Home » COMMUNITY » ਮੋਦੀ ਦੱਸਣ, ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੀ ਪੜਤਾਲ ਅੱਜ ਤਕ ਕਿਉਂ ਨਾ ਹੋਈ? : ਖਾਲੜਾ ਮਿਸ਼ਨ
mm

ਮੋਦੀ ਦੱਸਣ, ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੀ ਪੜਤਾਲ ਅੱਜ ਤਕ ਕਿਉਂ ਨਾ ਹੋਈ? : ਖਾਲੜਾ ਮਿਸ਼ਨ

ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਜਨਵਰੀ ਨੂੰ ਪੰਜਾਬ ਦੌਰੇ ਨੂੰ ਮੁੱਖ ਰੱਖਦਿਆਂ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਸਤਵੰਤ ਸਿੰਘ ਮਾਣਕ, ਬਾਬਾ ਦਰਸ਼ਨ ਸਿੰਘ ਪ੍ਰਧਾਨ, ਕ੍ਰਿਪਾਲ ਸਿੰਘ ਰੰਧਾਵਾ, ਕਾਬਲ ਸਿੰਘ, ਸਤਵਿੰਦਰ ਸਿੰਘ, ਪਰਵੀਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਸਮੇਂ ਦਸਣ ਕਿ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਗ਼ੈਰ ਕਾਨੂੰਨੀ, ਗ਼ੈਰ ਵਿਧਾਨਿਕ ਹਮਲੇ ਦੀ ਪੜਤਾਲ ਅੱਜ ਤਕ ਕਿਉਂ ਨਾ ਹੋਈ। ਇਸ ਹਮਲੇ ਦੀਆਂ ਫ਼ਾਈਲਾਂ ਅੱਜ ਤਕ ਜਨਤਕ ਕਿਉਂ ਨਾ ਹੋਈਆਂ? ਪ੍ਰਧਾਨ ਮੰਤਰੀ ਦਸਣ, ਪੰਜਾਬ ਦੀ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿਚ ਅਤੇ ਨਸ਼ਿਆਂ ਰਾਹੀਂ ਖ਼ਤਮ ਕਰਨ ਦੇ ਦੋਸ਼ੀਆਂ ਵਿਰੁਧ ਕੀ ਕਾਰਵਾਈ ਹੋਈ? ਪੰਜਾਬ ਦਾ ਕਿਸਾਨ ਅਤੇ ਗ਼ਰੀਬ ਖ਼ੁਦਕੁਸ਼ੀਆਂ ਦੇ ਰਾਹ ਕਿਉਂ ਪਿਆ ਅਤੇ ਇਥੋਂ ਦੇ ਹਾਕਮ ਮਾਲਾਮਾਲ ਕਿਵੇਂ ਹੋ ਗਏ? ਜਥੇਬੰਦੀਆਂ ਨੇ ਕਿਹਾ ਕਿ ਇੰਦਰਾ, ਰਾਜੀਵ, ਬਾਦਲ, ਕੇ.ਪੀ.ਐਸ. ਗਿੱਲ, ਅਡਵਾਨੀ ਵਰਗਿਆਂ ਕੋਲੋਂ ਭਾਰਤ ਰਤਨ ਅਤੇ ਪਦਮ ਵਿਭੂਸ਼ਣ ਵਾਪਸ ਕਿਉਂ ਨਹੀਂ ਲਏ ਗਏ? ਉਹ ਦਸਣ ਕਿ 31 ਹਜ਼ਾਰ ਕਰੋੜ ਦੇ ਅਨਾਜ ਘਪਲੇ ਦੇ ਦੋਸ਼ੀਆਂ ਵਿਰੁਧ ਕੀ ਕਾਰਵਾਈ ਹੋਈ? ਉਹ ਦਸਣ ਕਿ ਨਵੰਬਰ 1984 ਕਤਲੇਆਮ ਦੀਆਂ 232 ਫ਼ਾਈਲਾਂ ਕਿਉਂ ਨਹੀਂ ਖੁਲ੍ਹੀਆਂ ਅਤੇ 268 ਫ਼ਾਈਲਾਂ ਕਿਵੇਂ ਗਾਇਬ ਹੋ ਗਈਆਂ? ਪ੍ਰਧਾਨ ਮੰਤਰੀ ਨੂੰ ਦਸਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਫ਼ੌਜੀ ਹਮਲੇ ਦੀ ਯੋਜਨਾਬੰਦੀ ਵਿਚ ਸ਼ਾਮਲ ਕਿਉਂ ਹੋਈ ਅਤੇ ਮਤੇ ਪਾ ਕੇ ਫ਼ੌਜੀ ਹਮਲੇ ਦਾ ਸਵਾਗਤ ਕਿਉਂ ਕੀਤਾ। ਅੰਬਾਨੀਆ, ਅਦਾਨੀਆਂ, ਟਾਟਿਆਂ, ਬਿਰਲਿਆਂ ਨਾਲ ਪ੍ਰਧਾਨ ਮੰਤਰੀ ਨੇ ਯਾਰੀ ਨਿਭਾਈ ਹੈ, ਜਿਸ ਕਾਰਨ ਦੇਸ਼ ਦੀ 40 ਕਰੋੜ ਤੋਂ ਉਪਰ ਅਬਾਦੀ ਗ਼ਰੀਬੀ ਰੇਖਾ ਤੋਂ ਥੱਲੇ ਜੀਅ ਰਹੀ ਹੈ। ਮੋਦੀ ਨੇ 5200 ਕਰੋੜ ਰੁਪਏ ਲਗਭਗ ਮਸ਼ਹੂਰੀ ਦੇ ਵਿਚ ਬਰਬਾਦ ਕਰ ਦਿਤੇ ਜਦੋਂ ਕਿ ਇਸ ਰਕਮ ਨਾਲ ਲੱਖਾਂ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਸਕਦਾ ਸੀ। ਸਰਕਾਰ ਬੇਇਮਾਨ ਕਾਰਪੋਰੇਟ ਘਰਾਣਿਆਂ ਦੇ ਅਰਬਾਂ-ਖਰਬਾਂ ਮਾਫ਼ ਕਰ ਸਕਦੀ ਪਰ ਪੰਜਾਬ ਦੇ ਕਿਸਾਨ ਦਾ 1 ਰੁਪਇਆ ਮਾਫ਼ ਕਰਨ ਨੂੰ ਤਿਆਰ ਨਹੀਂ। ਪੰਜਾਬ ਦੀ ਅੱਜ ਤਕ ਹੋਈ ਲੁੱਟ ਤੇ ਮਾਰਕੁੱਟ ਦੀ ਕੋਈ ਪੜਤਾਲ ਨਹੀਂ ਹੋਈ ਜਿਸ ਦੇ ਦੋਸ਼ੀ ਬਾਦਲ ਕੈਪਟਨ ਤੇ ਮੋਦੀ ਸਰਕਾਰ ਹੈ। ਬੰਦੀ ਸਿੱਖਾਂ ਨੂੰ ਜੇਲਾਂ ਵਿਚ ਰੋਲਣ ਲਈ ਅੱਜ ਤਕ ਦੀਆਂ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਹਨ। ਕਾਨੂੰਨ ਦਾ ਰਾਜ ਅਤੇ ਹਲੇਮੀ ਰਾਜ ਹੀ ਪੰਜਾਬ, ਦੇਸ਼ ਅਤੇ ਸੰਸਾਰ ਅੰਦਰ ਸ਼ਾਂਤੀ ਦਾ ਜਾਮੁਨ ਹੋ ਸਕਦਾ ਹੈ।

About Jatin Kamboj