Home » FEATURED NEWS » ਸਿਆਸਤਦਾਨਾਂ ਨੂੰ ਮਿਲਣਗੀਆਂ ਨਵੀਆਂ ਮੌਂਟੈਰੋ ਤੇ ਫਾਰਚੂਨਰ ਗੱਡੀਆਂ
sw

ਸਿਆਸਤਦਾਨਾਂ ਨੂੰ ਮਿਲਣਗੀਆਂ ਨਵੀਆਂ ਮੌਂਟੈਰੋ ਤੇ ਫਾਰਚੂਨਰ ਗੱਡੀਆਂ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਸ਼ੁਮਾਰ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਧਾਰਮਿਕ ਆਗੂਆਂ, ਸ਼ਿਵ ਸੈਨਾਵਾਂ ਦੇ ਬਹੁਤ ਸਾਰੇ ਅਹੁਦੇਦਾਰਾਂ, ਸੇਵਾ ਮੁਕਤ ਪੁਲੀਸ ਅਫ਼ਸਰਾਂ ਅਤੇ ਹਾਕਮ ਪਾਰਟੀ ਨਾਲ ਸਬੰਧਤ ਸਿਆਸਤਦਾਨਾਂ ਨੂੰ ਮੁਹੱਈਆ ਕਰਵਾਈ ਗਈ ‘ਸਰਕਾਰੀ ਕਾਰ ਸੇਵਾ’ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਲਈ ਨਵੀਆਂ 2 ਮੌਂਟੈਰੋ ਬੁਲੇਟ ਪਰੂਫ 2 ਇਨੋਵਾ ਅਤੇ 6 ਜਿਪਸੀਆਂ ਖ਼ਰੀਦਣ ਸਬੰਧੀ ਪੁਲੀਸ ਵਿਭਾਗ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਮਨਿੰਦਰਜੀਤ ਸਿੰਘ ਬਿੱਟਾ, ਮਰਹੂਮ ਪੁਲੀਸ ਅਧਿਕਾਰੀ ਕੇ.ਪੀ.ਐਸ. ਗਿੱਲ ਦੇ ਪਰਿਵਾਰ ਨੂੰ ਵੀ ਨਵੀਆਂ ਬੁਲਿਟ ਪਰੂਫ ਗੱਡੀਆਂ ਦੇਣ ਦੀ ਯੋਜਨਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਵੱਲੋਂ ਨਵੀਆਂ ਕਾਰਾਂ ਦੀ ਖ਼ਰੀਦ ਸਬੰਧੀ ਪ੍ਰਸਤਾਵ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਬਾਦਲਾਂ, ਸੇਵਾ ਮੁਕਤ ਪੁਲੀਸ ਅਫ਼ਸਰਾਂ ਅਤੇ ਧਾਰਮਿਕ ਆਗੂਆਂ ਨੂੰ ਦਿੱਤੀਆਂ ਗਈਆਂ ਗੱਡੀਆਂ ਦੀ ਹਾਲਤ ਖਸਤਾ ਮੰਨੀ ਜਾਂਦੀ ਹੈ। ਇਸ ਲਈ ਪੰਜਾਬ ਪੁਲੀਸ ਦੇ ਸੁਰੱਖਿਆ ਵਿੰਗ ਨੇ ਨਵੀਆਂ ਗੱਡੀਆਂ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ ਹੈ। ਪੁਲੀਸ ਦੀ ਇਸ ਸੂਚੀ ਤੋਂ ਕਈ ਨਵੇਂ ਧਾਰਮਿਕ ਚਿਹਰੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਕਾਰਾਂ ਅਤੇ ਤੇਲ ਦੇਣ ਦੀ ਖੁੱਲ੍ਹ ਦਿੱਤੀ ਹੋਈ ਹੈ। ਜਾਣਕਾਰੀ ਮੁਤਾਬਕ ਨਵੀਆਂ ਕਾਰਾਂ ਦੀ ਖ਼ਰੀਦ ਉਪਰ ਤਕਰੀਬਨ 9 ਕਰੋੜ ਰੁਪਏ ਖ਼ਰਚ ਆਉਣ ਦੀ ਸੰਭਾਵਨਾ ਹੈ।
ਪੰਜਾਬ ਸਰਕਾਰ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਲਈ ਵੀ ਇਸੇ ਸੂਚੀ ਵਿੱਚ ਨਵੀਂ ਬੁਲਿਟ ਪਰੂਫ ਕਾਰ ਖ਼ਰੀਦਣ ਦਾ ਪ੍ਰੋਗਰਾਮ ਹੈ ਜਦੋਂ ਕਿ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਨੂੰ ਵੀ ਕਾਰਾਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲੀਸ ਦੇ 9 ਪੰਨਿਆਂ ਦੇ ਪ੍ਰਸਤਾਵ ਮੁਤਾਬਕ ਜਿਨ੍ਹਾਂ ਵਿਸ਼ੇਸ਼ ਵਿਅਕਤੀਆਂ ਨੂੰ ਸਰਕਾਰੀ ਕਾਰ ਸੇਵਾ ਤਹਿਤ ਖ਼ਜ਼ਾਨੇ ਵਿੱਚੋਂ ਕਾਰਾਂ ਅਤੇ ਤੇਲ ਦੇਣ ਦੀ ਇਜਾਜ਼ਤ ਦਿੱਤੀ ਹੈ ਉਨ੍ਹਾਂ ਨੂੰ ਨਵੀਆਂ ਗੱਡੀਆਂ ਦਿੱਤੇ ਜਾਣ ਦੀ ਜ਼ਰੂਰਤ ਹੈ। ਪੰਜਾਬ ਅਜਿਹਾ ਸੂਬਾ ਬਣ ਕੇ ਸਾਹਮਣੇ ਆਇਆ ਹੈ ਜਿੱਥੇ ਸੱਤਾ ਤੋਂ ਲੱਥੇ ਸਿਆਸਤਦਾਨਾਂ, ਧਾਰਮਿਕ ਆਗੂਆਂ ਅਤੇ ਸੇਵਾ ਮੁਕਤ ਪੁਲੀਸ ਅਫ਼ਸਰਾਂ ਨੂੰ ਜਨਤਾ ਦੇ ਖ਼ਜ਼ਾਨੇ ’ਚੋਂ ਕਾਰਾਂ ਅਤੇ ਤੇਲ ਮੁਹੱਈਆ ਕਰਾਇਆ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ 17 ਬੁਲਿਟ ਪਰੂਫ ਗੱਡੀਆਂ ਖ਼ਰੀਦਣ ਸਬੰਧੀ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਮੁਤਾਬਕ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਬਾਦਲ ਪਿਤਾ ਪੁੱਤਰ ਨੂੰ ਤਾਂ ਇੱਕ-ਇੱਕ ਮੌਂਟੈਰੋ ਖ਼ਰੀਦ ਕੇ ਦਿੱਤੀ ਜਾਣੀ ਹੈ। ਬੁਲਿਟ ਪਰੂਫ ਵਿਸ਼ੇਸ਼ ਸੁਰੱਖਿਆ ਵਾਹਨ ਹਾਸਲ ਕਰਨ ਵਾਲਿਆਂ ਵਿੱਚ ਕਾਂਗਰਸ ਨੇਤਾ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਕਰੀਬੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਵੀ ਸ਼ਾਮਲ ਹੈ। ਇਸੇ ਤਰ੍ਹਾਂ ਮਨਿੰਦਰਜੀਤ ਸਿੰਘ ਬਿੱਟਾ ਲਈ ਫਾਰਚਿਊਨਰ ਤੇ 2 ਜਿਪਸੀਆਂ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਲਈ ਅੰਬੈਸਡਰ ਕਾਰ, 2 ਜਿਪਸੀਆਂ, ਬਿੱਟਾ ਦੀ ਪਤਨੀ ਮਨਜੋਤੀ ਬਿੱਟਾ ਦਾ ਨਾਮ ਇੱਕ ਜਿਪਸੀ ਦੀ ਖ਼ਰੀਦ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਬਕਾ ਪੁਲੀਸ ਮੁਖੀ ਕੇ.ਪੀ.ਐਸ. ਗਿੱਲ ਦੇ ਪਰਿਵਾਰ ਲਈ ਜਿਹੜੀਆਂ 2 ਇਨੋਵਾ ਤੇ 3 ਜਿਪਸੀਆਂ ਦਿੱਤੀਆਂ ਹੋਈਆਂ ਹਨ ਉਨ੍ਹਾਂ ਨੂੰ ਕੰਡਮ ਕਰਾਰ ਦੇ ਕੇ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਸਾਬਕਾ ਡੀਜੀਪੀ ਇਜ਼ਹਾਰ ਆਲਮ ਲਈ ਵੀ ਬੁਲਿਟ ਪਰੂਫ ਫਾਰਚਿਊਨਰ ਹੀ ਖ਼ਰੀਦੀ ਜਾਣੀ ਹੈ। ਜਿਨ੍ਹਾਂ ਧਾਰਮਿਕ ਆਗੂਆਂ ਨੂੰ ਦਿੱਤੀਆਂ ਕਾਰਾਂ ਕੰਡਮ ਮੰਨੀਆਂ ਜਾਂਦੀਆਂ ਹਨ ਉਨ੍ਹਾਂ ਵਿੱਚ ਯੋਗਰਾਜ ਸ਼ਰਮਾ ਰਾਜ ਪ੍ਰਮੁੱਖ ਸ਼ਿਵ ਸੈਨਾ ਪੰਜਾਬ, ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ, ਅਤੇ ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਦਿੱਤੀਆਂ ਬੁਲਿਟ ਪਰੂਫ ਅੰਬੈਸਡਰ ਕਾਰਾਂ ਸ਼ਾਮਲ ਹਨ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਲਈ ਇੱਕ ਜਿਪਸੀ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਲਈ ਦੋ ਜਿਪਸੀਆਂ, ਨਿਰਮਲ ਸਿੰਘ ਕਾਹਲੋਂ ਅਤੇ ਉਨ੍ਹਾਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ, ਬਾਬਾ ਪਿਆਰਾ ਸਿੰਘ ਭਨਿਆਰਾਂ ਲਈ ਅੰਬੈਸਡਰ ਕਾਰ ਤੇ ਜਿਪਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਵਿਨੀਤ ਜੋਸ਼ੀ, ਰਾਜਿੰਦਰ ਮੋਹਨ ਸਿੰਘ ਛੀਨਾ, ਸ਼ਿਵ ਸੈਨਾ (ਬਾਲ ਠਾਕਰੇ) ਦੇ ਹਰਵਿੰਦਰ ਸੋਨੀ ਲਈ ਜਿਪਸੀ, ਸ਼ਿਵ ਸੈਨਾ ਅੰਮ੍ਰਿਤਸਰ ਤੇ ਚੇਅਰਮੈਨ ਸੁਧੀਰ ਸੂਰੀ ਲਈ ਜਿਪਸੀ, ਸ਼ਿਵ ਸੈਨਾ ਲੁਧਿਆਣਾ ਦੇ ਕੌਮੀ ਪ੍ਰਧਾਨ ਕਮਲੇਸ਼ ਭਾਰਦਵਾਜ ਲਈ ਜਿਪਸੀ, ਵਿਨੈ ਜਲੰਧਰੀ ਲਈ ਜਿਪਸੀ, ਸ਼ਿਵ ਸੈਨਾ ਕਾਰਕੁਨ ਕ੍ਰਿਸ਼ਨ ਲਾਲ ਸ਼ਰਮਾ ਲਈ ਜਿਪਸੀ, ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਨਿਸ਼ਾਂਤ ਸ਼ਰਮਾ ਲਈ ਜਿਪਸੀ,  ਸ਼ਿਵ ਸੈਨਾ ਹਿੰਦੋਸਤਾਨ ਤੇ ਪ੍ਰਧਾਨ ਪਵਨ ਕੁਮਾਰ ਗੁਪਤਾ ਲਈ ਜਿਪਸੀ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਹਰੀਸ਼ ਸ਼ਰਮਾ ਲਈ ਜਿਪਸੀ, ਮੋਗਾ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿਤ ਘਈ ਲਈ ਬੋਲੈਰੋ, ਸੰਜੀਵ ਭਾਜਦਵਾਜ ਲਈ ਜਿਪਸੀ, ਬਾਬਾ ਕਸ਼ਮੀਰਾ ਸਿੰਘ, ਬਾਬਾ ਨਿਰਮਲ ਦਾਸ ਅਤੇ ਬਾਬਾ ਅਰਜਨ   ਸਿੰਘ ਦਾ ਨਾਮ ਵੀ ਇਸੇ ਸੂਚੀ ਵਿੱਚ ਸ਼ਾਮਲ ਹਨ।

About Jatin Kamboj