ARTICLES

ਸਰਮਾਏਦਾਰੀ ਦੇ ਲੋਭ ’ਚੋਂ ਉਪਜਿਆ ਗ਼ੈਰ-ਕੁਦਰਤੀ ਪਰਵਾਸ

ਡਾ. ਸਵਰਾਜ ਸਿੰਘ
ਮੌਜੂਦਾ ਪਰਵਾਸ ਕੁਦਰਤੀ ਨਹੀਂ ਸਗੋਂ ਗ਼ੈਰ-ਕੁਦਰਤੀ ਹੈ ਕਿਉਂਕਿ ਇਹ ਇੱਕ ਕੁਦਰਤੀ ਪ੍ਰਕਿਰਿਆ ਦਾ ਨਤੀਜਾ ਨਹੀਂ ਸਗੋਂ ਸਰਮਾਏਦਾਰੀ ਦੇ ਲੋਭ ਦਾ ਨਤੀਜਾ ਹੈ। ਕੁਦਰਤੀ ਪਰਵਾਸ ਤੁਲਨਾਤਮਿਕ ਤੌਰ ’ਤੇ ਥੁੜ੍ਹ ਵਾਲੇ ਇਲਾਕੇ ਤੋਂ ਤੁਲਨਾਤਮਿਕ ਤੌਰ ’ਤੇ ਬਹੁਤਾਤ ਵਾਲੇ ਇਲਾਕੇ ਵੱਲ ਹੁੰਦਾ ਆਇਆ ਹੈ। ਇਸ ਦੇ ਨਾਲ ਹੀ ਜਲਵਾਯੂ ਦਾ ਵੀ ਇੱਕ ਤੱਥ ਜੁੜਿਆ ਹੈ ਕਿ ਸਖ਼ਤ ਜਲਵਾਯੂ ਤੋਂ ਨਰਮ ਜਲਵਾਯੂ ਵੱਲ ਇਸ ਦਾ ਰੁਖ਼ ਰਿਹਾ ਹੈ, ਪਰ ਸਰਮਾਏਦਾਰੀ ਨੇ ਆਪਣੇ ਲੋਭ ਦੀ ਪੂਰਤੀ ਲਈ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਗ਼ੈਰ-ਕੁਦਰਤੀ ਪਰਵਾਸ ਨੂੰ ਉਤਸ਼ਾਹਿਤ ਕੀਤਾ ਹੈ। ਇੱਕ ਤਰ੍ਹਾਂ ਨਾਲ ਸਰਮਾਏਦਾਰੀ ਹੇਠ ਹੋਇਆ ਪਰਵਾਸ ਜਬਰੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਅਮਰੀਕਾ ਵਿੱਚ ਜ਼ਬਰਦਸਤੀ ਅਫਰੀਕਾ ਤੋਂ ਸਿਆਹ ਲੋਕਾਂ ਨੂੰ ਲੈ ਕੇ ਆਉਣਾ ਹੈ। ਇਨ੍ਹਾਂ ਲੋਕਾਂ ਨੂੰ ਜਾਨਵਰਾਂ ਵਾਂਗ ਫੜਿਆ ਗਿਆ, ਫਿਰ ਪਿੰਜਰਿਆਂ ਵਿੱਚ ਬੰਦ ਕਰਕੇ ਜਹਾਜ਼ਾਂ ਤਕ ਪਹੁੰਚਾਇਆ ਗਿਆ ਅਤੇ ਫਿਰ ਰੱਸਿਆਂ ਨਾਲ ਬੰਨ੍ਹ ਕੇ ਸਾਮਾਨ ਦੀ ਤਰ੍ਹਾਂ ਸਮੁੰਦਰੀ ਜਹਾਜ਼ਾਂ ਰਾਹੀਂ ਅਮਰੀਕਾ ਲਿਜਾਇਆ ਗਿਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਕਾਲੇ ਲੋਕਾਂ ਦੇ ਹੱਦ ਤੋਂ ਵੱਧ ਸ਼ੋਸ਼ਣ ਨੇ ਹੀ ਅਮਰੀਕਾ ਦੀ ਆਰਥਿਕ ਖੁਸ਼ਹਾਲੀ ਦੀ ਬੁਨਿਆਦ ਰੱਖੀ।
ਸਰਮਾਏਦਾਰਾਂ ਨੇ ਬਸਤੀਵਾਦ ਦੇ ਦੌਰ ਵਿੱਚ ਸੰਸਾਰ ਵਿੱਚ ਸਾਵਾਂ ਵਿਕਾਸ ਨਹੀਂ ਹੋਣ ਦਿੱਤਾ ਅਤੇ ਇਸ ਅਸਾਵੇਂ ਵਿਕਾਸ ਨੇ ਪਰਵਾਸ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੀ ਦਸਤਕਾਰੀ ਨਸ਼ਟ ਕਰ ਦਿੱਤੀ ਅਤੇ ਨਵੀਂ ਦਸਤਕਾਰੀ ਵਿਕਸਿਤ ਨਹੀਂ ਹੋਣ ਦਿੱਤੀ ਜਿਸ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋ ਸਕੇ ਅਤੇ ਇੱਥੋਂ ਲੋਕਾਂ ਨੂੰ ਰੋਜ਼ੀ-ਰੋਟੀ ਖਾਤਰ ਪੱਛਮੀ ਸਰਮਾਏਦਾਰ ਦੇਸ਼ਾਂ ਵੱਲ ਪਰਵਾਸ ਕਰਨਾ ਪਿਆ। ਜਦੋਂ ਸਰਮਾਏਦਾਰੀ ਵਿਵਸਥਾ ਸਾਮਰਾਜ ਵਿੱਚ ਵਿਕਸਿਤ ਹੋ ਗਈ ਅਤੇ ਫਿਰ ਆਪਣੀ ਸਭ ਤੋਂ ਉਪਰਲੀ ਅਵਸਥਾ ਵਿਸ਼ਵੀਕਰਨ ਵੱਲ ਪਹੁੰਚੀ ਤਾਂ ਸਰਮਾਏਦਾਰੀ ਦੇ ਖਪਤਕਾਰੀ ਸੱਭਿਆਚਾਰ ਨੇ ਦੂਜੇ ਸੱਭਿਆਚਾਰਾਂ ਦੀ ਹੋਂਦ ਨੂੰ ਲਗਪਗ ਖਤਮ ਕਰ ਦਿੱਤਾ ਅਤੇ ਜੀਵਨ ਮੰਤਵ ਨੂੰ ਲੋੜਾਂ ਪੂਰੀਆਂ ਕਰਨ ਦੀ ਬਜਾਏ ਖਾਹਿਸ਼ਾਂ ਦੀ ਪੂਰਤੀ ਵੱਲ ਧੱਕ ਦਿੱਤਾ ਤਾਂ ਇਹ ਵੀ ਪਰਵਾਸ ਦਾ ਇੱਕ ਵੱਡਾ ਕਾਰਨ ਬਣਿਆ। ਸਰਮਾਏਦਾਰੀ ਦਾ ਆਪਣਾ ਮੁਨਾਫ਼ਾ ਵਧਾਉਣ ਦਾ ਲੋਭ ਅਤੇ ਆਪਣੇ ਕਾਰਖਾਨਿਆਂ ਵਿੱਚ ਬਣਿਆ ਮਾਲ ਦੂਸਰੇ ਦੇਸ਼ਾਂ ਦੀਆਂ ਮੰਡੀਆਂ ਵਿੱਚ ਵੇਚਣ ਦੇ ਲੋਭ ਨੇ ਦੂਜੇ ਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਸੀਮਿਤ ਕਰ ਦਿੱਤੇ। ਇਨ੍ਹਾਂ ਦੇਸ਼ਾਂ ਦੀ ਸਸਤੀ ਕੰਮ ਸ਼ਕਤੀ ਨਾਲ ਹੋਰ ਮੁਨਾਫ਼ਾ ਕਮਾਉਣ ਦਾ ਲੋਭ ਅਤੇ ਆਪਣੇ ਦੇਸ਼ਾਂ ’ਚ ਕਾਮਿਆਂ ’ਤੇ ਪਰਵਾਸੀ ਕੰਮ- ਸ਼ਕਤੀ ਦੀ ਉਪਲੱਬਧਤਾ ਦਾ ਡੰਡਾ ਵਰਤ ਕੇ ਉਨ੍ਹਾਂ ਦੀਆਂ ਤਨਖ਼ਾਹਾਂ ਕਾਬੂ ਵਿੱਚ ਰੱਖਣ ਦੇ ਨਾਲ-ਨਾਲ ਆਪਣੇ ਮੁਨਾਫ਼ੇ ਵਿੱਚ ਹੋਰ ਵਾਧਾ ਕਰਨ ਦੀ ਰੁਚੀ ਨੇ ਵੀ ਪਰਵਾਸ ਨੂੰ ਉਤਸ਼ਾਹਿਤ ਕੀਤਾ। ਭਾਰਤ ਵਿੱਚ ਆਪਣੇ ਆਪ ਨੂੰ ਮਾਰਕਸਵਾਦੀ ਕਹਾਉਣ ਵਾਲੇ ਬੁੱਧੀਜੀਵੀ ਆਰਥਿਕਵਾਦੀ ਜਨੂਨ ਅਤੇ ਪੱਛਮਵਾਦ ਵਿੱਚ ਗ੍ਰਸੇ ਹੋਏ ਹੋਏ ਹਨ। ਇਸ ਲਈ ਭਾਵੇਂ ਹਰਾ ਇਨਕਲਾਬ ਹੋਵੇ, ਭਾਵੇਂ ਪਰਵਾਸ ਦਾ ਮਸਲਾ ਹੋਵੇ ਅਤੇ ਭਾਵੇਂ ਸਿਗਮੰਡ ਫਰਾਇਡ ਦੇ ਕਾਮੁਕ ਉਦਾਰਵਾਦ ਦਾ ਮਸਲਾ ਹੋਵੇ, ਇਹ ਅਕਸਰ ਸਰਮਾਏਦਾਰੀ ਅਤੇ ਸਾਮਰਾਜ ਦੇ ਹੱਕ ਵਿੱਚ ਭੁਗਤਦੇ ਹਨ। ਇਸ ਲਈ ਮੈਨੂੰ ਜ਼ਿਆਦਾ ਹੈਰਾਨੀ ਨਹੀਂ ਹੋਈ ਜਦੋਂ ਇੱਕ ਸਤਿਕਾਰਤ ਮਾਰਕਸਵਾਦੀ ਚਿੰਤਕ ਪੀ. ਸਾਈਂਨਾਥ ਪਿੱਛੇ ਜਿਹੇ ਸਾਮਰਾਜੀ ਵਹਿਸ਼ਤ ਵਿੱਚੋਂ ਉਪਜੇ ਗ਼ੈਰ-ਕੁਦਰਤੀ ਪਰਵਾਸ ਦੇ ਹੱਕ ਵਿੱਚ ਨਿੱਤਰੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਵਿੱਚੋਂ ਪਰਵਾਸ ਨਾ ਹੁੰਦਾ ਤਾਂ ਖ਼ੁਦਕਸ਼ੀ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋਣੀ ਸੀ। ਜ਼ਾਹਿਰ ਹੈ ਕਿ ਸਾਈਂਨਾਥ ਨੂੰ ਪੰਜਾਬ ਦੇ ਆਵਾਸ-ਪਰਵਾਸ ਦੇ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਨਹੀਂ ਹੈ। ਹਜ਼ਾਰਾਂ ਸਾਲਾਂ ਤੋਂ ਪੰਜਾਬ ਵਿੱਚ ਆਵਾਸ ਦੀ ਪ੍ਰਕਿਰਿਆ ਜ਼ਿਆਦਾ ਭਾਰੂ ਰਹੀ ਹੈ। ਪੰਜਾਬ ਵਿੱਚੋਂ ਪਰਵਾਸ ਦੀ ਪ੍ਰਕਿਰਿਆ ਬਸਤੀਵਾਦੀ ਗ਼ੁਲਾਮੀ ਤੋਂ ਬਾਅਦ ਸ਼ੁਰੂ ਹੋਈ। ਹਰੇ ਇਨਕਲਾਬ ਤੋਂ ਬਾਅਦ ਜਦੋਂ ਅਮਰੀਕੀ ਸਾਮਰਾਜ ਨੇ ਪੰਜਾਬ ’ਤੇ ਲਗਪਗ ਮੁਕੰਮਲ ‘ਕਬਜ਼ਾ’ ਕਰ ਲਿਆ ਤਾਂ ਪੰਜਾਬ ਵਿੱਚੋਂ ਪਰਵਾਸ ਹੋਰ ਵੀ ਵਧ ਗਿਆ। ਉਸ ਵੇਲੇ ਤਕ ਪੰਜਾਬ ਵਿੱਚੋਂ ਕਿਸਾਨੀ ਦੇ ਪਰਵਾਸ ਦੇ ਮੁੱਖ ਕਾਰਨ ਆਰਥਿਕ ਸਨ। ਪਰ ਜਦੋਂ ਅਮਰੀਕੀ ਸਾਮਰਾਜ ਵਿਸ਼ਵੀਕਰਨ ਵਿੱਚ ਬਦਲ ਗਿਆ ਅਤੇ ਅਮਰੀਕਾ ਵਿਸ਼ਵੀਕਰਨ ਦਾ ਅਣਐਲਾਨਿਆ ਬਾਦਸ਼ਾਹ ਬਣ ਗਿਆ ਤਾਂ ਆਰਥਿਕ ਕਾਰਨਾਂ ਦੇ ਨਾਲ ਨਾਲ ਸੱਭਿਆਚਾਰਕ ਅਤੇ ਕਦਰਾਂ-ਕੀਮਤਾਂ ਦੇ ਖੁਰਨ ਦਾ ਕਾਰਨ ਵੀ ਪਰਵਾਸ ਵਿੱਚ ਸ਼ਾਮਲ ਹੋ ਗਿਆ। ਅਮਰੀਕੀ ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਰਥਿਕ ਮੁਸ਼ਕਿਲਾਂ ਦੇ ਨਾਲ ਨਾਲ ਵਧ ਰਹੀਆਂ ਖਾਹਿਸ਼ਾਂ ਵੀ ਪਰਵਾਸ ਦਾ ਕਾਰਨ ਬਣ ਰਹੀਆਂ ਹਨ।
ਅੱਜ ਵੀ ਪਰਵਾਸ ਦੇ ਕਾਰਨ ਨਿਰੋਲ ਆਰਥਿਕ ਨਹੀਂ ਹਨ। ਅੱਜ ਵੀ ਇੱਕ ਜੱਟ ਦੇ ਪੰਜਾਬ ਵਿੱਚ ਪਰਵਾਸ ਦੇ ਨਾਲ ਨਾਲ ਘੱਟੋਘੱਟ ਚਾਰ ਪੂਰਬੀਆਂ ਦਾ ਆਵਾਸ ਹੋ ਰਿਹਾ ਹੈ। ਇਹ ਪੂਰਬੀਏ ਇੱਥੇ ਆ ਕੇ ਖ਼ੁਦਕੁਸ਼ੀਆਂ ਨਹੀਂ ਕਰਦੇ ਸਗੋਂ ਆਪਣੇ ਪਰਿਵਾਰਾਂ ਅਤੇ ਹੋਰ ਪੂਰਬੀਆਂ ਦਾ ਪੰਜਾਬ ਵਿੱਚ ਆਵਾਸ ਕਰਨ ਲਈ ਜੁਟੇ ਰਹਿੰਦੇ ਹਨ। ਅੱਜ ਵੀ ਪੰਜਾਬ ਇਨ੍ਹਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਜਦੋਂ ਵੀ ਵਸੋਂ ਦੀ ਬਣਤਰ ਵਿੱਚ ਬਹੁਤ ਵੱਡੀ ਤਬਦੀਲੀ ਆਉਂਦੀ ਹੈ ਤਾਂ ਸਮਾਜਿਕ ਅਸਥਿਰਤਾ ਅਤੇ ਤਣਾਅ ਵਧ ਜਾਂਦਾ ਹੈ ਅਤੇ ਵੱਡੇ ਪੱਧਰ ’ਤੇ ਹਿੰਸਾ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਅੱਜ ਯੂਰੋਪ ਅਤੇ ਅਮਰੀਕਾ ਵਿੱਚ ਵੀ ਗੋਰੀ ਵਸੋਂ ਵਿੱਚ ਪਰਵਾਸ ਵਿਰੋਧੀ ਭਾਵਨਾਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ, ਖ਼ਾਸਕਰ ਯੂਰੋਪ ਵਿੱਚ ਮੁਸਲਮਾਨ ਵਿਰੋਧੀ ਭਾਵਨਾਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਯੂਰੋਪ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੀ ਸੰਭਾਵਨਾ ਨੂੰ ਮੂਲੋਂ ਹੀ ਰੱਦ ਕਰਨਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਪੱਛਮੀ ਸਾਮਰਾਜੀ ਪਰਵਾਸ ਦੀ ਪ੍ਰਕਿਰਿਆ ਨੂੰ ਕਈ ਢੰਗਾਂ ਨਾਲ ਆਪਣੇ ਫਾਇਦੇ ਲਈ ਵਰਤ ਰਹੇ ਹਨ। ਉਹ ਭਾਰਤ ਵਰਗੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਨੌਜਵਾਨਾਂ ਨੂੰ ਆਪੋ-ਆਪਣੇ ਸਮਾਜਾਂ ਵਿੱਚ ਪਰਿਵਰਤਨ ਲਿਆਉਣ ਲਈ ਸੰਘਰਸ਼ ਦੇ ਰਸਤੇ ਤੋਂ ਦੂਰ ਕਰਕੇ ਸੰਘਰਸ਼ ਤੋਂ ਭੱਜਣ ਦਾ ਰਾਹ, ਜਿਸ ਨੂੰ ਅੰਗਰੇਜ਼ੀ ਵਿੱਚ ਐਸਕੇਪਇਜ਼ਮ ਕਹਿੰਦੇ ਹਨ, ਫੜਨ ਲਈ ਉਕਸਾ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ਵਿੱਚ ਕੌਮੀ ਆਜ਼ਾਦੀ ਦੇ ਸੰਘਰਸ਼ਾਂ ਨੂੰ ਕਮਜ਼ੋਰ ਕਰ ਰਹੇ ਹਨ। ਇਹ ਨੌਜਵਾਨ ਆਮ ਤੌਰ ’ਤੇ ਉਨ੍ਹਾਂ ਦੇਸ਼ਾਂ ਵਿੱਚ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੋਂ ਦੂਰ ਰਹਿੰਦੇ ਹਨ ਅਤੇ ਸਿਰਫ਼ ਆਪਣੇ ਕਰੀਅਰ ਜਾਂ ਪੈਸਾ ਕਮਾਉਣ ਤਕ ਹੀ ਸੀਮਿਤ ਰਹਿੰਦੇ ਹਨ। ਆਮ ਤੌਰ ’ਤੇ ਇਹ ਇਨਕਲਾਬੀ ਸ਼ਕਤੀਆਂ ਦੀ ਬਜਾਏ ਸਥਾਪਤੀ ਦਾ ਸਾਥ ਦਿੰਦੇ ਹਨ। ਪੱਛਮੀ ਸਰਮਾਏਦਾਰੀ ਨੂੰ ਪਰਵਾਸੀ ਵਿਰੋਧੀ ਭਾਵਨਾ ਆਪਣੇ ਹਿੱਤ ਵਿੱਚ ਲੱਗਦੀ ਹੈ ਕਿਉਂਕਿ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜੋ ਕੁਝ ਉਨ੍ਹਾਂ ਨਾਲ ਮਾੜਾ ਹੋ ਰਿਹਾ ਹੈ ਉਹ ਸਰਮਾਏਦਾਰੀ ਦੀਆਂ ਨੀਤੀਆਂ ਦਾ ਨਤੀਜਾ ਨਹੀਂ ਸਗੋਂ ਉਸ ਲਈ ਪਰਵਾਸੀ ਜ਼ਿੰਮੇਵਾਰ ਹਨ।
ਇਹ ਕਹਿਣਾ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ ਕਿ ਅੱਜ ਪੰਜਾਬ ਵਿੱਚੋਂ ਪਰਵਾਸ ਲਈ ਕੈਨੇਡਾ ਨੂੰ ਅੱਵਲ ਦਰਜੇ ਦਾ ਦੇਸ਼ ਸਮਝਿਆ ਜਾਂਦਾ ਹੈ। ਪੰਜਾਬ ਦੇ ਲਗਪਗ ਹਰ ਵੱਡੇ ਸ਼ਹਿਰ ਵਿੱਚ ਤੁਹਾਨੂੰ ਕੈਨੇਡਾ ਨੂੰ ਪਰਵਾਸ ਕਰਨ ਲਈ ਉਤਸ਼ਾਹਿਤ ਕਰਨ ਸਬੰਧੀ ਇਸ਼ਤਿਹਾਰ ਜਾਂ ਹੋਰ ਪ੍ਰਚਾਰ ਨਜ਼ਰ ਆਉਂਦਾ ਹੈ। ਕੈਨੇਡਾ ਤੋਂ ਮੈਂਬਰ ਪਾਰਲੀਮੈਂਟ, ਪ੍ਰਧਾਨ ਮੰਤਰੀ ਅਤੇ ਹੋਰ ਨੇਤਾ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ। ਪੰਜਾਬ ਦੇ ਅਖ਼ਬਾਰਾਂ ਵਿੱਚ ਵੀ ਕੈਨੇਡਾ ਬਾਰੇ ਅਕਸਰ ਕਾਫ਼ੀ ਕੁਝ ਪੜ੍ਹਨ ਨੂੰ ਮਿਲਦਾ ਹੈ। ਕੈਨੇਡਾ ਦਾ ਇੱਕ ਅਜਿਹਾ ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਇਹ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਧਰਤੀ ਹੈ। ਪਰ ਕੀ ਇਹ ਸੱਚਮੁੱਚ ਕੈਨੇਡਾ ਦੀ ਯਥਾਰਥਵਾਦੀ ਪੇਸ਼ਕਾਰੀ ਹੈ ਜਾਂ ਇਨ੍ਹਾਂ ਲੇਖਕਾਂ ਦੇ ਕੈਨੇਡਾ ਬਾਰੇ ਪ੍ਰਭਾਵ ਹਨ ਜੋ ਯਥਾਰਥ ਨਾਲ ਮੇਲ ਨਹੀਂ ਖਾਂਦੇ। ਮੈਂ 40 ਸਾਲ ਅਮਰੀਕਾ ਗੁਜ਼ਾਰੇ ਹਨ ਅਤੇ ਕੈਨੇਡਾ ਨਾਲ ਮੇਰਾ ਬਹੁਪੱਖੀ ਅਤੇ ਬਹੁਪਾਸਾਰੀ ਰਿਸ਼ਤਾ ਰਿਹਾ ਹੈ। ਕੈਨੇਡਾ ਵਿੱਚ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਰਹਿੰਦੇ ਹਨ ਜਿਨ੍ਹਾਂ ਨਾਲ ਸਾਡਾ ਅਕਸਰ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਕੈਨੇਡਾ ਦੀਆਂ ਬਹੁਤ ਸਾਰੀਆਂ ਸਾਹਿਤਕ ਜਥੇਬੰਦੀਆਂ, ਲਿਖਾਰੀ ਸਭਾਵਾਂ, ਰਾਜਨੀਤੀ ਨਾਲ ਜੁੜੇ ਲੋਕਾਂ, ਖੱਬੇ ਪੱਖੀ ਸੰਸਥਾਵਾਂ ਤੇ ਸ਼ਖ਼ਸੀਅਤਾਂ, ਧਾਰਮਿਕ ਸ਼ਖ਼ਸੀਅਤਾਂ, ਮੀਡੀਆ ਨਾਲ ਜੁੜੇ ਲੋਕਾਂ ਅਤੇ ਡਾਕਟਰੀ ਪੇਸ਼ੇ ਨਾਲ ਜੁੜੀਆਂ ਸੰਸਥਾਵਾਂ ਤੇ ਸ਼ਖ਼ਸੀਅਤਾਂ ਨਾਲ ਮੇਰਾ ਅਕਸਰ ਵਾਹ ਪੈਂਦਾ ਸੀ। ਮੇਰੇ ਕੈਨੇਡਾ ਬਾਰੇ ਬਹੁਤ ਚੰਗੇ ਪ੍ਰਭਾਵ ਵੀ ਹਨ ਅਤੇ ਕਈ ਚੰਗੀਆਂ ਯਾਦਾਂ ਵੀ ਕੈਨੇਡਾ ਨਾਲ ਜੁੜੀਆਂ ਹੋਈਆਂ ਹਨ। ਕਈ ਪੱਖਾਂ ਤੋਂ ਮੈਨੂੰ ਕੈਨੇਡਾ ਦਾ ਜੀਵਨ ਅਮਰੀਕਾ ਨਾਲੋਂ ਜ਼ਿਆਦਾ ਚੰਗਾ ਲੱਗਦਾ ਸੀ। ਪਰ ਮੈਂ ਇਸ ਇਕਪਾਸੜ ਧਾਰਨਾ ਕਿ ਕੈਨੇਡਾ ਸਵਰਗ ਹੈ, ਨਾਲ ਸਹਿਮਤ ਨਹੀਂ ਹੋ ਸਕਦਾ ਕਿਉਂਕਿ ਮੈਂ ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਡੂੰਘੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਦੇਖਿਆ ਹੈ। ਮੇਰਾ ਇਹ ਪ੍ਰਭਾਵ ਹੈ ਕਿ ਕੈਨੇਡਾ ਵਿੱਚ ਆਰਥਿਕ ਤੇ ਰਾਜਨੀਤਕ ਖੇਤਰਾਂ ਵਿੱਚ ਪੰਜਾਬੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਸਮੁੱਚੇ ਤੌਰ ’ਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਦਾ ਸਮਾਜਿਕ, ਪਰਿਵਾਰਕ, ਸੱਭਿਆਚਾਰਕ ਅਤੇ ਨੈਤਿਕ ਸੰਕਟ ਹੋਰ ਡੂੰਘਾ ਹੋ ਰਿਹਾ ਹੈ। ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਕਮਜ਼ੋਰ ਹੋ ਰਿਹਾ ਹੈ। ਸਾਡੇ ਬਹੁਤ ਸਾਰੇ ਨੌਜਵਾਨ ਜੁਰਮ ਅਤੇ ਹਿੰਸਾ ਵੱਲ ਆਕਰਸ਼ਿਤ ਹੋ ਰਹੇ ਹਨ। ਉਹ ਗਰੋਹਾਂ ਦੇ ਮੈਂਬਰ ਬਣ ਰਹੇ ਹਨ ਅਤੇ ਡਰੱਗਜ਼ ਅਤੇ ਨਾਜਾਇਜ਼ ਬੰਦੇ ਕਢਾਉਣ ਦੇ ਧੰਦਿਆਂ ਵੱਲ ਆਕਰਸ਼ਿਤ ਹੋ ਰਹੇ ਹਨ। ਇਨ੍ਹਾਂ ਧੰਦਿਆਂ ’ਤੇ ਪੰਜਾਬੀਆਂ ਨੇ ਲਗਪਗ ਮੁਕੰਮਲ ਅਜਾਰੇਦਾਰੀ ਬਣਾ ਲਈ ਹੈ। ਸਾਡੇ ਭਾਈਚਾਰੇ ਵਿੱਚ ਜਿਸਮਫਰੋਸ਼ੀ ਵੀ ਵਧ ਰਹੀ ਹੈ। ਬਜ਼ੁਰਗਾਂ ਦੀ ਦੁਰਦਸ਼ਾ ਦੀ ਸਮੱਸਿਆ ਵਧਦੀ ਜਾ ਰਹੀ ਹੈ। ਪੰਜਾਬੀ ਵਸੋਂ ਵਿੱਚ ਸਰੀਰਿਕ ਅਤੇ ਮਾਨਸਿਕ ਰੋਗਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਡਿਪਰੈਸ਼ਨ ਦਾ ਰੋਗ ਤਾਂ ਮਹਾਂਮਾਰੀ ਵਾਂਗ ਫੈਲ ਰਿਹਾ ਹੈ। ਕੈਨੇਡਾ ਬਹੁਤ ਸੋਹਣਾ ਦੇਸ਼ ਹੈ, ਪਰ ਡਿਪਰੈਸ਼ਨ ਵਧਣਾ ਸੰਕੇਤ ਕਰਦਾ ਹੈ ਕਿ ਸਭ ਠੀਕ ਨਹੀਂ।