ARTICLES

ਸੋਸ਼ਲ ਮੀਡੀਆ: ਵਰ ਜਾਂ ਸਰਾਪ ?

ਆਦਿ ਕਾਲ ਤੋਂ ਹੀ ਮਨੁੱਖ ਆਪਣੇ ਦੁਖ-ਸੁਖ ਦੇ ਸੁਨੇਹਿਆਂ ਨੂੰ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਤਕ ਪਹੁੰਚਾਉਣ ਲਈ ਕਬੂਤਰਾਂ ਤੋਂ ਲੈ ਕੇ ਡਾਕ ਚਿੱਠੀਆਂ ਅਤੇ ਅੱਜਕੱਲ੍ਹ ਈ-ਮੇਲ ਵਰਗੇ ਸਾਧਨ ਵਰਤ ਰਿਹਾ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਜਿਸਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੈ।
ਬੇਸ਼ੱਕ ਮੀਡੀਆ ਵੱਲੋਂ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤਕ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਸ਼ਿਆਂ ’ਤੇ ਉਸਾਰੂ ਭੂਮਿਕਾ ਨਿਭਾਈ ਜਾ ਰਹੀ ਹੈ, ਪਰ ਸੰਸਾਰ ਪੱਧਰ ’ਤੇ ਤਕਨਾਲੋਜੀ ਦੇ ਵਿਕਾਸ ਨੇ ਇੱਕ ਨਵੇਂ ਮੀਡੀਆ ਖੇਤਰ ਨੂੰ ਈਜਾਦ ਕੀਤਾ ਹੈ ਜਿਸ ਨੂੰ ਸੋਸ਼ਲ ਮੀਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਅੱਜ ਇਹ ਸੋਸ਼ਲ ਦੀ ਥਾਂ ‘ਸੋ-ਛਲ’ ਬਣ ਕੇ ਰਹਿ ਗਿਆ ਹੈ। ਇਸ ਕਿਸਮ ਦੇ ਮੀਡੀਆ ਖੇਤਰ ਵਿੱਚ ਤੁਹਾਨੂੰ ਪੱਤਰਕਾਰੀ ਜਾਂ ਮੀਡੀਆ ਨਾਲ ਸਬੰਧਿਤ ਸਿਰਮੌਰ ਸੰਸਥਾਵਾਂ ਦੇ ਤਜਰਬੇ ਲੈਣ ਲਈ ਅੰਦਰ ਜਾਂ ਬਾਹਰ ਦੀ ਪਰਿਕਰਮਾ ਕਰਨ ਦੀ ਵੀ ਲੋੜ ਨਹੀਂ, ਸਿਰਫ਼ ਇੱਕ ਸਮਾਰਟਫੋਨ ਤੇ ਇੰਟਰਨੈੱਟ ਦੀ ਸੁਵਿਧਾ ਦੀ ਹੀ ਲੋੜ ਹੁੰਦੀ ਹੈ। ਇਸ ਮੀਡੀਆ ਦੇ ਸੰਸਾਰ ਪੱਧਰ ’ਤੇ ਵਰਤੇ ਜਾਂਦੇ ਕਈ ਰੂਪਾਂ ਵਿੱਚੋਂ ਫੇਸਬੁੱਕ ਤੇ ਵੱਟਸਐਪ ਮੁੱਖ ਹਨ। ਜ਼ਿਆਦਾਤਰ ਇਨ੍ਹਾਂ ਦੋਨ੍ਹਾਂ ਜ਼ਰੀਏ ਹੀ ਸੋਸ਼ਲ ਛਲ ਕੀਤਾ ਜਾ ਰਿਹਾ ਹੈ।
ਸਮਾਜ ਦੀ ਭਲਾਈ ਲਈ ਈਜਾਦ ਕੀਤੇ ਇਨ੍ਹਾਂ ਸਸਤੇ ਤੇ ਤੇਜ਼ ਸਾਧਨਾਂ ਰਾਹੀਂ ਸ਼ਰਾਰਤੀ ਅਨਸਰਾਂ ਵੱਲੋਂ ਅਕਸਰ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਜਿਸ ਦੀ ਤਾਜ਼ਾ ਉਦਾਹਰਨ ਸਿਹਤ ਵਿਭਾਗ ਪੰਜਾਬ ਵੱਲੋਂ ਖਸਰਾ ਤੇ ਰੁਬੈਲਾ ਬਿਮਾਰੀ ਦੀ ਰੋਕਥਾਮ ਲਈ ਲਗਾਏ ਜਾ ਰਹੇ ਟੀਕਿਆਂ ਬਾਰੇ ਗ਼ਲਤ ਪ੍ਰਚਾਰ ਹੈ। ਇਹ ਤਾਂ ਇੱਕ ਮੌਜੂਦਾ ਘਟਨਾ ਹੈ। ਇਨ੍ਹਾਂ ਸਾਧਨਾਂ ਰਾਹੀਂ ਉਨ੍ਹਾਂ ਘਟਨਾਵਾਂ ਅਤੇ ਤੱਥਾਂ ਰਹਿਤ ਜਾਣਕਾਰੀ ਨੂੰ ਵੀ ਪ੍ਰਚਾਰਿਆ ਜਾਂਦਾ ਹੈ ਜਿਨ੍ਹਾਂ ਦੀ ਹੋਂਦ ਹੀ ਨਹੀਂ ਹੁੰਦੀ। ਇਸ ਤਹਿਤ ਅਕਸਰ ਧਰਮਾਂ ਵਿੱਚ ਟਕਰਾਅ ਵੀ ਹੁੰਦੇ ਹਨ। ਇਨ੍ਹਾਂ ਘਟਨਾਵਾਂ ਦਾ ਹੀ ਨਤੀਜਾ ਸੀ ਕਿ ਪਿਛਲੇ ਇੱਕ ਸਾਲ ਵਿੱਚ ਪੂਰੇ ਪੰਜਾਬ ਵਿੱਚ ਦੋ ਵਾਰ ਦਿਨ-ਰਾਤ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨੀਆਂ ਪਈਆਂ। ਇਨ੍ਹਾਂ ਸਾਧਨਾਂ ਰਾਹੀਂ ਕਿਸੇ ਬੱਚੇ ਦੇ ਗੁਆਚੇ ਹੋਣ ਜਾਂ ਸਰਟੀਫਿਕੇਟ ਗੁਆਚਣ ਨੂੰ ਬਿਨਾਂ ਕਿਸੇ ਜਾਂਚ ਪੜਤਾਲ ਦੇ ਜੰਗੀ ਪੱਧਰ ’ਤੇ ਅਗਾਂਹ ਤੋਂ ਅਗਾਂਹ ਭੇਜਿਆ ਜਾਂਦਾ ਹੈ ਤੇ ਅਕਸਰ ਨਾਲ ਦਿੱਤੇ ਮੋਬਾਈਲ ਨੰਬਰ ਗ਼ਲਤ ਹੀ ਹੁੰਦੇ ਹਨ। ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਇਨ੍ਹਾਂ ਸਾਧਨਾਂ ਰਾਹੀਂ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਰਹਿੰਦੀ-ਖੁੰਹਦੀ ਕਸਰ ਸੈਲਫੀ ਬੁਖ਼ਾਰ ਨੇ ਪੂਰੀ ਕਰ ਦਿੱਤੀ ਹੈ ਜੋ ਕਿ ਖਾਣ-ਪੀਣ, ਨਹਾਉਣ, ਸੌਣ ਤੋਂ ਲੈ ਕੇ ਉਨ੍ਹਾਂ ਸਥਿਤੀਆਂ ਦਾ ਜ਼ਿਕਰ ਕਰਨ ਤਕ ਦੀ ਹੁੰਦੀ ਹੈ ਜੋ ਸੱਭਿਅਕ ਮਨੁੱਖ ਨੂੰ ਸ਼ੋਭਦੀ ਨਹੀਂ। ਹੱਦ ਤਾਂ ਓਦੋਂ ਹੋ ਗਈ ਜਦੋਂ ਖ਼ੁਦਕੁਸ਼ੀ ਕਰਨ ਤਕ ਦੀ ਘਟਨਾ ਦਾ ਵੀ ਸਿੱਧਾ ਪ੍ਰਸਾਰਨ ਕੀਤਾ ਗਿਆ। ਪਰਿਵਾਰਕ ਰਿਸ਼ਤਿਆਂ ਵਿੱਚ ਥੋੜ੍ਹਾ ਬਹੁਤ ਗੁੱਸਾ ਤੇ ਨਾਰਾਜ਼ਗੀ ਮਨੁੱਖੀ ਭਾਵਨਾਵਾਂ ਦਾ ਹੀ ਇੱਕ ਰੂਪ ਹੁੰਦੀ ਹੈ, ਪਰ ਹੁਣ ਜਦੋਂ ਪਤੀ ਪਤਨੀ ਜਾਂ ਨੂੰਹ ਸੱਸ ਵਿਚਲੀ ਨਾਰਾਜ਼ਗੀ ਨੂੰ ਵੀ ਇਨ੍ਹਾਂ ਸਾਧਨਾਂ ਰਾਹੀਂ ਜਨਤਕ ਕੀਤਾ ਜਾਂਦਾ ਹੈ ਤਾਂ ਸੁਨੇਹੇ ਦੇ ਰੂਪ ਵਿੱਚ ਭੇਜਿਆ ਗਿਆ ਬੰਬ ਅਗਲੇ ਦੀ ਹਿੱਕ ਵਿੱਚ ਠਾਹ ਕਰਕੇ ਵੱਜਦਾ ਹੈ ਤੇ ਸਿੱਟਾ ਬਹੁਤ ਗੰਭੀਰ ਨਿਕਲਦਾ ਹੈ। ਸੋਸ਼ਲ ਮੀਡੀਆ ਕ੍ਰਾਂਤੀ ਆਉਣ ਵਾਲੇ ਸਮੇਂ ਵਿੱਚ ਕੀ ਤਬਾਹੀਆਂ ਕਰੇਗੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ।

ਅੰਮ੍ਰਿਤਪਾਲ ਸਿੰਘ ਖੋਖਰ