Home » COMMUNITY » ਸਿੱਖ ਲੜਕੀ ਦੇ ਧਰਮ ਪਰਿਵਰਤਨ ਨੂੰ ਲੈ ਕੇ ਸਿੱਖਾਂ ਵਿਚ ਰੋਸ
11Medi

ਸਿੱਖ ਲੜਕੀ ਦੇ ਧਰਮ ਪਰਿਵਰਤਨ ਨੂੰ ਲੈ ਕੇ ਸਿੱਖਾਂ ਵਿਚ ਰੋਸ

ਬਹਿਰਾਈਚ : ਪਾਕਿਸਤਾਨ ਵਿਚ ਇਕ ਗੁਰਦਵਾਰੇ ਦੇ ਗ੍ਰੰਥੀ ਦੀ ਕੁੜੀ ਦਾ ਜ਼ਬਰਨ ਧਰਮ ਪਰਿਵਰਤਨ ਕਰ ਕੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾਏ ਜਾਣ ਵਿਰੁਧ ਬਹਿਰਾਈਚ ਦੇ ਸਿੱਖਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਿਲਸਿਲੇ ’ਚ ਮੰਗ ਪੱਤਰ ਭੇਜ ਕੇ ਇਹ ਮਾਮਲਾ ਸੰਯੁਕਤ ਰਾਸ਼ਟਰ ਵਿਚ ਲੈ ਕੇ ਜਾਣ ਦੀ ਮੰਗ ਕੀਤੀ ਹੈ।ਇਸ ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਸਿੱਖਾਂ ਨੂੰ ਜਬਰਨ ਇਸਲਾਮ ਧਰਮ ਕਬੂਲ ਕਰਵਾਇਆ ਜਾ ਰਿਹਾ ਹੈ। ਇਸ ਦੀਆਂ ਜ਼ਿਆਦਾਤਰ ਸ਼ਿਕਾਰ ਔਰਤਾਂ ਹੋ ਰਹੀਆਂ ਹਨ। ਸਿੱਖਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿਥੇ ਪੂਰੀ ਦੁਨੀਆਂ ’ਚ ਬਾਬੇ ਨਾਨਕ ਦਾ 550ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉਥੇ ਹੀ ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਧੀ ਨੂੰ ਅਗ਼ਵਾ ਕਰ ਕੇ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਜ਼ਬਰਨ ਨਿਕਾਹ ਕਰਵਾ ਦਿਤਾ ਗਿਆ ਹੈ। ਇਸ ਘਟਨਾ ਤੋਂ ਪਾਕਿਸਤਾਨ, ਭਾਰਤ ਅਤੇ ਹੋਰ ਦੇਸ਼ਾਂ ਵਿਚ ਰਹਿ ਰਹੇ ਸਿੱਖਾਂ ’ਚ ਰੋਸ ਹੈ। ਸਿੱਖਾਂ ਦੀ ਮੰਗ ਹੈ ਕਿ ਪੀੜਤ ਕੁੜੀ ਨੂੰ ਸਿੱਖ ਧਰਮ ’ਚ ਵਾਪਸ ਲਿਆ ਕੇ ਉਸ ਨਾਲ ਜਬਰਨ ਨਿਕਾਹ ਕਰਨ ਵਾਲੇ ਮੁਹੰਮਦ ਹਸਨ ’ਤੇ ਕਾਰਵਾਈ ਕੀਤੀ ਜਾਵੇ। ਪਾਕਿਸਤਾਨ ਵਿਚ ਰਹਿ ਰਹੇ ਘੱਟ ਗਿਣਤੀ ਸਿੱਖਾਂ ਨੂੰ ਸੁਰੱਖਿਆ ਪ੍ਰਦਾਨ ਕਰ ਕੇ ਦਹਿਸ਼ਤ ਖ਼ਤਮ ਕਰਵਾਈ ਜਾਵੇ ਅਤੇ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਚੁਕਿਆ ਜਾਵੇ। ਸਿੱਖਾਂ ਦੇ ਵਫ਼ਦ ਨੇ ਨਰਿੰਦਰ ਮੋਦੀ ਨੂੰ ਸੰਬੋਧਤ ਮੰਗ ਪੱਤਰ ਜ਼ਿਲ੍ਹਾ ਅਧਿਕਾਰੀ ਦੇ ਜ਼ਰੀਏ ਭੇਜਿਆ ਹੈ।

About Jatin Kamboj