ARTICLES

ਸਿੱਧੂ ਦਾ ਪੰਜਾਬ ਦਾ ‘ਕੈਪਟਨ’ ਬਣਨ ਲਈ ਸੋਚ ਸਮਝ ਕੇ ਖੇਡਿਆ ਦਾਅ

ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਅਪਣੀ ਚੁੱਪੀ ਤੋੜ ਹੀ ਦਿਤੀ ਅਤੇ ਤੋੜੀ ਵੀ ਇਸ ਸ਼ੁਰਲੀ ਨਾਲ ਕਿ ਉਹ ਮੁੜ ਤੋਂ ਲੋਕਾਂ ਦੇ ਸਾਹਮਣੇ ਇਕ ਦਲੇਰ ਲੀਡਰ ਵੀ ਬਣ ਗਏ ਅਤੇ ਉਨ੍ਹਾਂ ਨੇ ਇਹ ਵੀ ਦਸ ਦਿਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਜ਼ਰੂਰ ਹਨ ਪਰ ਇਥੇ ਵੀ ਰਾਹੁਲ ਗਾਂਧੀ ਦੇ ‘ਅਪਣੇ ਖ਼ਾਸ’ ਵਜੋਂ ਹੀ ਆਏ ਸਨ। ਉਨ੍ਹਾਂ ਵਲੋਂ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣਾ ਇਹ ਸਿੱਧ ਕਰਦਾ ਹੈ ਕਿ ਉਹ ਸਿਰਫ਼ ਵਜ਼ਾਰਤੀ ਕੁਰਸੀ ਖ਼ਾਤਰ ਅਪਣੇ ਕੰਮ ਉਤੇ ਦਾਗ਼ ਨਹੀਂ ਲੱਗਾ ਰਹਿਣ ਦੇਣਗੇ। ਪਿਛਲੇ ਮਹੀਨੇ ਤੋਂ ਬਾਕੀ ਸਾਰੇ ਮੰਤਰੀ ਅਪਣੇ ਕਪਤਾਨ ਦੇ ਹੁਕਮ ਮੁਤਾਬਕ ਅਪਣੇ ਨਵੇਂ ਅਹੁਦਿਆਂ ਉਤੇ ਕੰਮ ਕਰਨ ਲੱਗ ਪਏ ਹਨ ਭਾਵੇਂ ਉਹ ਚੋਣਾਂ ਵਿਚ ਸ਼ਹਿਰੀ ਇਲਾਕਿਆਂ ਵਿਚ ਮਿਲੀਆਂ ਘੱਟ ਵੋਟਾਂ ਲਈ ਅਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਮੰਨਦੇ। ਨਵਜੋਤ ਸਿੰਘ ਸਿੱਧੂ ਵਲੋਂ ‘ਬਗ਼ਾਵਤ’ ਉਨ੍ਹਾਂ ਦੇ ਭਾਜਪਾ ‘ਚ ਰਹੇ ਦਿਨਾਂ ਦੀ ਦੇਣ ਹੈ ਅਤੇ ਉਨ੍ਹਾਂ ਨੂੰ ਬਾਕੀ ਕਾਂਗਰਸੀਆਂ ਤੋਂ ਵਖਰਾ ਵੀ ਕਰਦੀ ਹੈ। ਕਾਂਗਰਸੀਆਂ ਵਿਚ ‘ਜੀ ਹਜ਼ੂਰੀ’ ਦੀ ਅਜਿਹੀ ਆਦਤ ਪੈ ਚੁੱਕੀ ਹੈ ਕਿ ਉਹ ਅਪਣੇ ਆਗੂ ਵਲ ਸਵਾਲੀਆ ਨਜ਼ਰਾਂ ਨਾਲ ਵੇਖ ਵੀ ਨਹੀਂ ਸਕਦੇ। ਪਰ ‘ਭਾਜਪਾ’ ‘ਚੋਂ ਸਿਆਸਤ ਸਿਖੇ ਨਵਜੋਤ ਸਿੰਘ ਸਿੱਧੂ ਅਪਣੀ ਤਾਕਤ ਤੇ ਵਿਸ਼ਵਾਸ ਕਰਦੇ ਹੋਏ, ਕਿਸੇ ਵੀ ਅਹੁਦੇ ਲਈ ਅਪਣੇ ਆਪ ਨੂੰ ਕਾਬਲ ਸਮਝਦੇ ਹਨ ਅਤੇ ਅਪਣੇ ਕੰਮ ਉਤੇ ਲਗਾਇਆ ਗਿਆ ਦਾਗ਼ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸ ਵਿਚ ਵਿਧਾਇਕ ਬਣੇ ਰਹਿ ਕੇ ਤੇ ਮੰਤਰੀ ਮੰਡਲ ਤੋਂ ਹਟ ਕੇ ਉਨ੍ਹਾਂ ਨੇ ਪੰਜਾਬ ਵਿਚ ਅਪਣੀ ਪਛਾਣ ਨੂੰ ਕਾਇਮ ਕਰ ਲਿਆ ਹੈ। ਉਨ੍ਹਾਂ ਪਿੱਛੇ ਅੱਜ ‘ਆਪ’, ਸੁਖਪਾਲ ਸਿੰਘ ਖਹਿਰਾ ਅਤੇ ਭਾਜਪਾ ਵੀ ਹਨ ਕਿਉਂਕਿ ਉਹ ਸੱਭ ਜਾਣਦੇ ਹਨ ਕਿ ਇਹ ਚਿਹਰਾ 2022 ‘ਚ ਮੁੱਖ ਮੰਤਰੀ ਪਦ ਦਾ ਦਾਅਵੇਦਾਰ ਬਣ ਚੁੱਕਾ ਹੈ। ਅੱਜ ਸਾਰੇ ਆਗੂ ਕਿਸੇ ਨਾ ਕਿਸੇ ਬਹਾਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਕਾਮਯਾਬੀ ਅਪਣੇ ਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੇਂਦਰ ਸਰਕਾਰ, ਅਕਾਲੀ ਦਲ, ਪੰਜਾਬ ਕਾਂਗਰਸ ਇਕ ਦੂਜੇ ਤੋਂ ਇਸ ਫ਼ਖ਼ਰ ਦਾ ਸਿਹਰਾ ਖੋਹਣ ਵਿਚ ਲੱਗੇ ਹਨ। ਪਰ ਕਿਸੇ ਆਮ ਇਨਸਾਨ ਨੂੰ ਪੁੱਛ ਲਵੋ ਤਾਂ ਉਹ ਸਿਰਫ਼ ਇਕ ਇਨਸਾਨ ਨੂੰ ਕਰਤਾਰਪੁਰ ਦੀ ਜਿੱਤ ਦਾ ਜ਼ਿੰਮੇਵਾਰ ਮੰਨੇਗਾ ਅਤੇ ਉਹ ਨਾਂ ਨਵਜੋਤ ਸਿੰਘ ਸਿੱਧੂ ਹੈ। ਲੋਕਾਂ ਦਾ ਸਿੱਧੂ ਵਾਸਤੇ ਪਿਆਰ ਅੱਜ ਇਕ ਗਾਇਕ ਹਿੰਮਤ ਸਿੰਘ ਨੇ ਬਿਆਨ ਕੀਤਾ ਹੈ ਅਤੇ ਆਖਿਆ ਹੈ ਕਿ ਲੋੜ ਪੈਣ ਤੇ ਸਾਰਾ ਪੰਜਾਬ ਨਵਜੋਤ ਸਿੰਘ ਸਿੱਧੂ ਨਾਲ ਖੜਾ ਹੋ ਜਾਵੇਗਾ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਦਿਲ ਵਿਚ ਰੇਤਾ, ਸ਼ਰਾਬ, ਨਸ਼ਾ ਮਾਫ਼ੀਆ ਨੂੰ ਖ਼ਤਮ ਕਰ ਕੇ ਨਵੇਂ ਪੰਜਾਬ ਦੀ ਸਿਰਜਣਾ ਦੀ ਚਾਹਤ ਦੀ ਆਵਾਜ਼ ਬਣ ਗਏ ਹਨ। ਕਿਸੇ ਵੇਲੇ ਜੋ ਅੱਗ ਕਾਂਗਰਸ ਦੇ ਪੰਜਾਬ ਦੇ ਕੈਪਟਨ ‘ਚ ਨਜ਼ਰ ਆਉਂਦੀ ਸੀ, ਉਹ ਹੁਣ ਕਾਫ਼ੀ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਨਾਲ ਖੜੇ ਇੱਕਾ-ਦੁੱਕਾ ਲੀਡਰਾਂ ‘ਚ ਹੀ ਨਜ਼ਰ ਆਉਣ ਲੱਗ ਪਈ ਹੈ।
ਕਿਸੇ ਸਮੇਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਪੰਜਾਬ ਦਾ ਵਿਸ਼ਵਾਸ ਹਾਸਲ ਸੀ ਕਿ ਉਹ ਪੰਜਾਬ ਦੇ ਮਸਲੇ ਸੁਲਝਾਉਣ ਲਈ ਅਪਣਾ ਸੱਭ ਕੁੱਝ ਦਾਅ ਤੇ ਲਾ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣਾਂ ਵਿਚ ਜਿਹੜੀ ਗਰਮੀ ਹੁੰਦੀ ਸੀ ਤੇ ਜਿਵੇਂ ਉਨ੍ਹਾਂ ਪੰਜਾਬ ਦੀ ਖ਼ਾਤਰ ਇੰਦਰਾ ਗਾਂਧੀ, ਸੋਨੀਆ ਗਾਂਧੀ ਨਾਲ ਬਗ਼ਾਵਤ ਕੀਤੀ, ਨਵਜੋਤ ਸਿੰਘ ਸਿੱਧੂ ਵੀ ਉਸੇ ਗਰਮੀ ਨਾਲ ਪੰਜਾਬ ਦੇ ਹੱਕ ‘ਚ ਨਿਤਰੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦਾ ਜ਼ਿੰਮਾ ਚੁਕਿਆ। ਪਰ ਅਫ਼ਸੋਸ ਉਹ ਪੰਜਾਬ ਕਾਂਗਰਸ ਵਿਚ ਅਪਣੀ ਥਾਂ ਨਾ ਬਣਾ ਸਕੇ। ਕਾਂਗਰਸ 2017 ਵਿਚ ‘ਪੰਜਾਬ ਬਚਾਉਣ’ ਦੀ ਮੁਹਿੰਮ ਸ਼ੁਰੂ ਕਰ ਕੇ ਵਾਪਸ ਆਈ ਸੀ ਪਰ ਢਾਈ ਸਾਲਾਂ ਵਿਚ ਉਹ ਲੋਕਾਂ ਅੰਦਰ ਅਪਣਾ ਅਕਸ ਕਾਇਮ ਨਹੀਂ ਰੱਖ ਸਕੀ। ਕਾਂਗਰਸ ਜੇ ਲੋਕ ਸਭਾ ਦੇ ਚੋਣ ਨਤੀਜਿਆਂ ਨੂੰ ਅਪਣੇ ਕੰਮ ਉਤੇ ਪ੍ਰਵਾਨਗੀ ਦਾ ਠੱਪਾ ਲੱਗ ਗਿਆ ਸਮਝ ਰਹੀ ਹੈ ਤਾਂ ਉਹ ਭੁਲੇਖੇ ‘ਚ ਹੈ।
ਪੰਜਾਬ ਦੀ ਜਨਤਾ ਇਕ ਚੋਣ ਦੀ ਉਡੀਕ ‘ਚ ਹੈ। ਜਦ ਵੀ ਉਨ੍ਹਾਂ ਨੂੰ ਪੰਜਾਬ ਪੱਖੀ ਆਗੂ ਭਾਅ ਗਿਆ ਤਾਂ ਉਹ ਅਪਣੀ ਚੋਣ ਬਦਲ ਵੀ ਸਕਦੇ ਹਨ ਅਤੇ ਇਹ ਗੱਲ ਨਵਜੋਤ ਸਿੰਘ ਸਿੱਧੂ ਵੀ ਯਾਦ ਰੱਖਣ ਕਿ ਜਿਹੜਾ ਮੌਕਾ ਉਹ ਪੰਜਾਬ ਤੋਂ ਮੰਗਦੇ ਹਨ, ਉਸ ਵਾਸਤੇ ਪ੍ਰੀਖਿਆ ਬੜੀ ਔਖੀ ਹੋਣੀ ਹੈ। ਸੋ ਉਹ ਵੀ ਹਰ ਕੁਰਬਾਨੀ ਦਾ ਅਹਿਦ ਲੈ ਕੇ ਅਤੇ ਸੰਜੀਦਗੀ ਨਾਲ ਪੰਜਾਬ ਦੇ ਹੱਕ ਵਿਚ ਡੱਟ ਸਕਦੇ ਹਨ ਤਾਂ ਜ਼ਰੂਰ ਅੱਗੇ ਆਉਣ। ਲੋਕੀ ਆਪੇ ਸਮਝ ਜਾਣਗੇ ਕਿ ਚੰਗਾ ਆਗੂ ਕਿਹੜੇ ਪਾਸੇ ਹੈ ਤੇ ਫੋਕੇ ਨਾਹਰੇ ਕਿਹੜੇ ਪਾਸੇ?
-ਨਿਮਰਤ ਕੌਰ