PUNJAB NEWS

ਵਿਵਾਦਾਂ ‘ਚ ਘਿਰੀ ਰਾਜੋਆਣਾ-ਲੌਂਗੋਵਾਲ ਮਿਲਣੀ, ਰੰਧਾਵਾ ਨੇ ਮੰਗੀ ਰਿਪੋਰਟ

ਗੁਰਦਾਸਪੁਰ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਪਟਿਆਲਾ ਦੀ ਜੇਲ ‘ਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਵਿਵਾਦ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਹ ਵਿਵਾਦ ਐੱਸ. ਜੀ. ਪੀ. ਸੀ. ਮੈਂਬਰਾਂ ਦੀ ਬਲਵੰਤ ਸਿੰਘ ਰਾਜੋਆਣਾ ਨਾਲ ਜੇਲ ‘ਚ ਮੁਲਾਕਾਤ ਦੌਰਾਨ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਖੜ੍ਹਾ ਹੋਇਆ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਨੋਟਿਸ ਲਿਆ ਹੈ। ਰੰਧਾਵਾ ਨੇ ਪ੍ਰਿੰਸੀਪਲ ਸਕੱਤਰ ਜੇਲ ਨੂੰ ਪੱਤਰ ਲਿੱਖ ਕੇ ਇਸ ਦਾ ਜਵਾਬ ਮੰਗਿਆ ਹੈ। ਰੰਧਾਵਾ ਨੇ ਜੇਲ ‘ਚ ਮੋਬਾਇਲ ਜਾਣ ‘ਤੇ ਇਤਰਾਜ਼ ਜਤਾਇਆ ਹੈ। ਰੰਧਾਵਾ ਨੇ ਕਿਹਾ ਕਿ ਨਿਯਮਾਂ ਮੁਤਾਬਕ ਨਾ ਤਾਂ ਜੇਲ ਅੰਦਰ ਮੋਬਾਇਲ ਜਾ ਸਕਦਾ ਹੈ ਅਤੇ ਨਾ ਹੀ ਜੇਲ ‘ਚ ਤਸਵੀਰ ਖਿੱਚੀ ਜਾ ਸਕਦੀ ਹੈ। ਜ਼ਿਕਰਯੌਗ ਹੈ ਕਿ ਰਾਜੋਆਣਾ ਦੀ ਰਿਹਾਈ ਲਈ ਉਨ੍ਹਾਂ ਨੂੰ ਕਾਨੂੰਨੀ ਮਦਦ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ ਵਫਦ ਸਮੇਤ ਪਟਿਆਲਾ ਜੇਲ ‘ਚ ਮੁਲਾਕਾਤ ਕੀਤੀ ਗਈ ਸੀ। ਜੇਲ ‘ਚ ਮੋਬਾਇਲ ਨਾਲ ਫੋਟੋ ਖਿੱਚਣ ‘ਤੇ ਜੇਲ ਮੰਤਰੀ ਭੜਕੇ ਹਨ।