ARTICLES

ਯੋਗਾ ਲੋੜੀਂਦਾ ਜਾਂ ਜੌਗਿੰਗ

ਅੱਜ ਪੂਰੇ ਭਾਰਤ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਕਿੰਨੇ ਹੀ ਦਿਨਾਂ ਤੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰਾਂ ਨੇ ਇਸ ਦੇ ਪ੍ਰਚਾਰ ਉੱਪਰ ਲੱਖਾਂ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਇਸ ਮੌਕੇ ਸਕੂਲਾਂ ਕਾਲਜਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਗਈ ਹੈ। ਚੰਡੀਗੜ੍ਹ ਵਿੱਚ ਤਾਂ ਅੱਜ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਜਿਸ ਵਿੱਚ ਖ਼ੁਦ ਪ੍ਰਧਾਨ ਮੰਤਰੀ ਸ਼ਿਰਕਤ ਕਰ ਰਹੇ ਹਨ। ਪ੍ਰਸ਼ਾਸਨ ਸਭ ਕੰਮ ਛੱਡ ਕੇ ਕਈ ਦਿਨਾਂ ਤੋਂ ਇਸ ਦੀ ਤਿਆਰੀ ਵਿੱਚ ਰਾਤ ਦਿਨ ਲੱਗਿਆ ਹੋਇਆ ਸੀ। ਗੱਲ ਕੀ ਯੋਗਾ ਦਿਵਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਸਰਕਾਰ ਨੂੰ ਬੱਚਿਆਂ ਦੀ ਸਿਹਤ ਦਾ ਵੱਡਾ ਫ਼ਿਕਰ ਹੈ। ਹਾਲਾਂਕਿ ਹਾਲਾਤ ਇਹ ਹਨ ਕਿ ਸਕੂਲਾਂ ਵਿੱਚ ਪੀਟੀ ਮਾਸਟਰਾਂ ਦੀਆਂ ਜਾਂ ਤਾਂ ਸੀਟਾਂ ਖਾਲੀ ਪਈਆਂ ਹਨ ਤੇ ਜਾਂ ਇਹ ਅਸਾਮੀਆਂ ਹੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਬਹੁਤ ਜਗ੍ਹਾ ਪੀਟੀ ਮਾਸਟਰਾਂ ਤੋਂ ਫੁਟਕਲ ਦਫ਼ਤਰੀ ਕੰਮ ਕਰਵਾਏ ਜਾਂਦੇ ਹਨ। ਖੇਡਾਂ ਵਾਸਤੇ ਸਕੂਲਾਂ ਵਿੱਚੋਂ ਖੇਡ ਮੈਦਾਨ ਖ਼ਤਮ ਹੋ ਰਹੇ ਹਨ ਤੇ ਖੇਡਾਂ ਦਾ ਸਮਾਨ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਸਕੂਲੀ ਬੱਚਿਆਂ ਦੇ ਖੇਡ ਮੁਕਾਬਲੇ ਵੀ ਘਟਦੇ ਜਾ ਰਹੇ ਹਨ।
ਕਿਹਾ ਜਾਂਦਾ ਹੈ ਕਿ ਯੋਗਾ ਸਰੀਰ ਨੂੰ ਚੁਸਤ ਤੇ ਤੰਦਰੁਸਤ ਰੱਖਣ ਦੀ ਬਹੁਤ ਪ੍ਰਾਚੀਨ ਪ੍ਰਣਾਲੀ ਹੈ ਜੋ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਤਿਆਰ ਕੀਤੀ ਹੈ। ਇਸ ਵਿੱਚ ਵੱਖ ਵੱਖ ਰਿਸ਼ੀਆਂ ਅਤੇ ਯੋਗਾ ਅਚਾਰੀਆਂ ਦੇ ਨਾਮ ਲਏ ਜਾਂਦੇ ਹਨ ਪਰ ਇਸ ਦੇ ਸ਼ੁਰੂ ਹੋਣ ਦਾ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ। ਯੋਗ ਨੂੰ ਹਿੰਦੂ ਧਰਮ ਦੀ ਫਿਲਾਸਫ਼ੀ ਦੇ ਛੇ ਸਤੰਭਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਸ਼ਾਬਦਿਕ ਅਰਥਾਂ ਵਿੱਚ ਇੱਕ ਅਰਥ ਤਪੱਸਿਆ ਹੈ ਜਿਸ ਦਾ ਮੂਲ ਰੂਪ ਸਰੀਰ ਨੂੰ ਕਸ਼ਟ ਦੇਣ ਦੀ ਪ੍ਰਕਿਰਿਆ ਹੈ। ਇਸ ਵਿੱਚ ਸਮਾਧੀ, ਸਾਧਨਾ, ਤਿਆਗ ਤੇ ਸੰਨਿਆਸ ਵੀ ਸ਼ਾਮਿਲ ਹਨ। ਇੱਕ ਯੋਗ ਅਭਿਆਸੀ ਵਾਸਤੇ ਸੰਸਾਰਿਕ ਸੁੱਖਾਂ ਤੋਂ ਅਭਿੱਜ ਹੋਣਾ ਪਹਿਲੀ ਸ਼ਰਤ ਹੈ। ਮੰਨਿਆ ਜਾ ਸਕਦਾ ਹੈ ਕਿ ਯੋਗਾ ਦੀਆਂ ਕਸਰਤਾਂ ਕਿਸੇ ਹੱਦ ਤਕ ਸਿਹਤ ਲਈ ਫ਼ਾਇਦੇਮੰਦ ਹੋਣਗੀਆਂ। ਸਵੇਰੇ ਸਵੱਖਤੇ ਉੱਠਣਾ, ਇਕੱਠਿਆਂ ਬੈਠਣ ਤੇ ਸਰੀਰ ਨੂੰ ਹਿਲਾਉਣ ਦੇ ਜ਼ਰੂਰ ਲਾਭ ਹੋਣਗੇ। ਇਸ ਨਾਲ ਇਨਸਾਨ ਅੰਦਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਭਾਵਨਾ ਦਾ ਪੈਦਾ ਹੋਣਾ ਵੀ ਲਾਭਕਾਰੀ ਹੁੰਦਾ ਹੈ ਪਰ ਕਈ ਕਾਰਨਾਂ ਕਰਕੇ ਇਸ ਨੂੰ ਕਸਰਤ ਕਰਨ ਦੇ ਅਧੁਨਿਕ ਤੇ ਵਿਗਿਆਨਕ ਤਰੀਕਿਆਂ ਨਾਲੋਂ ਬਿਹਤਰ ਨਹੀਂ ਮੰਨਿਆ ਜਾ ਸਕਦਾ। ਯੋਗਾ ਨੂੰ ਹਜ਼ਾਰਾਂ ਸਾਲ ਪੁਰਾਣੀ ਪ੍ਰਣਾਲੀ ਕਿਹਾ ਜਾਂਦਾ ਹੈ। ਵਿਗਿਆਨਕ ਪੱਖ ਤੋਂ ਇਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਇਹ ਠੀਕ ਹੈ ਕਿ ਜੋੜਾਂ ਦੇ ਦਰਦਾਂ ਦੀਆਂ ਬਿਮਾਰੀਆਂ ਵਿੱਚ ਕਸਰਤ ਦਾ ਵੱਡਾ ਮਹੱਤਵ ਹੈ ਪਰ ਇਹ ਕਸਰਤਾਂ ਕਿਸੇ ਡਿਗਰੀ ਪ੍ਰਾਪਤ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਹੀ ਕਰਨੀਆਂ ਚਾਹੀਦੀਆਂ ਹਨ। ਜਿਵੇਂ ਬਿਨਾਂ ਡਾਕਟਰ ਦੀ ਸਲਾਹ ਤੋਂ ਖਾਣ ਵਾਲੀਆਂ ਗੋਲੀਆਂ ਵੀ ਨੁਕਸਾਨ ਕਰ ਸਕਦੀਆਂ ਹਨ, ਇਸੇ ਤਰ੍ਹਾਂ ਗ਼ਲਤ ਕਸਰਤਾਂ ਵੀ ਫਾਇਦੇ ਦੀ ਬਜਾਇ ਨੁਕਸਾਨ ਕਰ ਸਕਦੀਆਂ ਹਨ। ਅੱਜ ਸਾਡੇ ਹਸਪਤਾਲਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੱਖਰੇ ਡਾਕਟਰ ਹਨ। ਜੋੜਾਂ ਦੇ ਦਰਦਾਂ ਦੇ ਡਾਕਟਰ ਨੂੰ ਆਰਥੋ ਕਿਹਾ ਜਾਂਦਾ ਹੈ ਅਤੇ ਕਸਰਤਾਂ ਵਾਲੇ ਡਾਕਟਰ ਨੂੰ ਫਿਜ਼ਿਓਥੈਰੇਪਿਸਟ। ਮੈਡੀਕਲ ਵਿਸ਼ਿਆਂ ਵਿੱਚ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਢੇ ਚਾਰ ਸਾਲ ਦਾ ਡਿਗਰੀ ਕੋਰਸ ਕਰਨ ਤੋਂ ਬਾਅਦ ਹੀ ਕੋਈ ਫਿਜ਼ਿਓਥੈਰੇਪਿਸਟ ਬਣ ਸਕਦਾ ਹੈ। ਕੇਵਲ ਉਹੀ ਇੱਕ ਮਰੀਜ਼ ਨੂੰ ਖ਼ਾਸ ਬਿਮਾਰੀ ਵਾਸਤੇ ਢੁਕਵੀਂ ਕਸਰਤ ਦੱਸ ਸਕਦਾ ਹੈ। ਦਵਾਈਆਂ ਦੀ ਤਰ੍ਹਾਂ ਹੀ ਇਨ੍ਹਾਂ ਕਸਰਤਾਂ ਦਾ ਵੀ ਨਿਰਧਾਰਤ ਕੋਰਸ ਹੁੰਦਾ ਹੈ।
ਦੂਜੇ ਪਾਸੇ ਇੱਕ ਅਨਪੜ੍ਹ ਜਾਂ ਘੱਟ ਪੜਿ੍ਹਆ ਬੰਦਾ ਜੋ ਕਿਧਰੋਂ ਮਹੀਨਾ ਜਾਂ ਸਾਲ ਲਾ ਕੇ ਆਪਣੇ ਆਪ ਨੂੰ ਯੋਗਾ ਅਚਾਰੀਆ ਘੋਸ਼ਿਤ ਕਰ ਦਿੰਦਾ ਹੈ, ਉਹ ਕਸਰਤਾਂ ਦੇ ਮਾਮਲੇ ਵਿੱਚ ਨੀਮ ਹਕੀਮ ਹੀ ਹੋ ਸਕਦਾ ਹੈ ਕਿਉਂਕਿ ਉਸ ਨੂੰ ਸਰੀਰ ਦੀ ਬਣਤਰ ਦਾ ਕੋਈ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਕਸਰਤਾਂ ਦੇ ਵਿਗਿਆਨਕ ਤਰੀਕੇ ਦਾ। ਹੋਰ ਤਾਂ ਹੋਰ ਯੋਗਾ ਦੇ ਆਸਣਾਂ ਵਿੱਚ ਜਿਸ ਤਰ੍ਹਾਂ ਸਰੀਰ ਨੂੰ ਤਰੋੜਿਆ ਮਰੋੜਿਆ ਜਾਂਦਾ ਹੈ, ਇਹ ਸਿਹਤਮੰਦ ਰੁਝਾਨ ਨਹੀਂ। ਮਸ਼ਹੂਰ ਕਿਰਿਆ ‘ਕਪਾਲ ਭਾਰਤੀ’ ਵੀ ਆਂਦਰਾਂ ਦੀ ਇਨਫੈਕਸ਼ਨ ਜਾਂ ਸੋਜਿਸ਼ ਵਿੱਚ ਨੁਕਸਾਨ ਕਰ ਸਕਦੀ ਹੈ। ਸਾਰੀਆਂ ਆਂਦਰਾਂ ਅੰਦਰ ਖਿੱਚ ਕੇ ਰੀੜ੍ਹ ਦੀ ਹੱਡੀ ਨਾਲ ਲਾਉਣਾ ਤੇ ਅੰਦਰ ਖੋਲ੍ਹ ਤਿਆਰ ਕਰ ਲੈਣਾ, ਸਰੀਰ ਨੂੰ ਬੇਲੋੜਾ ਦੁੱਖ ਦੇਣ ਦੀ ਕਿਰਿਆ ਹੈ। ਯੋਗਾ ਦੀਆਂ ਬਹੁਤੀਆਂ ਕਿਰਿਆਵਾਂ ਚੌਂਕੜੀ ਮਾਰ ਕੇ ਬੈਠਣ ਤੋਂ ਸ਼ੁਰੂ ਹੁੰਦੀਆਂ ਹਨ ਜਿਸ ਨੂੰ ਹੁਣ ਡਾਕਟਰ ਵੈਸੇ ਹੀ ਚੰਗੀ ਆਦਤ ਨਹੀਂ ਸਮਝਦੇ।
ਸਭ ਤੋਂ ਅਹਿਮ ਗੱਲ ਕਿ ਯੋਗਾ ਵਿੱਚ ਸਰੀਰ ਗਰਮ ਕਰਨ ਜਾਂ ‘ਵਾਰਮ ਅੱਪ ਹੋਣ’ ਦੀ ਕੋਈ ਧਾਰਨਾ ਨਹੀਂ। ਬਹੁਤੇ ਆਸਣ ਠੰਢੇ ਸਰੀਰ ਨੂੰ ਹੀ ਮਰੋੜਨਾ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਜਿੰਮ ਜਾਂ ਹੋਰ ਕਸਰਤਾਂ ਵਿੱਚ ਪਹਿਲਾਂ ਤੇਜ਼ ਚੱਲ ਕੇ ਜਾਂ ਸਾਈਕਲ ਚਲਾ ਕੇ ਸਰੀਰ ਨੂੰ ਗਰਮ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਸਕੂਲਾਂ, ਕਾਲਜਾਂ, ਫ਼ੌਜ ਤੇ ਪੁਲੀਸ ਦੀਆਂ ਸਵੇਰ ਦੀਆਂ ਕਸਰਤਾਂ ਵਿੱਚ ਪਹਿਲਾਂ ਦੌੜ ਲਗਵਾਈ ਜਾਂਦੀ ਹੈ ਤੇ ਫਿਰ ਬਾਹਵਾਂ ਉੱਪਰ-ਹੇਠਾਂ ਕਰਕੇ ਇੱਕ-ਦੋ ਤੋਂ ਅੱਠ ਤੇ ਪੁੱਠੀ ਗਿਣਤੀ ਨਾਲ ਅੱਠ ਤੋਂ ਇੱਕ ਵਾਲੀ ਕਸਰਤ ਹੁੰਦੀ ਹੈ ਤੇ ਫਿਰ ਜੰਪ ਲਗਵਾਏ ਜਾਂਦੇ ਹਨ। ਇਸ ਤਰ੍ਹਾਂ ਸਾਹ ਤੇਜ਼ ਹੁੰਦਾ ਹੈ ਤੇ ਸਟੈਮਿਨਾ ਬਣਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਨ੍ਹਾ ਨਾਲ ਸਰੀਰ ਅੰਦਰ ਲੋੜੀਂਦੀ ਆਕਸੀਜਨ ਦਾਖਲ ਹੁੰਦੀ ਹੈ। ਇਸੇ ਕਰਕੇ ਇਨ੍ਹਾਂ ਕਸਰਤਾਂ ਨੂੰ ‘ਐਰੋਬਿਕ’ ਅਖਿਆ ਜਾਂਦਾ ਹੈ।
ਮੋਟੇ ਤੌਰ ’ਤੇ ਯੋਗਾ ਬਹੁਤ ਸੁਸਤ ਤੇ ਮੱਧਮ ਰਫ਼ਤਰ ਨਾਲ ਚੱਲਣ ਵਾਲੀ ਗੁੰਝਲਦਾਰ ਕਿਰਿਆ ਹੈ। ਇਸੇ ਵਾਸਤੇ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇੱਕ ਘੰਟਾ ਯੋਗਾ ਦੇ ਆਸਣਾਂ ਵਿੱਚ ਬੈਠਣ ਨਾਲੋਂ 20 ਮਿੰਟ ਦੀ ਤੇਜ਼ ਦੌੜ ਜਾਂ ਤੇਜ਼ ਕਦਮੀਂ ਸੈਰ ਦਾ ਜ਼ਿਆਦਾ ਲਾਭ ਹੈ। ਜੋ ਲੋਕ ਉਮਰ ਜਾਂ ਬਿਮਾਰੀ ਕਾਰਨ ਚੱਲ ਜਾਂ ਦੌੜ ਨਹੀਂ ਸਕਦੇ, ਉਨ੍ਹਾ ਵਾਸਤੇ ਵੀ ਸੰਭਵ ਪੀਟੀ ਕਸਰਤਾਂ ਤੇ ਫਿਜ਼ਿਓਥੈਰੇਪਿਸਟ ਦੀਆਂ ਦੱਸੀਆਂ ਹੋਈਆਂ ਕਸਰਤਾਂ ਹੀ ਲਾਹੇਵੰਦ ਹੋ ਸਕਦੀਆਂ ਹਨ।
ਜਿਸ ਸ਼ਿੱਦਤ ਤੇ ਢੰਗ ਨਾਲ ਸਰਕਾਰ ਵੱਲੋਂ ਯੋਗਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਵਿਗਿਆਨ ਦੇ ਮੁਕਾਬਲੇ ਅੰਧਵਿਸ਼ਵਾਸੀ ਧਾਰਨਾਵਾਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਯੋਗਾ ਦੀ ਪਹਿਲੀ ਕਾਰਵਾਈ ਚੌਕੜੀ ਮਾਰ ਕੇ ਭਗਤੀ ਦੀ ਮੁਦਰਾ ਵਿੱਚ ਦੋਵੇਂ ਹੱਥ ਗੋਡਿਆਂ ’ਤੇ ਰੱਖ ਕੇ ‘ਓਮ’ ਦੇ ਉਚਾਰਨ ਨਾਲ ਸ਼ੁਰੂ ਕੀਤੀ ਜਾਂਦੀ ਹੈ। ਯੋਗਾ ਦੇ ਇਸ਼ਤਿਹਾਰਾਂ ਵਿੱਚ ਪ੍ਰਧਾਨ ਮੰਤਰੀ ਨੂੰ ਹਮੇਸ਼ਾਂ ਇਸੇ ਮੁਦਰਾ ਵਿੱਚ ਦਿਖਾਇਆ ਜਾਂਦਾ ਹੈ। ਯੋਗਾ ਦਾ ਧਿਆਨ ਤੇ ਭਗਤੀ ਨਾਲ ਅਟੁੱਟ ਰਿਸ਼ਤਾ ਹੈ। ਇਸ ਦੇ ਕੁਝ ਕੇਂਦਰਾਂ ਦਾ ਨਾਮ ਵੀ ‘ਯੋਗਾ ਐਂਡ ਮੈਡੀਟੇਸ਼ਨ’ ਰੱਖਿਆ ਗਿਆ ਹੈ। ਇਸ ਤਰ੍ਹਾਂ ਯੋਗਾ ਦਾ ਜ਼ੋਰ-ਸ਼ੋਰ ਨਾਲ ਹੋ ਰਿਹਾ ਪ੍ਰਚਾਰ ਲੋਕਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਫ਼ਿਕਰਮੰਦੀ ਨਹੀਂ ਬਲਕਿ ਕਿਸੇ ਇੱਕ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਮਾਤਰ ਜਾਪਦਾ ਹੈ।

ਅਭੈ ਸਿੰਘ