ਚੰਡੀਗੜ੍ਹ: ਪੰਜਾਬ ਸਰਕਾਰ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਅੱਜ ਵੀ ਪੰਜਾਬ ਵਿਧਾਨ ਸਭਾ ਦੇ ਬਾਹਰ ਫਿਰ ਹੰਗਾਮਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਹੰਗਾਮਾ ਕੀਤਾ ਜਾ ਰਿਹਾ ਹੈ।ਇਹ ਪ੍ਰਦਰਸ਼ਨ ਪੰਜਾਬ ਵਿਚ ਚੱਲ ਰਹੇ ਮਾਫੀਆ ਰਾਜ ਵਿਰੁੱਧ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੀ ਅਗਵਾਈ ਆਪ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦਾ ਖਜਾਨਾ ਮਾਫੀਆ ਰਾਜ ਕਾਰਨ ਖਾਲੀ ਹੋਇਆ ਹੈ।ਉਹਨਾਂ ਕਿਹਾ ਹੈ ਕਿ ਪੰਜਾਬ ‘ਚ ਕਾਫੀ ਸਮੇਂ ਤੋਂ ਸ਼ਰਾਬ ਮਾਫੀਆ ਚੱਲ ਰਿਹਾ ਹੈ। ਇਸ ਦੌਰਾਨ ਆਪ ਆਗੂਆਂ ਵੱਲੋਂ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਜਟ ਇਜਲਾਸ ਦੇ ਚੌਥੇ ਦਿਨ ਦੀ ਕਾਰਵਾਈ 11 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਿਧਾਨ ਸਭਾ ਦੇ ਬਾਹਰ ਕੈਪਟਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਨੌਜਵਾਨ ਵੀ ਅਪਣੀਆਂ ਡਿਗਰੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਅਕਾਲੀ ਦਲ ਵੱਲੋਂ ਬੇਰੁਜ਼ਗਾਰੀ ਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।