Home » News » SPORTS NEWS » ਸਿੱਖਾਂ ਨੇ ਖੇਡਾਂ ਵਿਚ ਦੇਸ਼ ਦਾ ਮਾਣ ਵਧਾਇਆ
ber

ਸਿੱਖਾਂ ਨੇ ਖੇਡਾਂ ਵਿਚ ਦੇਸ਼ ਦਾ ਮਾਣ ਵਧਾਇਆ

ਐਸ.ਏ.ਐਸ ਨਗਰ : ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ ਦੀ ਅੱਜ ਮੋਹਾਲੀ ਵਿਖੇ ਸ਼ੁਰੂਆਤ ਹੋਈ। ਇਸ ਵਿਚ ਕੇਵਲ ਸਾਬਤ ਸੂਰਤ ਸਿੱਖ ਨੌਜਵਾਨ ਖਿਡਾਰੀਆਂ ਵਲੋਂ ਹੀ ਹਿੱਸਾ ਲਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੂਰੇ ਭਾਰਤ ਤੋਂ 8 ਟੀਮਾਂ ਨੇ ਹਿੱਸਾ ਲਿਆ ਹੈ ਅਤੇ ਇਹ ਟੂਰਨਾਮੈਂਟ 4 ਫ਼ਰਵਰੀ ਤਕ ਚਲੇਗਾ। ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਐਸ.ਪੀ ਸਿੰਘ ਉਬਰਾਏ ਕਾਰੋਬਾਰੀ ਅਤੇ ਸਮਾਜ ਸੇਵੀ ਇਸ ਟੂਰਨਾਮੈਂਟ ਵਿਚ ਵਿਸ਼ੇਸ਼ ਮਹਿਮਾਨ ਸਨ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਮੋਹਾਲੀ, ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਚੰਡੀਗੜ੍ਹ ਪੁਲਿਸ ਨੇ ਮੁੱਖ ਮਹਿਮਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵਿਸ਼ੇਸ਼ ਤੌਰ ‘ਤੇ ਗਾਰਡ ਆਫ਼ ਆਨਰ ਵੀ ਦਿਤਾ ਗਿਆ। ਬ੍ਰਹਮਪੁਰਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਵੇਖ ਕੇ ਬੇਹੱਦ ਖ਼ੁਸ਼ੀ ਮਹਿਸੂਸ ਹੋਈ ਹੈ ਕਿ ਹਾਕੀ ਦੇ ਇਸ ਟੂਰਨਾਮੈਂਟ ਵਿਚ ਕੇਵਲ ਪੂਰਨ ਤੌਰ ‘ਤੇ ਗੁਰਸਿੱਖ ਖਿਡਾਰੀਆਂ ਵਲੋਂ ਹੀ ਭਾਗ ਲਿਆ ਗਿਆ ਹੈ ਜਿਸ ਨਾਲ ਸਿੱਖ ਕੌਮ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਦਾ ਕੱਦ ਹੋਰ ਉਚਾ ਹੋਵੇਗਾ। ਜੋ ਕਿ ਬਹੁਤ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਸੂਬੇ ਅਤੇ ਦੇਸ਼ ਵਿਚ ਹਾਕੀ ਨੂੰ ਪ੍ਰਮੋਟ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਹਾਕੀ ਖੇਡ ਵਿਚ ਖਿਡਾਰੀਆਂ ਦੇ ਟੈਲੰਟ ਨੂੰ ਹੋਰ ਬਿਹਤਰ ਤਰੀਕੇ ਨਾਲ ਵਿਕਸਤ ਕੀਤਾ ਜਾ ਸਕੇ। ਬ੍ਰਹਮਪੁਰਾ ਨੇ ਅੰਤ ਵਿਚ ਹਾਕੀ ਦੀ ਭਲਾਈ ਲਈ ਦੇਸ਼ ਵਿਚ ਕੰਮ ਕਰਨ ਵਾਲੇ ਸਾਰੇ ਹੀ ਲੋਕਾਂ, ਮੈਂਬਰਾਂ ਅਤੇ ਵਿਸ਼ੇਸ਼ ਵਿਅਕਤੀਆਂ ਦਾ ਦਿਲੋਂ ਧਨਵਾਦ ਕੀਤਾ।

About Jatin Kamboj