ARTICLES

‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਪ੍ਰਸੰਗ

ਗੁਰਦੀਪ ਸਿੰਘ ਦੇਹਰਾਦੂਨ

ਜਨਾਬ ਅਜਮੇਰ ਸਿੰਘ ਦੀ ਤੀਸਰੇ ਘੱਲੂਘਾਰੇ ਤੋਂ ਬਾਅਦ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਪੜ੍ਹਨ ਦਾ ਮੌਕਾ ਮਿਲਿਆ। ਇਹ ਘੇਰਾਬੰਦੀ ਨਾ ਕਿਤੇ ਕਿਤਾਬ ਵਿਚ ਨਜ਼ਰ ਆਈ ਹੈ, ਨਾ ਕਿਤੇ ਬਾਹਰ ਦਿਸੀ। ਅਜਮੇਰ ਸਿੰਘ ਨੂੰ ਕਿਤਾਬ ਲਈ ਕਿਸੇ ਚੌਂਕਾ ਦੇਣ ਵਾਲੇ ਨਾਂ ਦੀ ਲੋੜ ਸੀ, ਇਸ ਹਿਸਾਬ ਨਾਲ ਗੱਲ ਠੀਕ ਹੈ। ਉਂਜ ਜੇ ਉਹ ਕਿਤਾਬ ਦਾ ਨਾਂ ‘ਬੇਗੁਨਾਹ ਊਠ ਉਰਫ ਆ ਬੈਲ ਮੁਝੇ ਮਾਰ’ ਰੱਖ ਲੈਂਦੇ ਤਾਂ ਉਸ ਦਾ ਵੀ ਕਿਤਾਬ ਦੇ ਲਬੋ-ਲਬਾਬ ਨਾਲ ਉਹੀ ਰਿਸ਼ਤਾ ਹੋਣਾ ਸੀ ਜੋ ਦਿੱਤੇ ਹੋਏ ਨਾਂ ਦਾ ਹੈ, ਪਰ ਲੇਖਕ ਦਾ ਮਨ ਤਾਂ ਲੇਖਕ ਦਾ ਮਨ ਹੈ! ਸ਼ਾਇਦ ਪੰਜਾਬ ਦੀਆਂ ਮੁਸ਼ਕਿਲਾਂ ਦੇ ਰੌਲੇ ਦੇ ਰੂ-ਬਰੂ ਸਿੱਖਾਂ ਦੀ ਖਾਮੋਸ਼ੀ ਨੂੰ ਦੇਖ ਕੇ ਲੱਗਾ ਹੋਵੇ ਕਿ ਸਿੱਖ ਘਿਰੇ ਹੋਏ ਨੇ, ਇਸ ਲਈ ਉਨ੍ਹਾਂ ਨੇ ਦੜ ਵੱਟੀ ਹੋਈ ਹੈ, ਪਰ ਗੱਲ ਇਹ ਨਹੀਂ। ਧਰਮ ਤੇ ਸਿਆਸਤ ਨੂੰ ਇਕ ਥਾਂ ਕਰਨ ਵਾਲੇ ਅਕਾਲੀ, ਕੇਂਦਰ ਨਾਲ ਰਲ ਕੇ ਪੰਜਾਬ ਉਤੇ ਰਾਜ ਕਰ ਰਹੇ ਨੇ, ਉਹ ਆਪਣੇ ਰਾਜ ਖਿਲਾਫ ਬੋਲਣ ਕੀ? ਲੇਖਕ ਦਾ ਸਿੱਖ ਸਿਆਸਤ ਦੇ ਧਰਮ ਯੁੱਧ ਨਾਲ ਦਿਲੀ ਨੇੜ ਹੈ। ਜੇ ਉਹ ਕਹੇ ਕਿ ਉਹ ਅਕਾਲੀ ਸਮਰਥਕ ਨਹੀਂ, ਤਾਂ ਵੀ ਉਹ ਅਕਾਲੀ-ਆਰæਐਸ਼ਐਸ਼ ਦਾ ਰੋਲ ਅਦਾ ਕਰ ਸਕਦਾ ਹੈ, ਹੋਰ ਕੁਝ ਨਹੀਂ।
ਇਹ ਕਿਤਾਬ ਭਾਵੇਂ ਖਾਲਿਸਤਾਨ ਬਣਾਉਣ ਦੀ ਹਥਿਆਰਬੰਦ ਲੜਾਈ ਦੀ ਖੱਬੀਆਂ ਧਿਰਾਂ ਅਤੇ ਕੇਂਦਰ ਵੱਲੋਂ ਹੋਈ ਮੁਖ਼ਾਲਫ਼ਤ ਬਾਰੇ ਹੈ, ਪਰ ਇਸ ਵਿਚ ਕਿਤਾਬ ਦੇ ਵਿਸ਼ੇ ਤੋਂ ਬਾਹਰ ਜਾ ਕੇ ਯੂਰਪ ਦੀ ਰੋਸ਼ਨ-ਖਿਆਲੀ ਦੀ ਲਹਿਰ, ਸਾਇੰਸ ਅਤੇ ਮਾਰਕਸ ਦੇ ਖਿਆਲਾਂ ਦੀ ਮੁਖ਼ਾਲਫ਼ਤ ਦੀ ਵੀ ਖਾਸ ਥਾਂ ਹੈ। ਮੈਂ ਇਨ੍ਹਾਂ ਵਿਸ਼ਿਆਂ ਬਾਰੇ ਲੇਖਕ ਦੀ ਪਹੁੰਚ, ਮਨੌਤਾਂ ਅਤੇ ਉਸ ਦੇ ਨੁਕਤਾ-ਨਜ਼ਰ ਦੀ ਗੱਲ ਕਰਨੀ ਚਾਹਾਂਗਾ।
ਲੇਖਕ ‘ਕੇਂਦਰ ਵੱਲੋਂ ਘੱਟ-ਗਿਣਤੀਆਂ ਦੇ ਵਿਰੋਧ ਦੀ ਨਿਸ਼ਾਨਦੇਹੀ’ ਉਪ-ਸਿਰਲੇਖ ਹੇਠ ਮਾਸਟਰ ਤਾਰਾ ਸਿੰਘ ਦੇ ਧਰਮ ਨੂੰ ਖਤਰੇ ਦੇ ਬਿਆਨ ਦੀ ਹਮਾਇਤ ਕਰਦਾ ਹੈ, ਪਰ ਇਹ ਗੱਲ ਲੁਕਾ ਲੈਂਦਾ ਹੈ ਕਿ ਉਹ ਝੰਡਾ ਘੱਟ-ਗਿਣਤੀਆਂ ਦੀ ਮੁਸਲਿਮ ਲੀਗ ਦਾ ਹੀ ਸੀ ਜੋ ਮਾਸਟਰ ਜੀ ਨੇ ਪਾੜਿਆ ਸੀ; ਜਦਕਿ ਉਹ ਸੈਕੂਲਰ ਕੇਂਦਰੀ ਪਾਲਸੀ ਦੇ ਵਿਰੋਧ ਵਿਚ ਮਾਸਟਰ ਤਾਰਾ ਸਿੰਘ ਨੂੰ ਘੱਟ-ਗਿਣਤੀਆਂ ਦੇ ਤਰਫਦਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਅਕਾਲੀਆਂ ਵੱਲੋਂ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੇ ਵਿਰੋਧ ਦੀ ਲੜਾਈ ਨੂੰ ਧਰਮ ਯੁੱਧ ਬਣਾ ਕੇ ਬਾਕੀ ਸਾਰੇ ਪੰਜਾਬੀਆਂ ਨੂੰ ਇਸ ਲੜਾਈ ਤੋਂ ਬਾਹਰ ਰੱਖਣ ਦਾ ਜ਼ਿਕਰ ਨਹੀਂ ਕਰਦਾ। ਕਾਰਨ ਇਹ ਹੈ ਕਿ ਅਕਾਲੀਆਂ ਦੇ ਇਸ ਧਰਮ ਯੁੱਧ ਪਿਛੇ ਅਨੰਦਪੁਰ ਸਾਹਿਬ ਦੇ ਮਤੇ ਦਾ ਪਰਛਾਵਾਂ ਹੈ।
1982 ਵਿਚ ਇੰਦਰਾ ਗਾਂਧੀ ਪਟਿਆਲੇ ਦੇ ਪਿੰਡ ਕਪੂਰੀ ਆਈ। ਸਤਲੁਜ-ਯਮੁਨਾ ਲਿੰਕ (ਐਸ਼ਵਾਈæਐਲ਼) ਨਹਿਰ ਦਾ ਮਹੂਰਤ ਹੋਇਆ, ਪੰਜਾਬ ਦਾ ਪਾਣੀ ਪੰਜਾਬੀਆਂ ਤੋਂ ਪੁੱਛੇ ਬਿਨਾਂ ਲੈਣ ਵੱਲ ਪਹਿਲਾ ਕਦਮ ਪੁੱਟਿਆ ਗਿਆ। ਅਕਾਲੀਆਂ ਨੇ ਪੰਜਾਬੀਆਂ ਦੀ ਇਹ ਆਰਥਿਕ ਲੜਾਈ ਉਨ੍ਹਾਂ ਤੋਂ ਦੂਰ ਕਰ ਕੇ ਧਰਮ ਯੁੱਧ ਬਣਾ ਦਿੱਤੀ ਜੋ ਹੋਰ ਸੌੜੀ ਹੋ ਕੇ ਕਤਲੋਗਾਰਤ ਅਤੇ ਸਿੱਖ ਹੋਮਲੈਂਡ ਦੀ ਹਥਿਆਰਬੰਦ ਲੜਾਈ ਦੇ ਦੁਖਾਂਤ ਵਿਚ ਬਦਲ ਗਈ। ਸਿੱਖ ਹੋਮਲੈਂਡ ਲਈ ਕੋਈ ਲੋਕ-ਰਾਇ ਪੈਦਾ ਕਰਨ ਦੀ ਕੋਸ਼ਿਸ਼ ਨਾ ਕੀਤੀ। ਲੇਖਕ ਦੇ ਸਿੱਖ ਭਾਈਚਾਰੇ ਨੇ ਤਾਂ ਪੰਜਾਬੀ ਉਤੇ ਹਿੰਦੀ ਦੇ ਗਲਬੇ ਦੇ ਵਿਰੋਧ ਦੀ ਲੜਾਈ ਵਿਚ ਵੀ ਕੋਈ ਹਿੱਸਾ ਨਹੀਂ ਪਾਇਆ। ਇਹ ਲੜਾਈ ਸਿੱਖਾਂ ਦੀ ਘੇਰਾਬੰਦੀ ਕਰਨ ਵਾਲੀਆਂ ਖੱਬੀਆਂ ਧਿਰਾਂ (ਜਿਨ੍ਹਾਂ ਵਿਚ ਪੰਜਾਬੀ ਲੇਖਕ ਸਭਾ ਮੋਹਰੀ ਸੀ) ਨੇ ਲੜੀ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਦੇਸ਼ ਦੇ ਮੌਜੂਦਾ ਢਾਂਚੇ ਵਿਚ ਪੰਜਾਬੀ ਨੂੰ ਹਿੰਦੁਸਤਾਨੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਅਤੇ ਮੰਗ ਉਤੇ ਇਸ ਨੂੰ ਦੇਸ਼ ਦੇ ਹਰ ਖਿੱਤੇ, ਹਰ ਸ਼ਹਿਰ ਵਿਚ ਪੜ੍ਹਾਏ ਜਾਣ ਦਾ ਹੱਕ ਹਾਸਲ ਹੈ।
ਲੇਖਕ ਪੰਜਾਬੀਅਤ ਨੂੰ ਵੀ ਸਿੱਖਾਂ ਦੀ ਘੇਰਾਬੰਦੀ ਕਰਨ ਵਾਲਾ ਅਨਸਰ ਸਮਝਦਾ ਹੈ ਅਤੇ ਇਸ ਤਰ੍ਹਾਂ ਪੰਜਾਬੀਅਤ ਸਾਂਭੀ ਬੈਠੇ ਲੋਕਾਂ, ਜਿਨ੍ਹਾਂ ਦਾ ਵੱਡਾ ਹਿੱਸਾ ਸਿੱਖਾਂ ਦਾ ਹੈ, ਨੂੰ ਸਿੱਖ ਵਿਰੋਧੀ ਕਰਾਰ ਦੇ ਦਿੰਦਾ ਹੈ। ‘ਸਿੱਖ ਕੌਮ ਦੀ ਧਾਰਨਾ ਵਿਰੁਧ ਜਹਾਦ ਦਾ ਸੱਦਾ’ ਦੇ ਸਿਰਲੇਖ ਹੇਠ ਉਹ ਸਰਕਾਰ ਦੀ ਪੰਜਾਬੀ ਕੌਮੀਅਤ ਦੀ ਧਾਰਨਾ ਨੂੰ ਬੁਲੰਦ ਕਰਦੇ ਇਰਾਦੇ ਨੂੰ ਸਿੱਖਾਂ ਦੀ ਘੇਰਾਬੰਦੀ ਕਰਨ ਵਾਲੀ ਖਤਰਨਾਕ ਕੋਸ਼ਿਸ਼ ਦੱਸਦਾ ਹੈ। ਉਂਜ ਉਹ ਧਰਮ-ਨਿਰਪੱਖਤਾ, ਪ੍ਰਗਤੀਸ਼ੀਲਤਾ, ਲੋਕਤੰਤਰ, ਸਭ ਨੂੰ ਸਿੱਖਾਂ ਦੀ ਘੇਰਾਬੰਦੀ ਕਰਨ ਵਾਲੇ ਅਨਸਰ ਖਿਆਲ ਕਰਦਾ ਹੈ। ਜਿਸ ਦਿਨ ਸਿੱਖ ਖਾੜਕੂਆਂ ਨੇ ਸਿੱਖ ਹੋਮਲੈਂਡ ਲੈਣ ਲਈ ਢਿੱਲਵਾਂ ਵਿਚ ਚਾਰ ਹਿੰਦੂਆਂ ਦਾ ਕਤਲ ਕੀਤਾ, ਉਸ ਦਿਨ ਤੋਂ ਸਿੱਖ ਹੋਮਲੈਂਡ ਦੀ ਲੜਾਈ ਨੂੰ ਖੁੱਲ੍ਹੇ ਤੌਰ ‘ਤੇ ਇਸ ਲੀਹ ‘ਤੇ ਤੋਰਨ ਦਾ ਐਲਾਨ ਹੋ ਗਿਆ ਤੇ ਵਿਰੋਧ ਨੂੰ ਗੋਲੀ ਨਾਲ ਸੋਧਣਾ ਧਰਮ ਯੁੱਧ ਹੋ ਗਿਆ। ਖੱਬੀਆਂ ਧਿਰਾਂ ਜੋ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬਾ ਬਣਾਉਣ ਦੀ ਲੜਾਈ ਲੋਕ ਰਾਜੀ ਤਰੀਕਿਆਂ ਨਾਲ ਲੜਦੀਆਂ ਆਈਆਂ ਸਨ, ਤੇ ਹੁਣ ਵੀ ਲੜ ਰਹੀਆਂ ਸੀ, ਜਾਨੀ ਦੁਸ਼ਮਣ ਕਰਾਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਵੀ ਹਿੰਦੂਆਂ ਦੇ ਕਤਲ ਨਸਲਕੁਸ਼ੀ ਜਾਪਣ ਲੱਗੇ।
ਸਿੱਖ ਖਾੜਕੂਆਂ ਦੀ ਭਰਤੀ ਚਿਰ ਦੀ ਸ਼ੁਰੂ ਸੀ। ਬੁਲਿਟ ਮੋਟਰਸਾਈਕਲ ਚਿਰ ਦੇ ਖਰੀਦੇ ਜਾ ਰਹੇ ਸੀ। ਦਰਬਾਰ ਸਾਹਿਬ ਨੂੰ ਲੜਾਈ ਦਾ ਮੋਰਚਾ ਬਣਾਇਆ ਜਾ ਰਿਹਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਥੇ ਅੱਡਾ ਜਮਾ ਚੁੱਕਾ ਸੀ। ਹਥਿਆਰ ਅੰਦਰ ਜਮ੍ਹਾਂ ਹੋਣ ਲੱਗ ਪਏ ਸਨ ਤੇ ਦਿੱਲੀ ਸਰਕਾਰ ਅੱਖਾਂ ਮੀਟ ਕੇ ਸੰਕਟ ਦੇ ਸਿਖਰ ‘ਤੇ ਪੁੱਜਣ ਦੀ ਉਡੀਕ ਕਰ ਰਹੀ ਸੀ। ਪੰਜਾਬ ਦੇ ਖੱਬੀ ਸੋਚ ਵਾਲੇ ਸਿਆਸੀ ਅਤੇ ਦਾਨਸ਼ਵਰ ਹਲਕੇ ਹਾਲਾਤ ਬਾਰੇ ਫਿਰਕਮੰਦ ਸਨ। ਉਹ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਹਥਿਆਰ ਅੰਦਰ ਜਾਣ ਤੋਂ ਰੋਕਣ ਦੇ ਕਾਰਗਰ ਤਰੀਕੇ ਅਪਨਾਏ ਜਾਣ। ਉਹ ਸੰਤ ਭਿੰਡਰਾਂਵਾਲੇ ਦੀ ਵੀ ਮੁਖ਼ਾਲਫ਼ਤ ਕਰ ਰਹੇ ਸਨ ਤੇ ਉਸ ਨੂੰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਆਪਣੀ ਲੜਾਈ ਲੋਕਤੰਤਰੀ ਤਰੀਕੇ ਨਾਲ ਲੜਨ ਲਈ ਕਹਿ ਰਹੇ ਸਨ। ਇਹ ਸੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦਾ ਮੁੱਢ ਜਿਸ ਲਈ ਖੱਬੀਆਂ ਧਿਰਾਂ ਦੀਆਂ ਜਾਨਾਂ ਲਈਆਂ ਜਾਣ ਲੱਗੀਆਂ। ਇਸ ਦਹਿਸ਼ਤ ਨੇ ਇਕੱਲੇ ਤਰਨਤਾਰਨ ਅਤੇ ਮਜੀਠੇ ਵਿਚ ਹੀ 2097 ਜਾਨਾਂ ਲਈਆਂ।
ਲੇਖਕ ਇਕ ਥਾਂ ਮਾਸਟਰ ਤਾਰਾ ਸਿੰਘ ਦੇ ਬਿਆਨ ਦੇ ਹਵਾਲੇ ਨਾਲ ਦੱਸਦਾ ਏ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਗਲ ਨਵੀਂ ਗੁਲਾਮੀ ਪੈ ਗਈ। ਸਿੱਖ ਸਭਿਆਚਾਰ ਨੂੰ ਖੋਰਾ ਲੱਗ ਗਿਆ ਹੈ ਤੇ ਇਸ ਦੇ ਹਿੰਦੂ ਧਰਮ ਵਿਚ ਸਮੋਏ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਉਹ ਇਸ ਗੱਲ ਨੂੰ ਸਿੱਖ ਹੋਮਲੈਂਡ ਦੀ ਲੜਾਈ ਦਾ ਆਧਾਰ ਬਣਾਉਂਦਾ ਹੈ। ਉਹ ਇਹ ਵੀ ਦਾਅਵਾ ਕਰਦਾ ਹੈ ਕਿ ਪੰਜਾਬ ਨੂੰ ਅੰਗਰੇਜ਼ਾਂ ਨੇ ਹਿੰਦੁਸਤਾਨ ਵਿਚ ਰਲਾਇਆ ਸੀ। ਅੰਗਰੇਜ਼ਾਂ ਤੋਂ ਪਹਿਲੋਂ ਇਹ ਕਦੀ ਹਿੰਦੁਸਤਾਨ ਦਾ ਹਿੱਸਾ ਨਹੀਂ ਰਿਹਾ। ਇਤਿਹਾਸਕ ਸੱਚ ਇਹ ਹੈ ਕਿ ਮੁਹੰਮਦ ਗੌਰੀ ਨੇ ਕੁਤਬਦੀਨ ਐਬਕ ਨੂੰ ਜਦੋਂ ਹਿੰਦੁਸਤਾਨ ਦਾ ਰਾਜ ਬਖ਼ਸ਼ਿਆ, ਉਹ 1206 ਤੱਕ ਲਾਹੌਰ ਤੋਂ ਹੀ ਹਿੰਦੁਸਤਾਨ ਦਾ ਰਾਜ ਕਰਦਾ ਰਿਹਾ, ਤੇ 1206 ਵਿਚ ਉਹਨੇ ਦਿੱਲੀ ਨੂੰ ਰਾਜਧਾਨੀ ਬਣਾਇਆ। ਬਾਬਾ ਨਾਨਕ ਵੀ ਬਾਬਰ ਵਾਣੀ ਵਿਚ ਪੰਜਾਬ ਡਰਾਇਆ ਨਹੀਂ, ਹਿੰਦੁਸਤਾਨ ਡਰਾਇਆ ਕਹਿੰਦੇ ਨੇ।
ਲੇਖਕ ਸਿੱਖ ਜੁਝਾਰੂਆਂ ਦੀ ਹਿੰਸਾ ਨੂੰ ਉਨ੍ਹਾਂ ਦੀ ਆਪਣੀ ਵਿਲੱਖਣ ਪਛਾਣ ਦੀ ਸੁਰੱਖਿਆ ਵਿਚੋਂ ਪੈਦਾ ਹੋਈ ਹਿੰਸਾ ਦੱਸਦਾ ਹੈ। ਉਹ ਇਸ ਹਥਿਆਰਬੰਦ ਲੜਾਈ ਨੂੰ ਸਿੱਖ ਸਭਿਆਚਾਰ ਲਈ ਲੜੀ ਗਈ ਲੜਾਈ ਵੀ ਕਹਿੰਦਾ ਹੈ। ਉਹ ਇਸ ਸਭਿਆਚਾਰ ਉਤੇ ਕੋਈ ਰੋਸ਼ਨੀ ਤਾਂ ਪਾਉਂਦਾ, ਪਰ ਜੇ ਸਭਿਆਚਾਰ ਤੋਂ ਉਸ ਦਾ ਮਤਲਬ ਸਿੱਖ ਧਰਮ ਹੈ ਤੇ ਘੱਲੂਘਾਰੇ ਤੋਂ ਬਾਅਦ ਗੁਰਦੁਆਰਿਆਂ, ਬੀੜਾਂ ਦੀ ਛਪਾਈ ਧਰਮ ਪ੍ਰਚਾਰ, ਘਰਾਂ ਵਿਚ ਦਰਬਾਰ ਸਾਹਿਬ ਦੇ ਕਮਰਿਆਂ, ਕੀਰਤਨੀ ਜਥਿਆਂ, ਇਨ੍ਹਾਂ ਸਾਰੇ ਪਹਿਲੂਆਂ ਤੋਂ ਹੋਈ ਤਰੱਕੀ ਦੇਖਣ ਵਾਲੀ ਚੀਜ਼ ਹੈ। ਅੱਜ ਕੱਲ੍ਹ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਂਦੇ ਨੇ, ਸੋਹਣੀ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ, ਕੀ ਇਹ ਮੁਕਾਬਲੇ ਕਿਸੇ ਤਰ੍ਹਾਂ ਸਿੱਖ ਸਭਿਆਚਾਰ ਨੂੰ ਖੋਰਾ ਲਾਉਂਦੇ ਨੇ? ਕਿਸੇ ਜ਼ਮਾਨੇ ਵਿਚ ਆਮ ਸਿੱਖ ਘਰ ਲਈ ਪੰਜ ਸਿੱਖਾਂ ਦੇ ਹੱਥ ਧੁਆਉਣਾ ਹੀ ਬੜੀ ਗੱਲ ਸੀ। ਅੱਜ ਕੁੜੀ ਨੂੰ ਬਾਹਰ ਦਾ ਵੀਜ਼ਾ ਮਿਲਣ ਉਤੇ ਹੀ ਅਖੰਡ ਪਾਠ ਕਰਵਾ ਲਈਦਾ ਏ ਤੇ ਫਿਰ ਪਾਠਾਂ ਦੀਆਂ ਵਿਧੀਆਂ ਦਾ ਪ੍ਰਚਾਰ ਵੀ ਵਧਿਆ ਏ।
ਫਿਰਕਾਪ੍ਰਸਤੀ ਅਤੇ ਵੱਖਵਾਦ ਵਿਰੁੱਧ ‘ਕਰਿੱਡ’ (ਸੀæਆਰæਆਰæਆਈæਡੀæ- ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਪਲਮੈਂਟ) ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦਾ ਲੇਖਕ ਕਹਿੰਦਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਰਾਖੇ ਫਿਰਕੇ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਏ ਅਤੇ ਸਿੱਖ ਧਰਮ ਦੀ ਵੱਖਰੀ ਪਛਾਣ ਖਤਮ ਕੀਤੀ ਜਾ ਰਹੀ ਹੈ, ਪਰ ਲੇਖਕ ਤੋਂ ਪੁੱਛਿਆ ਜਾ ਸਕਦਾ ਹੈ ਕਿ ਖਾਲਸੇ ਦੀ ਸਾਜਣਾ ਸਮੇਂ ਵਰਣ ਵੰਡ ਦਾ ਖਾਤਮਾ ਹੋ ਜਾਣ ਦੇ ਤਿੰਨ ਸੌ ਸਾਲ ਬਾਅਦ ਵੀ ਕੀ ਪੰਜਾਬ ਵਿਚ ਮਜ਼੍ਹਬੀਆਂ/ਬਾਲਮੀਕੀਆਂ ਤੇ ਰਵਿਦਾਸੀਆਂ ਦੇ ਵਿਹੜੇ ਹਟੇ? ਲੇਖਕ ਇਕ ਹੋਰ ਕਿਤਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਉਤੇ ਹੰਝੂ ਵਹਾਉਂਦਾ ਹੈ ਤੇ ਇਸ ਰਾਜ ਨੂੰ ਸਿੱਖਾਂ ਦੀ ਇਨਸਾਫੀਅਤ ਦੀ ਮਿਸਾਲ ਸਮਝਦਾ ਹੈ। ਕੀ ਉਹਨੂੰ ਪਤਾ ਹੈ ਕਿ ਹਿੰਦੂ ਧਰਮ ਦੀ ਘਿਨੌਣੀ ਰਸਮ ਉਸ ਦੇ ਨਾਲ ਨਿਭੀ ਸੀ- ਮਹਾਰਾਜੇ ਨਾਲ ਉਸ ਦੀਆਂ ਪੰਜ ਰਾਣੀਆਂ ਤੇ ਰਖੇਲਾਂ ਸਤੀ ਹੋਈਆਂ ਸਨ!
ਸਿੰਘ ਸਭਾ ਲਹਿਰ ਤੋਂ ਪਹਿਲਾਂ ਸਿੱਖਾਂ ਵਿਚ ਬੀਬੀਆਂ ਦੇ ਨਾਂ ਆਮ ਹਿੰਦੂਆਂ ਵਾਲੇ ਹੁੰਦੇ ਸਨ। ਕਵੀ ਪੂਰਨ ਸਿੰਘ ਦੀ ਘਰਵਾਲੀ ਦਾ ਨਾਂ ਮਾਯਾਵਤੀ ਸੀ। ਇਸ ਭਾਣੇ ਵਿਚ ਸਿਆਸਤ ਕੋਈ ਨਹੀਂ ਸੀ। ਇਹ ਉਸ ਵੇਲੇ ਦੇ ਭਾਈਚਾਰੇ ਦਾ ਸਹਿਜ ਸੁਭਾਅ ਸੀ।
ਜਦੋਂ ਕੋਈ ਲੜਾਈ ਰੂਪੋਸ਼ ਹੋ ਕੇ ਲੜਨੀ ਪੈਂਦੀ ਹੈ ਤਾਂ ਲੜਾਕੂ ਕਾਡਰ ਨੂੰ ਲੋਕਾਂ ਦੇ ਘਰਾਂ ਵਿਚ ਹੀ ਪਨਾਹ ਲੈਣੀ ਪੈਂਦੀ ਹੈ। ਇਸ ਹਾਲਾਤ ਵਿਚ ਬੜੇ ਸੁੱਚੇ ਜਿਨਸੀ ਕਿਰਦਾਰ ਦੀ ਲੋੜ ਪੈਂਦੀ ਹੈ। ਖਾੜਕੂ ਲਹਿਰ ਵਿਚ ਜੋ ਪੈਂਟੇ ਪੈਦਾ ਹੋਏ, ਉਨ੍ਹਾਂ ਦਾ ਲਹਿਰ ਵਿਚ ਕੀ ਸਥਾਨ ਸੀ? ਆਮ ਹੁਕਮ ਸੀ ਕਿ ਸਿੰਘਾਂ ਨੂੰ ਸਿੱਖ ਸਰੂਪ ਵਾਲੀਆਂ ਬੀਬੀਆਂ ਹੀ ਫੁਲਕਾ ਛਕਾਉਣ, ਗਾਤਰੇ ਵਾਲੀਆਂ ਸੋਹਣੀਆਂ ਬੀਬੀਆਂ ਇਹ ਸੇਵਾ ਕਰਦੀਆਂ ਸਨ। ਇਸ ਗੱਲ ਦੀ ਪੁਸ਼ਟੀ ਗੁਰਦਾਸਪੁਰ ਦੇ ਪਿੰਡਾਂ ਦੇ ਕਈ ਘਰਾਂ ਤੋਂ ਹੋਈ ਹੈ।
ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੀ ਮਿਸਾਲ ਦੇਣ ਲਈ ‘ਖੱਬੇ ਪੱਖ ਦਾ ਅੰਦਰੂਨੀ ਸੰਕਟ’ ਦੇ ਉਪ-ਸਿਰਲੇਖ ਹੇਠ ਉਹ ਖੱਬੀਆਂ ਧਿਰਾਂ ਦੇ ਸਿੱਖ ਸਮੱਸਿਆ ਵੱਲ ਰਵੱਈਏ ਦੇ ਛੇ ਨੁਕਤੇ ਦਰਜ ਕਰਦਾ ਹੈ ਜਿਨ੍ਹਾਂ ਵਿਚ ਦਰਜ ਨੇ: ਇਹ ਸਮੱਸਿਆ ਅਕਾਰਨ ਪੈਦਾ ਨਹੀਂ ਹੋਈ, ਇਹ ਸਮੱਸਿਆ ਸਿਆਸੀ ਹੈ- ਇਸ ਦੇ ਕਾਰਨ ਆਰਥਿਕ, ਸਿਆਸੀ ਅਤੇ ਮਨੋਵਿਗਿਆਨਕ ਨੇ। ਹਾਲਾਤ ਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਹੈ। ਸਰਕਾਰ ਦਾ ਆਤੰਕ ਤਕੜੀ ਧਿਰ ਦਾ ਆਤੰਕ ਹੈ। ਹੀਲਿੰਗ ਟੱਚ ਦੀ ਲੋੜ ਹੈ। ਹੱਲ ਫੈਡਰਲ ਲੀਹਾਂ ‘ਤੇ ਹੀ ਹੋ ਸਕਦਾ ਹੈ। ਇਨ੍ਹਾਂ ਨੁਕਤਿਆਂ ਨੂੰ ਲੇਖਕ ਘੇਰਾਬੰਦੀ ਸਮਝਦਾ ਹੈ। ਇੰਜ ਹੀ 19 ਅਗਸਤ ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਨਕਸਲੀ ਧਿਰਾਂ ਦੀ ਮੀਟਿੰਗ ਹੋਈ। ਉਨ੍ਹਾਂ ਸੰਤ ਭਿੰਡਰਾਂਵਾਲੇ ਨੂੰ ਫਿਰਕੂ ਕਹਿ ਕੇ ਉਸ ਦੀ ਨਿੰਦਿਆ ਕੀਤੀ ਅਤੇ ਕੇਂਦਰ ਸਰਕਾਰ ਦੀ ਫਿਰਕਾਪ੍ਰਸਤ ਨੀਤੀ ਦੀ ਵੀ ਡਟ ਕੇ ਮੁਖਾਲਫਤ ਕੀਤੀ, ਪਰ ਲੇਖਕ ਇਸ ਨੂੰ ਵੀ ਸਿੱਖਾਂ ਦੀ ਘੇਰਾਬੰਦੀ ਸਮਝਦਾ ਹੈ।
ਲੇਖਕ ਆਪਣੇ ਵਕਤ ਦੀਆਂ ਖੱਬੀਆਂ ਧਿਰਾਂ ਦੀ ਸੈਕੂਲਰ ਅਤੇ ਰਾਸ਼ਟਰਵਾਦੀ ਸੋਚ ਨੂੰ ਸਿੱਖ ਵਿਰੋਧੀ ਕਹਿੰਦਾ ਹੈ ਅਤੇ ਉਨ੍ਹਾਂ ਦੇ ਮੁਢਲੇ ਗਦਰੀ ਇਤਿਹਾਸ ਨੂੰ ਸਿੱਖ ਸਜਾ ਕੇ ਅਗਵਾ ਕਰ ਲੈਂਦਾ ਹੈ ਅਤੇ ਫਿਰ ਉਹ ਉਸ ਸਰਬਹਿੰਦ ਵਿਰਾਸਤ ਨੂੰ ਆਪਣੀ ਵੱਖਵਾਦੀ ਲਹਿਰ ਦਾ ਪਿਛੋਕੜ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਗਦਰ ਲਹਿਰ ਸੈਕੂਲਰ ਸਰਬਹਿੰਦ ਆਜ਼ਾਦੀ ਲਹਿਰ ਸੀ ਜਿਸ ਦੀ ਪ੍ਰੇਰਨਾ ਰੂਸੀ ਇਨਕਲਾਬ ਵਾਲੀ ਸੀ ਤੇ ਇਸ ਦਾ ਖ਼ਮੀਰ 1857 ਦੇ ਗਦਰ ਵਾਲਾ ਸੀ। ਉਨ੍ਹਾਂ ਦਾ ਇਰਾਦਾ ਫੌਜਾਂ ਵਿਚ 1857 ਵਾਲੀ ਸਰਗਰਮੀ ਪੈਦਾ ਕਰਨਾ ਸੀ। ਜੇ ਕਿਰਪਾਲ ਸਿੰਘ ਨਾਂ ਦੇ ਆਦਮੀ ਨੇ ਮੁਖਬਰੀ ਨਾ ਕੀਤੀ ਹੁੰਦੀ, ਤਾਂ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਦੀ ਡੋਰ ਉਤਲੇ ਲੋਕਾਂ ਦੇ ਹੱਥ ਵਿਚ ਨਹੀਂ ਸੀ ਹੋਣੀ, ਤੇ ਇਸ ਦੇਸ਼ ਦੇ ਲੋਕਾਂ ਦੀ ਹਾਲਤ ਕੁਝ ਹੋਰ ਹੋਣੀ ਸੀ। ਗਦਰ ਪਾਰਟੀ ਦੀ ਬਣਤਰ, ਉਦੇਸ਼ ਤੇ ਕਰਮ ਖੇਤਰ, ਸਭ ਤੋਂ ਉਸ ਦਾ ਗੈਰ-ਧਾਰਮਿਕ ਤੇ ਸਰਬਹਿੰਦ ਕਿਰਦਾਰ ਸਾਫ ਦਿਸਦਾ ਹੈ। ਹੁਣ ਗਦਰ ਪਾਰਟੀ ਦੀ ਬਣਤਰ ਹੀ ਲਵੋ। ਬਾਬਾ ਸੋਹਣ ਸਿੰਘ ਭਕਨਾ- ਸਿੱਖ ਜੰਮਪਲ, ਪ੍ਰਧਾਨ; ਅਸ਼ਫ਼ਾਕ ਉਲਾ- ਮੁਸਲਿਮ ਜੰਮਪਲ, ਮੀਤ ਪ੍ਰਧਾਨ; ਲਾਲਾ ਹਰਦਿਆਲ- ਹਿੰਦੂ ਜੰਮਪਲ, ਜਨਰਲ ਸਕੱਤਰ; ਕਾਸ਼ੀ ਰਾਮ ਮੜੌਲੀ- ਹਿੰਦੂ ਜੰਮਪਲ, ਖਜ਼ਾਨਚੀ; ‘ਗਦਰ’ ਅਖਬਾਰ ਦਾ ਐਡੀਟਰ ਕਰਤਾਰ ਸਿੰਘ ਸਰਾਭਾ- ਸਿੱਖ ਨਜ਼ਰ ਮੁਤਾਬਕ ਪਤਿਤ ਸਿੱਖ। ਮੈਂ ਕਰਤਾਰ ਸਿੰਘ ਸਰਾਭਾ ਦਾ ਫਾਂਸੀ ਦੇ ਤਖ਼ਤੇ ਤੋਂ ਦਿੱਤਾ ਸੰਦੇਸ਼ ਤੁਹਾਨੂੰ ਦੇ ਦਿੰਦਾ ਹਾਂ, ਲੇਖਕ ਦੇ ਸੱਚ-ਝੂਠ ਦਾ ਨਿਤਾਰਾ ਕਰਨ ਵਿਚ ਸਹਾਈ ਹੋਵੇਗਾ। ਬਿਆਨ ਹੈ:
ਯਹੀ ਪਾਓਗੇ ਮਹਿਸ਼ਰ ਮੇਂ ਜ਼ੁਬਾਂ ਮੇਰੀ ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ ਹੈ ਹਿੰਦੋਸਤਾਂ ਮੇਰਾ।
ਮੈਂ ਹਿੰਦੀ, ਠੇਠ ਹਿੰਦੀ, ਖੂਨ ਹਿੰਦੀ ਜਾਤ ਹਿੰਦੀ ਹੂੰ,
ਯਹੀ ਮਜ਼ਹਬ, ਯਹੀ ਫਿਰਕਾ, ਯਹੀ ਹੈ ਖਾਨਦਾਂ ਮੇਰਾ।
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਇਕ ਜ਼ੱਰਾ ਹੂੰ,
ਯਹੀ ਬੱਸ ਇਕ ਪਤਾ ਮੇਰਾ, ਯਹੀ ਨਾਮੋਨਿਸ਼ਾਂ ਮੇਰਾ।
ਹੁਣ ਕਿਰਤੀ ਲਹਿਰ ਬਾਰੇ: ਲੇਖਕ ਨੇ ਕਿਰਤੀ ਲਹਿਰ ਵੀ ਖਾਲਿਸਤਾਨ ਦੇ ਪਿਛੋਕੜ ਵਿਚ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੱਚ ਇੰਜ ਹੈ: ਲਾਲਾ ਹਰਦਿਆਲ ਤੋਂ ਬਾਅਦ ਭਾਈ ਸੰਤੋਖ ਸਿੰਘ ਗਦਰ ਪਾਰਟੀ ਦੇ ਜਨਰਲ ਸਕੱਤਰ ਬਣੇ। ਆਪਣੇ ਸੋਸ਼ਲਿਸਟ ਖਿਆਲਾਂ ਲਈ ਅਮਰੀਕਾ ਵਿਚ ਸਜ਼ਾ ਕੱਟੀ। ਰੂਸ ਜਾ ਕੇ ਇਨਕਲਾਬੀ ਸੂਝ-ਬੂਝ ਲਈ ਅਤੇ ਅੰਮ੍ਰਿਤਸਰ ਆ ਕੇ ‘ਕਿਰਤੀ’ ਪਰਚਾ ਕੱਢਿਆ। ਪਰਚੇ ਦੇ ਮੈਨੇਜਰ ਕਾਮਰੇਡ ਭਾਗ ਸਿੰਘ ਕੈਨੇਡੀਅਨ ਸਨ। ਕਾਮਰੇਡ ਗੰਧਰਵ ਸੈਨ ਦੀ ਕਿਤਾਬ ‘ਅਨੁਭਵ ਅਤੇ ਅਧਿਐਨ’ ਤੋਂ ਪਤਾ ਲਗਦਾ ਹੈ ਕਿ ਕਿਰਤੀ ਪਾਰਟੀ 1920 ਤੱਕ ਪੂਰੀ ਤਰ੍ਹਾਂ ਕਮਿਊਨਿਸਟ ਵਿਚਾਰਧਾਰਾ ਨੂੰ ਅਪਨਾ ਚੁੱਕੀ ਸੀ। 1936 ਤੱਕ ਪੰਜਾਬ ਦੇ ਕਿਸਾਨ ਅੰਦੋਲਨ ਨਾਲ ਜੁੜੇ ਗਰੁਪਾਂ ਨੂੰ ਇਕ ਥਾਂ ਕਰ ਕੇ ਆਲ ਇੰਡੀਆ ਕਿਸਾਨ ਸਭਾ ਬਣ ਚੁੱਕੀ ਸੀ ਜਿਸ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਜਨਰਲ ਸਕੱਤਰ ਬਿਹਾਰ ਤੋਂ ਆਇਆ ਸਹਿਜਾ ਨੰਦ ਸੀ। ਕਹਿਣ ਦਾ ਭਾਵ ਹੈ ਕਿ ਕਿਸਾਨ ਸਭਾ ਦੀ ਸਾਖ ਆਲ ਇੰਡੀਆ ਵਾਲੀ ਸੀ। ਜਿਸ ਤਰ੍ਹਾਂ ਕਮਿਊਨਿਸਟਾਂ ਵਿਚ ਅੱਜ ਵੀ ਹੈ, ਉਦੋਂ ਵੀ ਧੜੇਬੰਦੀ ਸੀ। ਰੂਸ ਤੋਂ ਸਿੱਖਿਆ ਲੈ ਕੇ ਆਏ ਬਾਬੇ ਕਾਮਰੇਡਾਂ ਅਤੇ ਕਾਇਮ ਮੁਕਾਮ ਕਾਮਰੇਡਾਂ ਦੇ ਅੱਡ-ਅੱਡ ਗਰੁਪ ਸਨ ਜਿਨ੍ਹਾਂ ਨੂੰ ਦਿਓਲੀ ਜੇਲ੍ਹ ਵੇਲੇ ਅਜੌਏਘੋਸ਼ ਅਤੇ ਹੋਰ ਕਾਮਰੇਡਾਂ ਦੀ ਮਦਦ ਨਾਲ ਇਕ ਥਾਂ ਕੀਤਾ ਗਿਆ। ਕਾਮਰੇਡ ਗੰਧਰਵ ਸੈਨ ਮੁਤਾਬਕ ਇਸ ਵਿਚ ਕੋਈ ਮੁਸ਼ਕਿਲ ਨਹੀਂ ਆਈ, ਕਿਉਂਕਿ ਦੋਵੇਂ ਗਰੁਪ ਕੌਮਿਨਟਰਨ ਦੇ ਅਸਰ ਹੇਠ ਸਨ।
ਲੇਖਕ ਇਸ ਘੇਰਾਬੰਦੀ ਵਿਚ ਕਈ ਕਿਆਰੀ ਪਾਣੀ ਛੱਡਦਾ ਏ। ਖਾੜਕੂਆਂ ਦੇ ਜ਼ੁਲਮੋ-ਸਿਤਮ ਧੋਣ ਲਈ ਸਿੱਖਾਂ ਨੂੰ ਰਹਿਮ ਦਿਲ ਸਾਬਤ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਦਿੰਦਾ ਹੈ ਜਿਸ ਨੇ ਪਠਾਣਾਂ ਉਤੇ ਜ਼ਿਆਦਤੀਆਂ ਕਰਨ ਵਾਲੇ ਆਪਣੇ ਇਤਾਲਵੀ ਫੌਜੀ ਅਫਸਰ ਨੂੰ ਸਖਤ ਤਾੜਨਾ ਕੀਤੀ ਸੀ। ਉਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮਾਂ ਦੀ ‘ਔਨਰ ਕਿਲਿੰਗ’ ਕੀਤੀ ਸੀ, ਤੇ ਉਸ ਦਾ ਸਿਰ ਆਪਣੀ ਤਲਵਾਰ ਨਾਲ ਲਾਹਿਆ ਸੀ। ਵਿਚੇ ਹੀ ਉਹ ਕਮਿਊਨਿਸਟਾਂ ਦੇ ਕਈ ਵਾਰ ਹਾਰ ਕੇ ਵੀ ਇਸ ਵਿਚਾਰਧਾਰਾ ਵਿਚ ਯਕੀਨ ਰੱਖੀ ਜਾਣ ਦੀ ਗੱਲ ਲੈ ਤੁਰਦਾ ਏ। ਨਾਲ ਹੀ ਉਹ ਮਾਰਕਸ ਦੀ ਵਿਚਾਰਧਾਰਾ ਦੇ ਫੇਲ੍ਹ ਹੋਣ ਅਤੇ ਸਟਾਲਨੀ ਜ਼ੁਲਮੋ-ਸਿਤਮ ਦੀ ਚੱਕੀ ਝੋ ਲੈਂਦਾ ਹੈ। ਕਿਥੇ ਮਾਰਕਸ, ਕਿਥੇ ਸਟਾਲਿਨ ਦੇ ਸਿਤਮ, ਤੇ ਕਿਥੇ ਸਿੱਖਾਂ ਦੀ ਘੇਰਾਬੰਦੀ! ਉਂਜ, ਸਟਾਲਿਨ ਨੂੰ ਇਹ ਤਾਕਤ ਵੀ ਪੱਛਮ ਨੇ ਹੀ ਦਿੱਤੀ ਸੀ। ਸਟਾਲਿਨ ਵਿਚ ਆਪਣੀ ਮਾਰਕਸੀ ਸਮਝ ਤੋਂ ਵੱਖਰੀ ਮਾਰਕਸੀ ਪਹੁੰਚ ਨੂੰ ਕੁਫ਼ਰ ਸਮਝਣ ਦਾ ਝੁਕਾਅ ਸੀ ਜਿਸ ਕਾਰਨ ਲੈਨਿਨ ਮਰਨ-ਬਿਸਤਰੇ ‘ਤੇ ਪਿਆ ਵੀ ਫਿਰਕਮੰਦ ਸੀ। ਉਹ ਨਹੀਂ ਸੀ ਚਾਹੁੰਦਾ ਕਿ ਲੀਡਰਸ਼ਿਪ ਸਟਾਲਿਨ ਦੇ ਹੱਥ ਵਿਚ ਆਵੇ, ਪਰ ਸਟਾਲਿਨ ਲੀਡਰ ਬਣਿਆ। ਸੋਸ਼ਲਿਸਟ ਉਸਾਰੀ ਨੂੰ ਅੰਦਰ ਤੇ ਬਾਹਰ ਤੋਂ ਖਤਰੇ ਬਣੇ ਰਹੇ। ਪੱਛਮੀ ਹਮਾਇਤ ਵਾਲੀਆਂ ਚਿੱਟੀਆਂ ਫੌਜਾਂ ਦੇ ਹਾਰਨ ਬਾਅਦ ਵੀ ਸਟਾਲਿਨ ਨੂੰ ਯੁੱਧ ਵਾਲੀਆਂ ਲੀਹਾਂ ‘ਤੇ ਰਾਜ ਕਰਨ ਦਾ ਮੌਕਾ ਮਿਲਿਆ ਰਿਹਾ। ਸੋਸ਼ਲਿਸਟ ਉਸਾਰੀ ਦੀ ਮੁਖ਼ਾਲਫ਼ਤ ਹੁੰਦੀ ਰਹੀ। ਸਟਾਲਿਨ ਦਹਿਸ਼ਤਜ਼ਦਾ ਹੋ ਕੇ ਹਰ ਮਸ਼ਵਰੇ, ਹਰ ਨੁਕਤਾਚੀਨੀ ਨੂੰ ਕੁਫ਼ਰ ਕਰਾਰ ਦਿੰਦਾ ਰਿਹਾ। ਸੋਸ਼ਲਿਜ਼ਮ ਦਾ ਇਨਕਲਾਬੀ ਕਤਲ ਕਰਦਾ ਰਿਹਾ ਤੇ ਉਹਨੂੰ ਕੋਈ ਰੋਕ ਨਾ ਸਕਿਆ, ਪਰ ਇਹ (ਮਾਰਕਸੀ) ਸੋਸ਼ਲਿਸਟ ਆਰਥਿਕਤਾ ਦਾ ਕ੍ਰਿਸ਼ਮਾ ਹੀ ਸੀ ਕਿ ਇੰਨੀ ਗਰੀਬੀ ਤੇ ਸਾਧਨਹੀਣਤਾ ਵਿਚ ਵੀ ਹਰ ਸੋਵੀਅਤ ਸ਼ਹਿਰੀ ਨੂੰ ਕੰਮ, ਘਰ, ਸਿਹਤ ਅਤੇ ਵਿੱਦਿਆ ਦੀ ਸਹੂਲਤ ਮੁਹੱਈਆ ਕੀਤੀ ਗਈ। 40 ਤੋਂ ਵੱਧ ਬੋਲੀਆਂ ਨੂੰ ਮਾਨਤਾ ਮਿਲੀ। ਯੂਰਪ ਤੋਂ ਵੱਧ ਕਿਤਾਬਾਂ ਛਪਣ ਲੱਗੀਆਂ ਤੇ ਪੜ੍ਹੀਆਂ ਵੀ ਜਾਣ ਲੱਗੀਆਂ। ਦੁਨੀਆਂ ਭਰ ਦੇ ਕਲਾਸਿਕ ਇਕੱਠੇ ਕੀਤੇ ਜਾਣ ਲੱਗੇ, ਅਨੁਵਾਦ ਹੋਣ ਲੱਗੇ। ਪਹਿਲੀ ਵਾਰ ਸੰਸਾਰ ਸਾਹਿਤ ਦਾ ਅਸਾਸਾ ਇਕੱਤਰ ਕਰਨ ਦਾ ਕੰਮ ਹੋਇਆ। ਬੱਚਿਆਂ ਦੇ ਸਾਹਿਤ ਉਤੇ ਬੇਹਿਸਾਬ ਕੰਮ ਹੋਇਆ। ਖੇਡਾਂ ਵਿਚ ਰੂਸ, ਯੂਰਪ ਤੋਂ ਅੱਗੇ ਲੰਘ ਗਿਆ। ਅਜੇ ਸਟਾਲਿਨੀ ਇਕ ਪੁਰਖੀ ਰਾਜ ਹੀ ਸੀ ਜਦੋਂ ਹਿਟਲਰ ਦਾ ਹਮਲਾ ਸਿਰ ਆ ਪਿਆ। ਰੂਸੀਆਂ ਕੋਲ ਸੋਸ਼ਲਿਸਟ ਅਕੀਦੇ ਦੇ ਸਿਵਾ ਹੋਰ ਮੁਕਾਬਲੇ ਦੇ ਸਾਧਨ ਬਹੁਤ ਘੱਟ ਸਨ, ਪਰ ਜੇ ਇਹ ਅਕੀਦਾ ਹਿਟਲਰ ਦੇ ਵਿਰੁਧ ਸਿਰਲੱਥ ਹੋ ਕੇ ਨਾ ਲੜਿਆ ਹੁੰਦਾ, ਤਾਂ ਅੱਜ ਦੁਨੀਆਂ ਵਿਚ ਫਾਸ਼ੀਵਾਦ ਹੋਣਾ ਸੀ। ਬਰਲਿਨ ਵਿਚ ਜਿੱਤ ਦਾ ਝੰਡਾ ਕਮਿਊਨਿਸਟਾਂ ਨੇ ਹੀ ਚੜ੍ਹਾਇਆ ਸੀ। ਅਮਰੀਕਾ ਨੇ ਢਾਈ ਅਰਬ ਡਾਲਰ ਦੀ ਰਕਮ ਨਾਲ ਦੋ ਐਟਮ ਬਣਾਏ ਸਨ। ਉਨ੍ਹਾਂ ਇਹੀ ਕੰਮ ਕਰਨਾ ਸੀ ਜਿਹੜਾ ਉਨ੍ਹਾਂ ਜਪਾਨ ਵਿਚ ਕੀਤਾ। ਦੂਸਰੇ ਮਹਾਂਯੁੱਧ ਵਿਚ ਜਿੱਤ ਸੋਸ਼ਲਿਸਟ ਯਕੀਨ ਦਾ ਕ੍ਰਿਸ਼ਮਾ ਸੀ।
ਸਿੱਖਾਂ ਦੀ ਘੇਰਾਬੰਦੀ ਦੀ ਗੱਲ ਅਖੀਰ ਗਿਆਨ ਵਿਗਿਆਨ ਉਤੇ ਆ ਰਹਿੰਦੀ ਹੈ। ਲੇਖਕ ਦਾ ਆਪਣਾ ਗਿਆਨ ਇਹ ਹੈ ਕਿ ਇਨਸਾਨ ਸੁਭਾਵਕ ਤੌਰ ‘ਤੇ ਲੁੱਟ-ਖੋਹ ਅਤੇ ਗਲਬਾ-ਪਸੰਦ ਹੈ: ਸਤਿ ਦਾ ਪ੍ਰਵਾਹ ਸਦੀਵੀ ਨਹੀਂ, ਇਸ ਸਮੇਂ ਤੇ ਸਪੇਸ ਨੂੰ ਕਿਸੇ ਸਿਰਜਣਹਾਰ ਨੇ ਬਣਾਇਆ ਹੈ, ਵਿਗਿਆਨ ਵਿਨਾਸ਼ਕਾਰੀ ਹੈ, ਵਗੈਰਾ।
ਲੇਖਕ ਦਾ ਇਹ ਗਿਆਨ ਕੋਈ ਤਬਸਰਾ ਕੀਤੇ ਜਾਣ ਦੇ ਕਾਬਲ ਨਹੀਂ, ਫਿਰ ਵੀ ਇਹ ਦੱਸਣਾ ਬਣਦਾ ਹੈ ਕਿ ਲੁੱਟ-ਖੋਹ ਦੀ ਭਾਵਨਾ ਵਿਚੋਂ ਸਮਾਜ ਪੈਦਾ ਨਹੀਂ ਹੋ ਸਕਦਾ। ਬੋਲੀ ਆਪਣੇ ਵਰਗਿਆਂ ਦੀ ਸਾਂਝ ਵਿਚੋਂ ਪੈਦਾ ਹੋਈ ਅਤੇ ਵਿਗਸੀ ਹੈ। ਜਿਹੜੀ ਸਿਰਜਣਾ ਵਾਲੀ ਗੱਲ ਹੈ, ਸਿਰਜਣਾ ਦੇ ਤੱਤ ਸਿਰਜਣਾ ਤੋਂ ਬਾਅਦ ਪੈਦਾ ਨਹੀਂ ਹੋਏ। ਉਂਜ ਲੇਖਕ ਅਧਿਆਤਮਕ ਗਿਆਨ ਨੂੰ ਹੀ ਸੱਚਾ ਗਿਆਨ ਮੰਨਦਾ ਹੈ, ਜਿਸ ਮੁਤਾਬਕ ਇਹ ਜੱਗ ਰਚਨਾ ਕੂੜ ਹੈ; ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਹੁਣ ਫਤਵਾ ਇਹ ਹੋਇਆ ਕਿ ਰੱਬ ਸੱਚੇ ਨੇ ਝੂਠੀ ਰਚਨਾ ਕੀਤੀ। ਲੇਖਕ ਖੁਦ ਹੀ, ਉਲਝੇ ਵਿਚਾਰਾਂ ਦੀ ਘੇਰਾਬੰਦੀ ਵਿਚ ਫਸ ਗਿਆ ਹੈ। ਸੱਚ ਇੰਨਾ ਹੈ ਕਿ ਆਦਮੀ ਸਤਿ ਦੇ ਇਸ ਮਹਾਂ ਪਸਾਰੇ ਦਾ ਛੋਟਾ ਜਿਹਾ ਚੇਤਨ ਹਿੱਸਾ ਹੈ ਤੇ ਇਸ ਅਸਲੀਅਤ ਉਤੇ ਮਾਣ ਕਰਨ ਦਾ ਜਿੰਨਾ ਵੀ ਤਾਣ ਆਦਮੀ ਪੈਦਾ ਕਰ ਲਵੇ, ਘੱਟ ਹੈ। ਇਹੀ ਇਨਸਾਨੀ ਤਰੱਕੀ ਹੈ।
ਅਖੀਰ ਵਿਚ ਵਿਗਿਆਨ ਦੇ ਵਿਨਾਸ਼ਕਾਰੀ ਹੋਣ ਦੀ ਗੱਲ। ਸਮਾਜ ਜਦੋਂ ਇੰਨਾ ਵਿਕਸਿਤ ਹੋ ਗਿਆ ਕਿ ਇਸ ਕੋਲ ਜ਼ਿੰਦਗੀ ਦਾ ਕੋਈ ਤਸੱਵਰ ਹੋਵੇ ਤੇ ਖੁਸ਼ੀ, ਗਮ ਅਤੇ ਦੁੱਖ-ਸੁੱਖ ਵੀ ਖਿਆਲ ਦੀ ਸ਼ਕਲ ਵਿਚ ਹੋਂਦ ਵਿਚ ਆਏ। ਸਾਡੇ ਉਤੇ ਜ਼ਾਹਿਰ ਹੋਇਆ ਕਿ ਜ਼ਿੰਦਗੀ ਵਿਚ ਖਤਰੇ ਹੀ ਖਤਰੇ ਨੇ। ਬਿਮਾਰੀਆਂ, ਪੀੜ, ਬੁਢਾਪਾ ਅਤੇ ਮੌਤ ਨਾਲ ਇਸ ਦਾ ਵਾਹ ਹੈ ਤੇ ਉਸ ਵੇਲੇ ਜ਼ਿੰਦਗੀ ਦੇ ਤਿੰਨ ਹਿਤੂ ਇਸ ਦੇ ਨਾਲ-ਨਾਲ ਸਨ: ਪਹਿਲਾ ਵਿਗਿਆਨ, ਦੂਜਾ ਧਰਮ ਤੇ ਤੀਜਾ ਕਲਾ। ਵਿਗਿਆਨ ਦੁੱਖ-ਸੁੱਖ ਦੇ ਓਹੜ-ਪੋਹੜ ਮੁਹੱਈਆ ਕਰਦਾ ਸੀ। ਬੁਖਾਰ ਹੈ- ਆਹ ਬੂਟੀ ਖਾਓ। ਪੀੜ ਹੈ- ਆਹ ਭੁੱਕੀ ਖਾਓ। ਗਰਮੀ ਲਈ ਪੱਖਾ, ਠੰਢ ਲਈ ਕੱਪੜਾ ਆਦਿ। ਧਰਮ ਨੇ ਇਸ ਦੁਨੀਆਂ ਨੂੰ ਸੁਪਨਾ ਕਹਿ ਕੇ ਇਸ ਦੁਨੀਆਂ ਦੇ ਦੁੱਖਾਂ ਦੀ ਧਾਰ ਖੁੰਢੀ ਕੀਤੀ। ਅਗਲੀ ਕਿਸੇ ਟਿਕਾਊ ਤੇ ਸੱਚੀ ਦੁਨੀਆਂ ਦੀ ਆਸ ਬੰਨ੍ਹਾਈ ਤੇ ਆਤਮਾ ਦੇ ਅਮਰ ਹੋਣ ਦਾ ਤਸੱਵਰ ਦੇ ਕੇ ਮੌਤ ਨੂੰ ਖਾਰਜ ਕਰ ਦਿੱਤਾ। ਕਲਾ ਨੇ ਮਨੋਰੰਜਨ ਦੇ ਸਾਧਨ ਦਿੱਤੇ। ਜ਼ਿੰਦਗੀ ਨੂੰ ਸਫ਼ਰ ਦੱਸਿਆ। ਖੁਸ਼ੀ ਨੂੰ ਇਨਸਾਫ਼ ਦੀ ਮੰਜ਼ਿਲ ਕਰਾਰ ਦਿੱਤਾ। ਇਸ ਦਾ ਰਾਹ ਗਮਾਂ ਵਿਚੋਂ ਗੁਜ਼ਰਦਾ ਕਹਿ ਕੇ, ਜ਼ਿੰਦਗੀ ਦਾ ਸੱਚ ਸਾਡੇ ਪੱਲੇ ਪਾਇਆ ਤੇ ਇਸ ਲਈ ਅਪਣੱਤ ਸਾਨੂੰ ਦਿੱਤੀ। ਇੰਜ ਜ਼ਿੰਦਗੀ ਨੂੰ ਇਕ ਕੀਮਤੀ ਅਸਾਸਾ ਬਣਾਇਆ।
ਇਹ ਤਿੰਨੇ ਜੀਵਨ ਅਸਾਸੇ ਵਿਨਾਸ਼ਕਾਰੀ ਨਹੀਂ। ਵਿਗਿਆਨ ਨੇ ਸਾਨੂੰ ਲੰਬੀ ਉਮਰ ਦਿੱਤੀ ਹੈ। ਸਾਡੀਆਂ ਸਭ ਸੁੱਖ-ਸਹੂਲਤਾਂ ਵਿਗਿਆਨ ਦੀ ਦੇਣ ਨੇ। ਵਿਗਿਆਨ ਜੰਗਾਂ ਨਹੀਂ ਲਾਉਂਦਾ। ਇਹ ਤਾਂ ਅਰਥਚਾਰੇ ਦੀ ਸਿਆਸਤ ਹੈ ਜੋ ਅਜਿਹਾ ਕਰਦੀ ਹੈ। ਜ਼ਾਲਮਾਨਾ ਵਰਤੋਂ ਵਿਗਿਆਨ ਦੀ ਵੀ ਹੁੰਦੀ ਹੈ, ਤੇ ਧਰਮ ਦੀ ਵੀ; ਜਿਵੇਂ ਖਾੜਕੂਆਂ ਹੱਥੋਂ ਧਰਮ ਦੀ ਵਰਤੋਂ ਹੋਈ।
ਇਹ ਸਭ ਪਾਣੀ ਗੰਧਾਲਣਾ ਹੈ। ਅਸਲੀ ਗੱਲ ਹੈ, ਖਾੜਕੂ ਯੋਜਨਾ ਫੇਲ੍ਹ ਹੋਣ ਦੀ। ਇਹ ਯੋਜਨਾ ਸੀ, ਦਿੱਲੀ ਨੂੰ ਦਰਬਾਰ ਸਾਹਿਬ ਉਤੇ ਹਮਲਾ ਕਰਨ ਦਾ ਮੌਕਾ ਦੇਣ ਦੀ। ਇਸ ਪਿਛੋਂ ਸਿੱਖਾਂ ਵਿਚ ਹੋਮਲੈਂਡ ਲਈ ਹਮਾਇਤ ਪੈਦਾ ਹੋਣ ਦੀ। ਇੰਜ ਹੋਮਲੈਂਡ ਦੀ ਜਿੱਤ ਤੱਕ ਲੰਬੀ ਲੜਾਈ ਦੀ ਯੋਜਨਾ ਸੀ। ਪੰਜਾਬ ਨੂੰ ਖਾੜਕੂ ਲਹਿਰ ਨੇ ਮਨੀਪੁਰ, ਨਾਗਾਲੈਂਡ ਜਾਂ ਕਸ਼ਮੀਰ ਬਣਾਉਣਾ ਚਾਹਿਆ ਸੀ। ਸਦੀਵੀ ਗੜਬੜਜ਼ਦਾ ਖਿੱਤਾ, ਫੌਜਾਂ ਦੇ ਸਪੈਸ਼ਲ ਤਾਕਤ ਐਕਟ ਦੇ ਪੈਰਾਂ ਹੇਠ ਮਿੱਧੀਦਾ। ਪੰਜਾਬ ਦੇ ਲੋਕਾਂ ਇਹ ਪਰਵਾਨ ਨਹੀਂ ਕੀਤਾ। ਉਹ ਨਹੀਂ ਸੀ ਚਾਹੁੰਦੇ ਕਿ ਦਿਨ ਹੁੰਦੇ ਹੀ ਰਾਤ ਪੈ ਜਾਵੇ- ਟ੍ਰੈਫਿਕ ਬੰਦ, ਸੜਕਾਂ ਸੁੰਨੀਆਂ, ਪਿੰਡਾਂ ਦੇ ਲਾਟੂ ਬੁਝੇ ਰਹਿਣ, ਕੁੱਤੇ ਤੱਕ ਵੀ ਮਾਰ ਦਿੱਤੇ ਜਾਣ, ਪਿੰਡ ਰਾਤ ਭਰ ਕਬਰਾਂ ਬਣੇ ਰਹਿਣ! ਉਹਦੀ ਜਾਨ ਕਦੀ ਖਾੜਕੂਆਂ ਦੇ ਹੱਥ ਵਿਚ ਹੋਵੇ, ਕਦੀ ਪੁਲਿਸ ਦੇ। ਪੰਜਾਬ ਸੁਰਖਰੂ ਹੋ ਕੇ ਜੀਣਾ ਚਾਹੁੰਦਾ ਸੀ ਅਤੇ ਅੱਜ ਜੀਅ ਰਿਹਾ ਹੈ, ਪਰ ਲੇਖਕ ਨੂੰ ਇਸ ਵਿਚ ਸਿੱਖਾਂ ਦੀ ਘੇਰਾਬੰਦੀ ਦਿਸਦੀ ਹੈ।

ਫੋਨ: 91-81264-90298