀ ਸਕੋਰ ਇਸ ਤੋਂ ਅੱਗੇ ਨਾ ਲਿਜਾ ਸਕੀ ਅਤੇ ਗਾਇਕਵਾਡ਼ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਫਰਗਾਨਾ (0), ਫਾਹਿਮਾ (17) ਅਤੇ ਜਾਹਾਨਾਰਾ (10) ਆਪਣੀ ਵਿਕਟ ਜਲਦੀ ਹੀ ਗੁਆ ਬੈਠੀਆਂ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਿਰਫ 2 ਦੌਡ਼ਾਂ ਬਣਾ ਕੇ ਸਲਾਮੀ ਬੱਲੇਬਾਜ਼ ਤਾਨੀਆ ਭਾਟੀਆ ਸਲਮਾ ਖਾਤੂਨ ਦੀ ਗੇਂਦ ‘ਤੇ ਨਿਗਾਰ ਸੁਲਤਾਨਾ ਹੱਥੋਂ ਸਟੰਪ ਆਊਟ ਹੋ ਗਈ। ਹਾਲਾਂਕਿ ਸ਼ੇਫਾਲੀ ਵਰਮਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਜਾਰੀ ਰੱਖੀ ਪਰ ਉਹ ਵੀ ਆਪਣਾ ਸਕੋਰ 39 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕੀ ਅਤੇ 17 ਗੇਂਦਾਂ 39 ਦੌਡ਼ਾਂ ਬਣਾ ਪੰਨਾ ਘੋਸ਼ ਦੀ ਗੇਂਦ ‘ਤੇ ਸ਼ਮੀਨਾ ਸੁਲਤਾਨਾ ਨੂੰ ਕੈਚ ਦੇ ਬੈਠੀ। ਸ਼ੇਫਾਲੀ ਨੇ ਆਪਣੀ ਪਾਰੀ ਦੌਰਾਨ 2 ਚੌਕੇ ਅਤੇ 4 ਛੱਕੇ ਲਗਾਏ। ਭਾਰਤ ਨੂੰ ਤੀਜਾ ਝਟਕਾ ਕਪਤਾਨ ਹਰਮਨਪ੍ਰੀਤ ਦੇ ਰੂਪ ‘ਚ ਲੱਗਾ। ਉਹ ਟੀਮ ਦੇ ਸਕੋਰ ਵਿਚ ਸਿਰਫ 8 ਦੌਡ਼ਾਂ ਦਾ ਹੀ ਯੋਗਦਾਨ ਦੇ ਸਕੀ। ਇਕ ਪਾਸਿਓਂ ਮੋਰਚਾ ਸੰਭਾਲਣ ਵਾਲੀ ਰੋਡ੍ਰਿਗਜ਼ ਵੀ 34 ਦੌਡ਼ਾਂ ਬਣਾ ਕੇ ਰਨਆਊਟ ਹੋ ਗਈ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਬੰਗਲਾਦੇਸ਼ ਨੂੰ 5ਵੀਂ ਸਫਲਤਾ ਰਿਚਾ ਘੋਸ਼ (14) ਅਤੇ ਦੀਪਤੀ ਸ਼ਰਮਾ (11) ਦੇ ਰੂਪ ‘ਚ ਮਿਲੀ।