Home » FEATURED NEWS » ਵਕੀਲਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ ਦੀਆਂ ਅਦਾਲਤਾਂ ਵਿਚ ਕੰਮਕਾਜ ਠੱਪ
5

ਵਕੀਲਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ ਦੀਆਂ ਅਦਾਲਤਾਂ ਵਿਚ ਕੰਮਕਾਜ ਠੱਪ

ਨਵੀਂ ਦਿੱਲੀ- ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਬੀਤੇ ਸ਼ਨਿੱਚਰਵਾਰ ਵਕੀਲਾਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਪੈਦਾ ਹੋਇਆ ਵਿਵਾਦ ਹਾਲੇ ਤੱਕ ਖ਼ਤਮ ਨਹੀਂ ਹੋ ਸਕਿਆ। ਅੱਜ ਬੁੱਧਵਾਰ ਨੂੰ ਉਹ ਹੋਰ ਵੀ ਜ਼ਿਆਦਾ ਵਧ ਗਿਆ ਹੈ। ਅੱਜ ਵੀ ਦਿੱਲੀ ਦੀਆਂ ਤਿੰਨ ਅਦਾਲਤਾਂ ਪਟਿਆਲਾ ਹਾਊਸ ਕੋਰਟ, ਰੋਹਿਣੀ ਕੋਰਟ ਤੇ ਸਾਕੇਤ ਕੋਰਟ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਇਹ ਕੰਮਕਾਜ ਸ਼ਨਿੱਚਰਵਾਰ ਹਿੰਸਕ ਝੜਪਾਂ ਵਾਲੇ ਦਿਨ ਤੋਂ ਹੀ ਪ੍ਰਭਾਵਿਤ ਹੋ ਰਿਹਾ ਹੈ। ਵਕੀਲ ਇਨ੍ਹਾਂ ਅਦਾਲਤਾਂ ਦੇ ਬਾਹਰ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ।
ਅੱਜ ਪਟਿਆਲਾ ਹਾਊਸ ਕੋਰਟ ਦਾ ਤਾਂ ਦਰਵਾਜ਼ਾ ਹੀ ਉਨ੍ਹਾਂ ਨੇ ਬੰਦ ਕਰ ਦਿੱਤਾ ਸੀ। ਸਾਕੇਤ ਅਦਾਲਤ ਤੇ ਰੋਹਿਣੀ ਅਦਾਲਤ ਦੇ ਬਾਹਰ ਵੀ ਵਕੀਲ ਜ਼ਬਰਦਸਤ ਰੋਸ ਮੁਜ਼ਾਹਰੇ ਕਰ ਰਹੇ ਹਨ। ਉਹ ਅਦਾਲਤੀ ਕੰਪਲੈਕਸਾਂ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦੇ ਰਹੇ। ਇਸ ਕਾਰਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਰ ਕੌਂਸਲ ਆੱਫ਼ ਇੰਡੀਆ ਨੇ ਮੰਗਲਵਾਰ ਨੂੰ ਹੀ ਵਕੀਲਾਂ ਨੂੰ ਚੇਤਾਵਨੀ ਦਿੰਦਿਆਂ ਹੜਤਾਲ ਵਾਪਸ ਲੈਣ ਲਈ ਆਖਿਆ ਸੀ ਪਰ ਇਸ ਦਾ ਵਕੀਲਾਂ ਉੱਤੇ ਕੋਈ ਅਸਰ ਨਹੀਂ ਹੋਇਆ।ਰੋਹਿਣੀ ਤੇ ਸਾਕੇਤ ਕੋਰਟ ਤੋਂ ਇਲਾਵਾ ਕੜਕੜਡੂਮਾ ਕੋਰਟ ਵਿਚ ਵੀ ਹੜਤਾਲ ਜਾਰੀ ਹੈ ਤੇ ਵਕੀਲ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਰੋਹਿਣੀ ਕੋਰਟ ਵਿਚ ਜੱਜ ਦੌਰੇ ’ਤੇ ਨਿੱਕਲੇ ਹਨ। ਵਕੀਲ ਆਪਣੀਆਂ ਮੰਗਾਂ ਉੱਤੇ ਹਾਲੇ ਵੀ ਅੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਰੋਹਿਣੀ ਅਦਾਲਤ ਵਿਚ ਤਾਂ ਇੱਕ ਵਕੀਲ ਨੇ ਖ਼ੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਲੈਫ਼ਟੀਨੈਂਟ ਗਵਰਨਰ ਦੀ ਰਿਹਾਇਸ਼ਗਾਹ ’ਤੇ ਮੀਟਿੰਗ ਤੋਂ ਬਾਅਦ ਸੀਨੀਅਰ ਅਧਿਕਾਰੀਆਂ; ਜਿਨ੍ਹਾਂ ਵਿਚ ਸੰਯੁਕਤ ਪੁਲਿਸ ਕਮਿਸ਼ਨਰ (ਕ੍ਰਾਈਮ) ਵੀ ਮੌਜੂਦ ਸਨ। ਇਹ ਨਜ਼ਰਸਾਨੀ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿਰੁੱਧ ਦਾਇਰ ਕੀਤੀ ਜਾਣੀ ਹੈ, ਜੋ ਤੀਸ ਹਜ਼ਾਰੀ ਕੋਰਟ ਵਿਚ ਹੋਏ ਵਿਵਾਦ ’ਚ ਦਿੱਤਾ ਗਿਆ ਸੀ।

About Jatin Kamboj