FEATURED NEWS News

‘‘ਮੈਨੂੰ ਮੁਸਲਿਮਾਂ ਦੀ ਲੋੜ ਨਹੀਂ, ਮੇਰੇ ਖੇਤਰ ’ਚੋਂ ਬਾਹਰ ਚਲੇ ਜਾਣ ਮੁਸਲਮਾਨ’’

ਉਤਰਾਖੰਡ : ਇੰਝ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਦੇ ਵਿਧਾਇਕ, ਸਾਂਸਦ ਜਾਂ ਹੋਰ ਆਗੂ ਦੇਸ਼ ਵਿਚ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੇ। ਭਾਜਪਾ ਆਗੂਆਂ ਦਾ ਕੋਈ ਨਾ ਕੋਈ ਵਿਵਾਦਤ ਬਿਆਨ ਸਾਹਮਣੇ ਆਉਂਦਾ ਹੀ ਰਹਿੰਦਾ ਹੈ, ਜਿਸ ਨਾਲ ਦੇਸ਼ ਵਿਚ ਮਾਹੌਲ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹੁਣ ਉਤਰਾਖੰਡ ਦੇ ਰੁਦਰਪੁਰ ਤੋਂ ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਦਾ ਮੁਸਲਿਮਾਂ ਪ੍ਰਤੀ ਜ਼ਹਿਰ ਉਗਲਣ ਵਾਲਾ ਬਿਆਨ ਸਾਹਮਣੇ ਆਇਐ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ਵਿਚ ਭਾਜਪਾ ਵਿਧਾਇਕ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਨ੍ਹਾਂ ਨੂੰ ਮੁਸਲਿਮਾਂ ਦੇ ਸਮਰਥਨ ਦੀ ਲੋੜ ਨਹੀਂ, ਜੇ ਉਨ੍ਹਾਂ ਦੀ ਰੈਲੀ ਵਿਚ ਕੋਈ ਮੁਸਲਿਮ ਹੈ ਤਾਂ ਉਠ ਕੇ ਬਾਹਰ ਚਲੇ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਸਿਰ ਸਿਰਫ਼ ਹਿੰਦੂਆਂ ਅੱਗੇ ਝੁਕਦਾ ਹੈ, ਕਿਸੇ ਹੋਰ ਅੱਗੇ ਨਹੀਂ। ਮੈਂ ਤਾਂ ਮਸਜਿਦ ਅੱਗੇ ਵੀ ਸਿਰ ਨਹੀਂ ਝੁਕਾਉਂਦਾ। ਰਾਜ ਕੁਮਾਰ ਠੁਕਰਾਲ ਕੁੱਝ ਦਿਨ ਪਹਿਲਾਂ ਰਾਮਲੀਲਾ ਦੌਰਾਨ ਸੀਤਾ ’ਤੇ ਗ਼ਲਤ ਟਿੱਪਣੀ ਨੂੰ ਲੈ ਕੇ ਵੀ ਵਿਵਾਦਾਂ ਵਿਚ ਘਿਰ ਗਏ ਸਨ, ਜਦੋਂ ਉਨ੍ਹਾਂ ਨੇ ਰਾਮਲੀਲਾ ਵਿਚ ਰਾਵਣ ਦਾ ਰੋਲ ਨਿਭਾਉਂਦਿਆਂ ਸੀਤਾ ਨੂੰ ‘ਸੀਤਾ ਮੇਰੀ ਜਾਨ’ ਆਖ ਦਿੱਤਾ ਸੀ। ਭਾਵੇਂ ਕਿ ਭਾਜਪਾ ਵਿਧਾਇਕ ਦੇ ਇਸ ਡਾਇਲਾਗ ਤੋਂ ਬਾਅਦ ਉਥੇ ਮੌਜੂਦ ਲੋਕ ਉਚੀ ਉਚੀ ਹੱਸਣ ਲੱਗ ਪਏ ਸਨ ਪਰ ਜ਼ਿਆਦਾਤਰ ਲੋਕਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਸੀ ਕਿ ਰਾਵਣ ਨੇ ਕਦੇ ਸੀਤਾ ਪ੍ਰਤੀ ਸ਼ਬਦਾਂ ਦੀ ਮਰਿਆਦਾ ਪਾਰ ਨਹੀਂ ਕੀਤੀ ਪਰ ਵਿਧਾਇਕ ਨੇ ਕਿਉਂ ਕੀਤੀ? ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਹੁਣ ਮੁਸਲਮਾਨਾਂ ’ਤੇ ਟਿੱਪਣੀ ਕਰਕੇ ਵਿਵਾਦਾਂ ਵਿਚ ਘਿਰ ਗਏ ਪਰ ਸੂਬਾ ਭਾਜਪਾ ਪ੍ਰਧਾਨ ਅਜੈ ਭੱਟ ਨੇ ਬਿਆਨ ਕਰਕੇ ਵਿਧਾਇਕ ਦੇ ਵਿਚਾਰਾਂ ਨੂੰ ਨਿੱਜੀ ਦੱਸਦਿਆਂ ਆਖਿਆ ਹੈ ਕਿ ਇਸ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ।