COMMUNITY FEATURED NEWS News

ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ?

ਚੰਡੀਗੜ੍ਹ : ਇਕ ਪਾਸੇ ਅਦਾਲਤ ਵਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪਾਪਾਂ-ਜੁਰਮਾਂ ਬਦਲੇ ਸਾਧਵੀਆਂ ਅਤੇ ਮਰਹੂਮ ਪੱਤਰਕਾਰ ਰਾਮ ਛਤਰਪਤੀ ਨੂੰ ਇਨਸਾਫ ਦਿੱਤਾ ਜਾ ਚੁੱਕਾ ਹੈ ਅਤੇ ਨਿਪੁੰਸਕ ਸਾਧੂਆਂ ਦੇ ਇਨਸਾਫ ਦੀ ਲੜਾਈ ਸੀਬੀਆਈ ਜੋਰਾਂ-ਸ਼ੋਰਾਂ ਨਾਲ ਲੜ ਰਹੀ ਹੈ ਉਥੇ ਦਸਮ ਗੁਰੂ, ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਏ ਜਾਣ ਦੇ ਮਾਮਲੇ ਚ ਪੰਜਾਬ ਪੁਲਿਸ ਹੀ ਇਨਸਾਫ ਦੇ ਰਾਹ ਅੜਿੱਕਾ ਸਾਬਿਤ ਹੋਈ ਹੈ. ਸੌਦਾ ਸਾਧ ਵਲੋਂ ਮਈ 2007 ਵਿਚ ਅਪਣੇ ਸਲਾਬਤਪੁਰਾ, ਜ਼ਿਲਾ ਬਠਿੰਡਾ, ਵਿਚਲੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ ਸੀ ਜਿਸ ਕਾਰਨ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ। ਗੁਰਮੀਤ ਰਾਮ ਰਹੀਮ ਦੇ ਖਿਲਾਫ ਮਈ 2007 ਵਿਚ ਥਾਣਾ ਕੋਤਵਾਲੀ ਵਿਚ ਆਈਪੀਸੀ ਦੀ ਧਾਰਾ 153 ਏ ਅਤੇ 295 ਏ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਆਈ ਜੀ ਪੱਧਰ ਦੇ ਅਧਿਕਾਰੀ ਨੇ ਜਾਂਚ ਕੀਤੀ ਸੀ ਤੇ ਅਖੌਤੀ ਸਾਧ ਨੂੰ ਦੋਸ਼ੀ ਪਾਇਆ ਸੀ ਪਰ ਬਾਅਦ ਵਿਚ ਬਠਿੰਡਾ ਪੁਲਿਸ ਨੇ ਕਦੇ ਸਾਧ ਦੇ ਖਿਲਾਫ ਅਦਾਲਤ ਵਿਚ ਚਲਾਨ ਹੀ ਪੇਸ਼ ਨਹੀਂ ਕੀਤਾ। ਅੱਜ ਇਸ ਮੁਦੇ ਉਤੇ ਮੁਖੀ ਦਰਬਾਰ ਏ ਖਾਲਸਾ ਜਥੇਬੰਦੀ ਦੇ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ (30 ਸਿੱਖ ਜਥੇਬੰਦੀਆਂ ਦਾ ਸਮੂਹ) ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇਕ ਚਿਠੀ ਲਿਖ ਇਹ ਮੁੱਦਾ ਚੁੱਕਿਆ ਹੈ. ਜਿਸ ਤਹਿਤ ਸਪਸ਼ਟ ਕਿਹਾ ਗਿਆ ਹੈ ਕਿ ਅਸਲ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗਾ ਘੋਰ ਪਾਪ ਕਰਨ ਦੀ ਹਿਮਾਕਤ ਸੌਦੇ ਸਾਧ ਅਤੇ ਇਸ ਦੇ ਚੇਲਿਆਂ ਨੇ ਤਾਂ ਹੀ ਕਰਨ ਦੀ ਜੁਅਰਤ ਕੀਤੀ ਕਿਉਂਕਿ ਉਸਨੂੰ ਮਈ 2007 ਵਾਲੇ ਕੇਸ ਵਿਚ ਬਾਦਲ ਸਰਕਾਰ ਨੇ ਸ਼ਰੇਆਮ ਬਚਾਅ ਲਿਆ ਸੀ।