Home » ARTICLES » ਮੀਂਹ ਦੇ ਪਾਣੀ ਨੂੰ ਸੰਭਾਲਣ ਦਾ ਵੇਲਾ
rain

ਮੀਂਹ ਦੇ ਪਾਣੀ ਨੂੰ ਸੰਭਾਲਣ ਦਾ ਵੇਲਾ

ਅੱਜ ਅਸੀਂ ਦਰੱਖਤਾਂ ਦੇ ਪੱਤਿਆਂ ਨੂੰ ਕੂੜਾ ਅਤੇ ਘਾਹ ਤੇ ਮਿੱਟੀ ਨੂੰ ਗੰਦਗੀ ਸਮਝਦੇ ਹਾਂ। ਇਸੇ ਕਰਕੇ ਘਰਾਂ ਦੇ ਵਿਹੜਿਆਂ- ਵਰਾਂਡਿਆਂ ਵਿੱਚ ਅਤੇ ਬੂਹਿਆਂ ਅੱਗੇ ਮਿੱਟੀ, ਘਾਹ ਜਾਂ ਦਰੱਖਤਾਂ ਦੀ ਥਾਂ ਸੀਮਿੰਟ, ਪੱਥਰ ਜਾਂ ਰੰਗਦਾਰ ਟਾਇਲਾਂ ਨੇ ਲੈ ਲਈ ਅਤੇ ਅਸੀਂ ਆਪਣੇ ਸਵੈ ਨਿਰਮਤ ਬੇਜਾਨ ਕੰਕਰੀਟ ਦੇ ਜੰਗਲਾਂ ਵਿੱਚ ਵਸ ਗਏ। ਜਿਵੇਂ-ਜਿਵੇਂ ਅਸੀਂ ਮਿੱਟੀ ਦੀ ਪਰਤ ਨੂੰ ਕੰਕਰੀਟ ਨਾਲ ਢਕਦੇ ਜਾ ਰਹੇ ਹਾਂ ਇਵੇਂ ਹੀ ਜ਼ਮੀਨੀ ਪਾਣੀ ਦਾ ਰੀਚਾਰਜ ਘੱਟਦਾ ਜਾ ਰਿਹਾ ਹੈ ਕਿਉਂਕਿ ਮੀਂਹ ਦਾ ਪਾਣੀ ਮਿੱਟੀ ਵਿੱਚ ਤਾਂ ਰਚ ਸਕਦਾ ਹੈ, ਪਰ ਕੰਕਰੀਟੀ ਸਤਿਹ ’ਤੇ ਵਰ੍ਹਿਆ ਪਾਣੀ ਜ਼ਮੀਨ ਹੇਠਾਂ ਨਹੀਂ ਪਹੁੰਚਦਾ।
ਪੰਜਾਬ ਵਿੱਚ ਹਰ ਸਾਲ ਪਾਣੀ ਦਾ ਤਲ 1.5 ਤੋਂ 2 ਮੀਟਰ ਹੇਠਾਂ ਚਲਾ ਜਾਂਦਾ ਹੈ। ਨੀਤੀ ਆਯੋਗ ਦੀ ਇੱਕ ਰਿਪੋਰਟ ਅਨੁਸਾਰ 21 ਭਾਰਤੀ ਸ਼ਹਿਰ 2020 ਤਕ ਪਾਣੀ ਵਿਹੂਣੇ ਹੋ ਜਾਣਗੇ ਅਤੇ 2030 ਤਕ ਦੇਸ਼ ਦੀ 40 ਫ਼ੀਸਦੀ ਜਨਸੰਖਿਆ ਸਵੱਛ ਪੀਣ ਦੇ ਪਾਣੀ ਤੋਂ ਵਾਂਝੀ ਰਹਿ ਜਾਵੇਗੀ। ਆਰਥਿਕ ਸਰਵੇਖਣ 2017-18 ਵਿੱਚ ਭਾਰਤੀ ਪਾਣੀ ਸੰਕਟ ਉੱਪਰ ਚਿੰਤਾ ਜਤਾਉਂਦੇ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਸਾਲਾਨਾ ਔਸਤ ਵਰਖਾ ਘੱਟ ਰਹੀ ਹੈ ਅਤੇ ਖੁਸ਼ਕ ਮਾਨਸੂਨ ਦੇ ਦਿਨ ਵੱਧ ਰਹੇ ਹਨ।
ਯੂਰੋਪੀਅਨ ਕਮਿਸ਼ਨ ਅਨੁਸਾਰ ਸ਼ਹਿਰੀ ਇਲਾਕਿਆਂ ਵਿੱਚ ਘਾਹ ਅਤੇ ਦਰਖੱਤਾਂ ਦੇ ਹੋਣ ਨਾਲ ਹੜ੍ਹਾਂ ਦਾ ਖ਼ਤਰਾ ਘਟ ਜਾਂਦਾ ਹੈ। ਕਮਿਸ਼ਨ ਵੱਲੋਂ ਇੱਕ ਅਧਿਐਨ ਵਿੱਚ ਤਿੰਨ ਪ੍ਰਕਾਰ ਦੀਆਂ ਸਤਿਹਾਂ ਉੱਪਰ ਮੀਂਹ ਦੇ ਪਾਣੀ ਦੇ ਵਰ੍ਹਨ ਅਤੇ ਸੋਖਣ ਨੂੰ ਰਿਕਾਰਡ ਕੀਤਾ ਗਿਆ। ਇਸਤੋਂ ਇਹ ਤੱਥ ਸਾਹਮਣੇ ਆਇਆ ਕਿ ਘਾਹ ਨਾਲ ਢਕੀ ਹੋਈ ਧਰਤੀ ਮੀਂਹ ਦੇ ਪਾਣੀ ਨੂੰ ਸਭ ਤੋਂ ਵੱਧ ਜਜ਼ਬ ਕਰਦੀ ਹੈ ਜਦੋਂ ਕਿ ਦਰੱਖਤਾਂ ਦੇ ਛਤਨਾਰਾਂ ’ਤੇ ਪੈਣ ਵਾਲੀ ਬਾਰਸ਼ ਦਾ 36 ਫ਼ੀਸਦੀ ਹਿੱਸਾ ਵਹਿ ਜਾਂਦਾ ਹੈ ਤੇ ਬਾਕੀ ਵਾਯੂਮੰਡਲ ਵਿੱਚ ਵਾਸ਼ਪੀਕਰਨ ਹੋ ਜਾਂਦਾ ਹੈ ਜਾਂ ਫਿਰ ਉਨ੍ਹਾਂ ਦੁਆਲੇ ਦੀ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ। ਮੀਂਹ ਦਾ 60 ਫ਼ੀਸਦੀ ਤੋਂ ਵੱਧ ਪਾਣੀ ਅਜਾਈਂ ਵਹਿ ਕੇ ਡਰੇਨੇਜ਼ ਸਿਸਟਮ ਵਿੱਚ ਚਲਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਮੀਂਹ ਮੌਨਸੂਨੀ ਹੁੰਦਾ ਹੈ ਅਤੇ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੂਸਲਾਧਾਰ ਹੁੰਦਾ ਹੈ। ਭਾਵ ਬਹੁਤ ਥੋੜ੍ਹੇ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਵਰ੍ਹਦਾ ਹੈ। ਸ਼ਹਿਰਾਂ ਵਿੱਚ ਕੰਕਰੀਟੀਕਰਨ ਵਧਣ ਕਾਰਨ ਮੀਂਹ ਦਾ ਜ਼ਿਆਦਾਤਰ ਹਿੱਸਾ ਰੁੜ੍ਹ ਕੇ ਸੀਵਰੇਜ ਸਿਸਟਮ ਵਿੱਚ ਪਹੁੰਚ ਜਾਂਦਾ ਹੈ ਤੇ ਸਾਰੇ ਨਦੀਆਂ ਨਾਲਿਆਂ ਨੂੰ ਨੱਕੋ ਨੱਕ ਕਰ ਦਿੰਦਾ ਹੈ। ਨਤੀਜੇ ਵਜੋਂ ਹੜ੍ਹਾਂ ਦੀ ਸਥਿਤੀ ਉਪਜਦੀ ਹੈ।
ਯੋਜਨਾਬੱਧ ਤਰੀਕੇ ਨਾਲ ਸ਼ਹਿਰਾਂ ਦਾ ਵਿਕਾਸ ਨਾ ਹੋਣ ਕਾਰਨ ਜ਼ਮੀਨੀ ਢਾਲ ਨੂੰ ਅੱਖੋਂ ਪਰੋਖੇ ਕਰਕੇ ਤਲਾਬਾਂ, ਝੀਲਾਂ, ਨਿਵਾਣਾਂ ਅਤੇ ਚੋਆਂ ਵਾਲੀਆਂ ਥਾਵਾਂ ਉੱਤੇ ਵੀ ਰਿਹਾਇਸ਼ੀ ਇਲਾਕੇ ਅਤੇ ਹੋਰ ਇਮਾਰਤਾਂ ਉਸਾਰੀਆਂ ਹੋਈਆਂ ਹਨ। ਭਾਰੀ ਬਾਰਸ਼ ਤੋਂ ਬਾਅਦ ਇਹ ਸਾਰੇ ਖੇਤਰ ਪਾਣੀ ਨਾਲ ਭਰ ਜਾਂਦੇ ਹਨ ਅਤੇ ਹੜ੍ਹ ਦੀ ਸਥਿਤੀ ਪੈਦਾ ਹੋਣ ਸਦਕਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਸੀਵਰੇਜ, ਨਾਲੇ ਅਤੇ ਨਦੀਆਂ ਪਹਿਲਾਂ ਹੀ ਗੰਦਗੀ ਅਤੇ ਗਾਰ ਨਾਲ ਭਰੇ ਹੋਣ ਕਾਰਨ ਉਨ੍ਹਾਂ ਦੀ ਸਮਰੱਥਾ ਵੀ ਮੌਨਸੂਨੀ ਬਾਰਸ਼ ਨੂੰ ਸੰਭਾਲਣ ਦੀ ਨਹੀਂ ਰਹਿੰਦੀ। ਮੌਨਸੂਨੀ ਮੀਂਹ ਦੇ ਸੁਭਾਅ ਤੋਂ ਵਾਕਫ ਹੋਣ ਦੇ ਬਾਵਜੂਦ ਵੀ ਮਿਊਂਸਪਲ ਕਾਰਪੋਰੇਸ਼ਨਾਂ, ਕਮੇਟੀਆਂ ਅਤੇ ਨਗਰ ਨਿਗਮਾਂ ਵੱਲੋਂ ਮੀਂਹ ਤੋਂ ਪਹਿਲਾਂ ਕੋਈ ਵੀ ਵਿਸ਼ੇਸ਼ ਤਿਆਰੀ ਜਾਂ ਪ੍ਰਬੰਧ ਨਹੀਂ ਕੀਤੇ ਜਾਂਦੇ ਤਾਂ ਜੋ ਮੀਂਹਾਂ ਸਮੇਂ ਜੀਵਨ ਅਸਤ ਵਿਅਸਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਜਾਨੀ ਮਾਲੀ ਨੁਕਸਾਨ ਹੋਣੋਂ ਰੋਕਿਆ ਜਾ ਸਕੇ। ਦੂਜੇ ਪਾਸੇ ਜਿਸ ਮੀਂਹ ਨੇ ਮਿੱਟੀ ਵਿੱਚ ਰਚ ਕੇ ਸਾਰਾ ਸਾਲ ਲਗਾਤਾਰ ਜ਼ਮੀਨ ਹੇਠਲੇ ਪਾਣੀ ਦੀ ਹੋ ਰਹੀ ਨਿਰੰਤਰ ਲੁੱਟ ਦੀ ਭਰਪਾਈ ਕਰਨੀ ਹੁੰਦੀ ਹੈ, ਉਹ ਅਜਾਈਂ ਗੰਦੇ ਡਰੇਨਾਂ ਵਿੱਚ ਡਿੱਗ ਕੇ ਪ੍ਰਦੂਸ਼ਿਤ ਅਤੇ ਨਾ ਵਰਤਣਯੋਗ ਹੋ ਜਾਂਦਾ ਹੈ। ਇੱਥੇ ਰੁੱਖਾਂ ਦਾ ਬਹੁਤ ਵੱਡਾ ਰੋਲ ਸਾਹਮਣੇ ਆਉਂਦਾ ਹੈ, ਇੱਕ ਦਰੱਖਤ ਦੀਆਂ ਸ਼ਾਖਾਵਾਂ ਅਤੇ ਟਾਹਣੀਆਂ ਦਾ ਘੇਰਾ ਜਿੰਨਾ ਉੱਪਰ ਹੁੰਦਾ ਹੈ, ਓਨਾ ਹੀ ਇਸ ਦੀਆਂ ਸੂਖਮ ਜੜ੍ਹਾਂ ਦਾ ਪਸਾਰਾ ਧਰਤੀ ਹੇਠ ਹੁੰਦਾ ਹੈ। ਦਰੱਖਤਾਂ ਦੀਆਂ ਜੜ੍ਹਾਂ ਮੀਂਹ ਦੇ ਪਾਣੀ ਨੂੰ ਸੋਖਦੀਆਂ ਤਾਂ ਹਨ ਹੀ, ਪਾਣੀ ਦੀ ਫਿਲਟਰੇਸ਼ਨ ਦਾ ਕੰਮ ਵੀ ਕਰਦੀਆਂ ਹਨ। ਇਹ ਮਿੱਟੀ ਨੂੰ ਬੰਨ੍ਹ ਕੇ ਰੱਖਣ ਦਾ ਕੰਮ ਵੀ ਕਰਦੀਆਂ ਹਨ, ਜਿਸ ਨਾਲ ਮਿੱਟੀ ਮੀਂਹ ਦੇ ਪਾਣੀ ਨਾਲ ਰੁੜ੍ਹ ਕੇ ਨਦੀਆਂ ਨਾਲਿਆਂ ਵਿੱਚ ਗਾਰ ਦੇ ਰੂਪ ਵਿੱਚ ਜਮ੍ਹਾਂ ਨਹੀਂ ਹੁੰਦੀ। ਮੀਂਹ ਦਾ ਪਾਣੀ ਦਰੱਖਤਾਂ ਦੀ ਮੌਜੂਦਗੀ ਕਾਰਨ ਘੱਟ ਵਹਿੰਦਾ ਹੈ ਤੇ ਮਿੱਟੀ ਵੀ ਖੁਰ ਕੇ ਡਰੇਨੇਜ਼ ਸਿਸਟਮ ਵਿੱਚ ਨਹੀਂ ਭਰਦੀ, ਪਰ ਦਿਨੋਂ ਦਿਨ ਵਿਕਾਸ ਪ੍ਰਾਜੈਕਟਾਂ ਕਾਰਨ ਵਿਸ਼ਾਲ ਅਤੇ ਪੁਰਾਣੇ ਰੁੱਖਾਂ ਦੀ ਕਟਾਈ ਮਨੁੱਖ ਦੀ ਵਿਪਰੀਤ ਬੁੱਧੀ ਵਿਨਾਸ਼ ਕੰਮ ਵਾਲੀ ਸੋਚ ਨੂੰ ਉਜਾਗਰ ਕਰਦੀ ਹੈ।
ਜੇਕਰ ਵਿਕਾਸ ਦੀਆਂ ਯੋਜਨਾਵਾਂ ਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਜਾਂਦਾ ਤਾਂ ਜੰਗਲਾਂ ਦਾ ਇਸ ਕਦਰ ਉਜਾੜਾ ਹੋਣ ਤੋਂ ਬਚ ਜਾਂਦਾ। ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਕਿਸੇ ਜਗ੍ਹਾ ਉੱਤੇ ਵਿਕਾਸ ਦੇ ਕੰਮਾਂ ਕਾਰਨ ਜੇਕਰ ਦਰੱਖਤਾਂ ਨੂੰ ਕੱਟਣਾ ਪੈ ਜਾਵੇ ਤਾਂ ਉਹ ਇਸਦਾ ਅਨੁਮਾਨ 10-20 ਸਾਲ ਪਹਿਲਾਂ ਹੀ ਰੱਖ ਕੇ ਕਿਸੇ ਹੋਰ ਜਗ੍ਹਾ ਦਰੱਖਤ ਉਗਾ ਦਿੰਦੇ ਹਨ, ਪਰ ਸਾਡੇ ਦੇਸ਼ ਵਿੱਚ ਕੁਦਰਤੀ ਜੰਗਲ ਕੱਟਣ ਅਤੇ ਸਾਰੇ ਈਕੋਸਿਸਟਮ ਦਾ ਨਾਸ਼ ਕਰਨ ਤੋਂ ਬਾਅਦ ਸਰਕਾਰ ਵੱਲੋਂ ਨਵੇਂ ਪੌਦੇ ਉਗਾਉਣ ਲਈ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਜਾਂ ਰੁੱਖਾਂ ਦੀ ਪਨੀਰੀ ਵਿਰਲੀ- ਵਿਰਲੀ ਇੱਧਰ ਉੱਧਰ ਥਾਵਾਂ ’ਤੇ ਲਗਾ ਕੇ ਤਬਾਹ ਕੀਤੇ ਹੋਏ ਜੰਗਲਾਂ ਦੀ ਭਰਪਾਈ ਕਰਨ ਦਾ ਡਰਾਮਾ ਕੀਤਾ ਜਾਂਦਾ ਹੈ। ਜੇਕਰ ਅਸੀਂ ਬਹੁਤ ਦੇਰ ਹੋਣ ਤੋਂ ਪਹਿਲਾਂ ਸੰਭਲਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਰਸ਼ ਦੇ ਪਾਣੀ ਨੂੰ ਵਿਅਰਥ ਵਹਿਣ ਤੋਂ ਰੋਕਣ ਲਈ ਰੇਨ ਵਾਟਰ ਹਾਰਵੈਸਟਿੰਗ (ਮੀਂਹ ਦੇ ਪਾਣੀ ਦਾ ਸੰਚਨ) ਦੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ। ਸਰਕਾਰੀ ਅਦਾਰਿਆਂ ਤੋਂ ਇਸਦੀ ਕੋਈ ਜ਼ਿਆਦਾ ਉਮੀਦ ਨਾ ਰੱਖਦੇ ਹੋਏ ਅਸੀਂ ਨਿੱਜੀ ਪੱਧਰ ’ਤੇ ਕੋਸ਼ਿਸ਼ ਕਰ ਸਕਦੇ ਹਾਂ। ਘਰਾਂ ਦੇ ਵਿਹੜਿਆਂ ਵਿੱਚ ਘਾਹ ਉਗਾਈਏ, ਮਕਾਨਾਂ ਦੀਆਂ ਛੱਤਾਂ ਤੇ ਵਿਹੜੇ ਉੱਤੇ ਵਰ੍ਹੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਆਪਣੇ ਵਰਾਂਡੇ ਅਤੇ ਵਿਹੜੇ ਵਿੱਚ ਲੱਗੇ ਘਾਹ ਉੱਤੇ ਛੱਡ ਦੇਈਏ, ਅਜਿਹਾ ਕਰਨ ਨਾਲ ਅਸੀਂ ਵੱਡੀ ਮਾਤਰਾ ਵਿੱਚ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਪਹੁੰਚਾ ਕੇ ਹੇਠਲੇ ਪਾਣੀ ਦੇ ਪੱਧਰ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰ ਸਕਦੇ ਹਾਂ। ਮੀਂਹ ਦੇ ਪਾਣੀ ਨੂੰ ਵੱਡੇ ਟੈਂਕਾਂ ਵਿੱਚ ਜਮ੍ਹਾਂ ਕਰਕੇ ਬਾਅਦ ਵਿੱਚ ਵਰਤਣ ਨਾਲ ਵੀ ਜ਼ਮੀਨ ਹੇਠਲੇ ਸਵੱਛ ਪਾਣੀ ਦੀ ਲੁੱਟ ਘਟਾਈ ਜਾ ਸਕਦੀ ਹੈ। ਇਨ੍ਹਾਂ ਯਤਨਾਂ ਨਾਲ ਅਸੀਂ ਵਸੋਂ ਦੇ ਕੰਕਰੀਟੀਕਰਨ ਦੇ ਬਾਵਜੂਦ ਕੁਦਰਤ ਨਾਲ ਨਿੱਘਾ ਰਿਸ਼ਤਾ ਬਣਾਈ ਰੱਖ ਸਕਾਂਗੇ।

ਹਰਲਵਲੀਨ ਬਰਾੜ

About Jatin Kamboj