Home » ENTERTAINMENT » ‘ਰਾਂਝਾ ਰਫਿਊਜੀ’ ਕਰੇਗੀ ਸਭ ਦਾ ਮਨੋਰੰਜਨ : ਕਰਮਜੀਤ ਅਨਮੋਲ
ak

‘ਰਾਂਝਾ ਰਫਿਊਜੀ’ ਕਰੇਗੀ ਸਭ ਦਾ ਮਨੋਰੰਜਨ : ਕਰਮਜੀਤ ਅਨਮੋਲ

ਚੰਡੀਗੜ— ਆਪਣੀ ਅਦਾਕਾਰੀ ਦੇ ਦਮ ‘ਤੇ ਪੰਜਾਬੀ ਫਿਲਮ ਇੰਡਸਟਰੀ ‘ਚ ਵਿਲੱਖਣ ਪਛਾਣ ਬਣਾ ਚੁੱਕੇ ਨਾਮਵਰ ਕਾਮੇਡੀਅਨ, ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਪਹਿਲੀ ਵਾਰ ਪਰਦੇ ‘ਤੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਡਰਾਉਣਗੇ ਵੀ। ਉਹ ਪਹਿਲੀ ਵਾਰ ਪੰਜਾਬੀ ਫਿਲਮ ‘ਰਾਂਝਾ ਰਫਿਊਜੀ’ ਜ਼ਰੀਏ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। 26 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਨਿਰਦੇਸ਼ਕ ਅਵਤਾਰ ਸਿੰਘ ਦੀ ਫਿਲਮ ‘ਰਾਂਝਾ ਰਫਿਊਜੀ’ ‘ਚ ਕਰਮਜੀਤ ਅਨਮੋਲ ਨੇ ਇਕ ਅਹਿਮ ਭੂਮਿਕਾ ਨਿਭਾਈ ਹੈ। ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦਾ ਟਰੇਲਰ 5 ਅਕਤੂਬਰ ਨੂੰ ਰਿਲੀਜ਼ ਹੋ ਚੁੱਕਾ ਹੈ। ਟਰੇਲਰ ‘ਚ ਭਾਵੇਂ ਕਰਮਜੀਤ ਅਨਮੋਲ ਆਪਣੇ ਕਾਮੇਡੀ ਰੰਗ ਵਾਲੇ ਅੰਦਾਜ਼ ‘ਚ ਹੀ ਨਜ਼ਰ ਆ ਰਹੇ ਹਨ ਪਰ ਫਿਲਮ ‘ਚ ਉਨ੍ਹਾਂ ਦਾ ਇਕ ਵੱਖਰਾ ਹੀ ਰੰਗ ਦੇਖਣ ਨੂੰ ਮਿਲੇਗਾ। ‘ਜੇ ਬੀ ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ‘ਚ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਹਾਰ ਬੀ ਸੰਘਾ, ਸਾਨਵੀਂ ਧੀਮਾਨ, ਅਨੀਤਾ ਸ਼ਬਦੀਸ਼ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਨਵੇਂ ਅਤੇ ਪੁਰਾਣੇ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਕਰਮਜੀਤ ਅਨਮੋਲ ਮੁਤਾਬਕ ਇਹ ਫਿਲਮ ਉਸ ਦੀ ਪਸੰਦੀਦਾ ਫਿਲਮ ਹੈ। ਰੌਸ਼ਨ ਪ੍ਰਿੰਸ ਨਾਲ ਭਾਵੇਂ ਉਹ ਇਸ ਤੋਂ ਪਹਿਲਾਂ ਵੀ ਕੰਮ ਕਰ ਚੁੱਕੇ ਹਨ ਪਰ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਨਾਲ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੈ। ਇਸ ਤੋਂ ਬਾਅਦ ਉਹ ਦੋਵੇਂ ਉਸ ਦੀ ਘਰੇਲੂ ਬੈਨਰ ਦੀ ਫਿਲਮ ‘ਮੰਦੋ ਤਹਿਸੀਲਦਾਰਨੀ’ ‘ਚ ਕੰਮ ਕਰਨਗੇ। ਕਰਮਜੀਤ ਅਨਮੋਲ ਮੁਤਾਬਕ ਇਹ ਫਿਲਮ ਪੰਜਾਬ ਦੇ ਇਕ ਅਜਿਹੇ ਪਿੰਡ ਦੀ ਕਹਾਣੀ ਹੈ, ਜਿਸ ‘ਚ ਪਾਕਿਸਤਾਨ ਤੋਂ ਉਜੜ ਕੇ ਆਇਆ ਇਕ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੂੰ ਅੱਜ ਵੀ ਰਫਿਊਜੀਆਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਇਸ ਪਰਿਵਾਰ ਦੇ ਮੁੰਡੇ ਦਾ ਨਾਂ ਰਾਂਝਾ ਹੈ। ਇਹ ਫਿਲਮ ਰਾਂਝੇ ਦੇ ਕਿਰਦਾਰ ਦੁਆਲੇ ਹੀ ਘੁੰਮਦੀ ਹੈ। ਉਹ ਫਿਲਮ ‘ਚ ਰਾਂਝੇ ਦੇ ਗੁਆਂਢੀ ਦੇ ਰੂਪ ‘ਚ ਨਜ਼ਰ ਆਉਣਗੇ, ਜੋ ਰਾਂਝੇ ਦੀ ਮਹਿਬੂਬਾ ਯਾਨੀ ਫਿਲਮ ਦੀ ਹੀਰੋਇਨ ਨਾਲ ਵਿਆਹ ਕਰਵਾਉਣ ਦੀ ਇਛਾ ਰੱਖਦਾ ਹੈ।

About Jatin Kamboj