FEATURED NEWS News PUNJAB NEWS

ਸਿੱਖ ਕੌਮ ਨੂੰ ਤੱਥਾਂ ਤੋਂ ਕੋਹਾਂ ਦੂਰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ : ਭਾਈ ਤਾਰਾ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹਤਿਆ ਕੇਸ ਵਿਚ ਬੁੜੈਲ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਅਪਣੇ ਨਿੱਜੀ ਵਕੀਲ ਸਿਮਰਨਜੀਤ ਸਿੰਘ ਰਾਹੀਂ ਕਿਹਾ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਿੱਖ ਕੌਮ ਨੂੰ ਤੱਥਾਂ ਤੋਂ ਕੋਹਾਂ ਦੂਰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਲਾਨੇ ਗਏ ਅੱਠ ਸਿੱਖ ਕੈਦੀਆਂ ਵਿਚੋਂ ਪੰਜ ਸਿੱਖ ਕੈਦੀ ਅਪਣੀ ਬਣਦੀ ਸਜ਼ਾ ਨਾਲੋਂ ਵੱਧ ਸਜ਼ਾ ਕਟ ਕੇ ਰਿਹਾਅ ਹੋ ਕੇ ਅਪਣੇ ਘਰ ਆ ਚੁੱਕੇ ਹਨ ਤੇ ਦੂਸਰੇ ਤਿੰਨ ਸਿੱਖ ਕੈਦੀ ਵੀ ਅਪਣੀ ਬਣਦੀ ਸਜ਼ਾ ਕਈ ਸਾਲ ਪਹਿਲਾਂ ਪੂਰੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸੇ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 14 ਅਨੁਸਾਰ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਸਾਰਿਆਂ ਨੂੰ ਬਰਾਬਰ ਕਾਨੂੰਨੀ ਸੁਰੱਖਿਆ ਦਿਤੀ ਜਾਵੇਗੀ, ਤਾਂ ਭਾਰਤ ਸਰਕਾਰ ਨੇ ਅਪਣੇ ਹੀ ਕਾਨੂੰਨ ਦੀ ਉਲੰਘਣਾ ਕਰ ਕੇ ਕਿਹੜੇ ਕਾਰਨਾਂ ਕਰ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਸਿੱਖਾਂ ਨੂੰ ਨਾਜਾਇਜ਼ ਹਿਰਾਸਤ ਵਿਚ ਕਿਉਂ ਰੱਖਿਆ ਹੋਇਆ ਹੈ?ਉਨ੍ਹਾਂ ਕਿਹਾ ਕਿ ਭਾਰਤ ਦੀ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ, ਇਕ ਪਾਸੇ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸੰਘਰਸ਼ ਨਾਲ ਸਬੰਧਤ ਲੋਕਾਂ ਨੂੰ ਅਜੇ ਵੀ ਜੇਲਾਂ ਵਿਚੋਂ ਛੱਡਣ ਲਈ ਇਨਕਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਸਿੱਖਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਕਤਲ ਦੇ ਕੇਸਾਂ ਵਿਚੋਂ ਅਦਾਲਤ ਵਲੋਂ ਦਿਤੀਆਂ ਸਜ਼ਾਵਾਂ ਦੇ ਬਾਵਜੂਦ ਵੀ ਬਿਨਾਂ ਜੇਲ ਕਟਿਆਂ ਰਿਹਾ ਕਰ ਰਹੀ ਹੈ।