COMMUNITY PUNJAB NEWS

ਰੋਜ਼ਾਨਾ 500 ਤੋਂ ਵੀ ਘੱਟ ਸੰਗਤਾਂ ਕਰ ਰਹੀਆਂ ਹਨ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ

ਗੁਰਦਾਸਪੁਰ : ਭਾਵੇਂ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਪੰਜ ਹਜ਼ਾਰ ਸੰਗਤਾਂ ਦੀ ਇਜਾਜ਼ਤ ਦਿਤੀ ਹੋਈ ਹੈ ਪਰ 9 ਨਵੰਬਰ ਤੋਂ ਲੈ ਕੇ ਹੁਣ ਤਕ ਸਿਰਫ਼ 500 ਤੋਂ ਵੀ ਘੱਟ ਸੰਗਤਾਂ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਹਨ। ਕੇਂਦਰ ਦੇ ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਵਲੋਂ ਅੱਜ ਤੋਂ ਸ਼ਰਧਾਲੂਆਂ ਦੀ ਗਿਣਤੀ ਵਿਚ ਕਈ ਗੁਣਾਂ ਦਾ ਵਾਧਾ ਕੀਤਾ ਜਾ ਰਿਹਾ ਹੈ। ਬੀਤੇ ਕਲ ਸੱਭ ਤੋਂ ਜ਼ਿਆਦਾ 665 ਸੰਗਤਾਂ ਦਰਸ਼ਨਾਂ ਲਈ ਗਈਆਂ ਸਨ ਅਤੇ ਅੱਜ ਸ਼ਰਧਾਲੂਆਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋਇਆ ਹੈ। ਕੁੱਝ ਦਿਨਾਂ ਦੌਰਾਨ ਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਗਏ ਸ਼ਰਧਾਲੂਆਂ ਦੀ ਗਿਣਤੀ 125 ਤੋਂ ਲੈ ਕੇ 200 ਤਕ ਰਹਿ ਗਈ ਸੀ। ਕੁੱਝ ਸ਼ਰਧਾਲੂਆਂ ਨੇ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਇਹ ਵੀ ਇਤਰਾਜ਼ ਕੀਤਾ ਹੈ ਕਿ ਜੇ ਕਿਸੇ ਪਰਵਾਰ ਦੇ ਪੰਜ ਮੈਂਬਰਾਂ ਕੋਲ ਪਾਸਪੋਰਟ ਹਨ ਤੇ ਉਨ੍ਹਾਂ ਵਲੋਂ ਪਰਵਾਰ ਦੇ ਸਿਰਫ਼ ਇਕ ਮੈਂਬਰ ਨੂੰ ਹੀ ਅਗਾਂਹ ਜਾਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ ਜਿਸ ਕਾਰਨ ਸ਼ਰਧਾਲੂਆਂ ਅੰਦਰ ਕੇਂਦਰ ਸਰਕਾਰ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਵਿਰੁਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵਲੋਂ ਪਹਿਲਾਂ ਹੀ ਪੰਜਾਬ ਰੋਡਵੇਜ਼ ਨੂੰ ਮੁਸਾਫ਼ਰ ਟਰਮੀਨਲ ਲਈ ਸੇਵਾ ਤੁਰਤ ਚਾਲੂ ਕਰਨ ਲਈ ਹਦਾਇਤ ਕਰ ਦਿਤੀ ਗਈ ਸੀ ਅਤੇ ਇਹ ਬੱਸ ਸੇਵਾ ਜਾਰੀ ਹੈ।