Home » FEATURED NEWS » ਵਿੱਤ ਮੰਤਰੀ ਨੇ ਵਿਕਾਸ ਕਾਰਜਾਂ ਲਈ 12.50 ਲੱਖ ਦੇ ਚੈੱਕ ਵੰਡੇ
cv

ਵਿੱਤ ਮੰਤਰੀ ਨੇ ਵਿਕਾਸ ਕਾਰਜਾਂ ਲਈ 12.50 ਲੱਖ ਦੇ ਚੈੱਕ ਵੰਡੇ

ਬਠਿੰਡਾ : ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਬਠਿੰਡਾ ਸ਼ਹਿਰ ਵਿਧਾਨ ਸਭਾ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੰਡੇ, ਉਥੇ ਹੀ ਸ਼ਹਿਰ ਵਿਚ ਹੋਏ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਵੀ ਕੀਤੀ। ਇਸ ਦੌਰਾਨ ਬੇਅੰਤ ਨਗਰ ਵਿਚ ਇਕ ਇਕੱਠ ਦੌਰਾਨ ਵਿੱਤ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹੱਲਾ ਬੋਲਦਿਆਂ ਦੋਸ਼ ਲਗਾਇਆ ਕਿ ”ਪਹਿਲਾਂ ਨੋਟਬੰਦੀ ਤੇ ਫ਼ਿਰ ਜੀ.ਐਸ.ਟੀ ਲਾਗੂ ਕਰ ਕੇ ਦੇਸ਼ ਦੇ ਅਰਥਚਾਰੇ ਨੂੰ ਵੱਡੀ ਸੱਟ ਮਾਰੀ ਹੈ।”ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਲਗਾਤਾਰ ਦੇਸ਼ ਦੀ ਆਰਥਿਕ ਹਾਲਤ ਮਾੜੀ ਹੋ ਰਹੀ ਹੈ। ਦੇਸ਼ ਵਿਚ ਬੇਰੁਜ਼ਗਾਰੀ ਦਿਨੋਂ ਦਿਨ ਵਧ ਰਹੀ ਹੈ ਤੇ ਮਹਿੰਗਾਈ ਦੀ ਮਾਰ ਲੋਕਾਂ ਨੂੰ ਪੈ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਜੀ.ਐਸ.ਟੀ ਦੇ ਪੈਸੇ ਨਹੀਂ ਦਿਤੇ ਜਾ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਅਸਰ ਪੰਜਾਬ ‘ਤੇ ਵੀ ਪੈ ਰਿਹਾ ਹੈ ਪਰ ਫ਼ਿਰ ਸੂਬੇ ਦੀ ਕਾਂਗਰਸ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਬਿਹਤਰ ਕਰਨ ਦੇ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲਗਾਤਾਰ ਵਿਕਾਸ ਦੇ ਕੰਮ ਚੱਲ ਰਹੇ ਹਨ ਜੋ ਭਵਿਖ ਵਿਚ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਕੂਲਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸ਼ਹਿਰ ਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਦੇਣ ਵਲ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਰਹਿੰਦੇ ਕੰਮ ਇਕ ਇਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਸ਼ਹਿਰ ਦੇ ਵਿਕਾਸ ਲਈ 12.50 ਲੱਖ ਦੇ ਚੈੱਕ ਵੀ ਤਕਸੀਮ ਕੀਤੇ।

About Jatin Kamboj