Home » ARTICLES » ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਂ ਦੀਆਂ ਚਾਰ ਲੜਾਈਆਂ
ga

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਂ ਦੀਆਂ ਚਾਰ ਲੜਾਈਆਂ

ਜਹਾਂਗੀਰ 28 ਅਕਤੂਬਰ 1627 ਨੂੰ ਮਰ ਗਿਆ ਤੇ ਸ਼ਾਹਜਹਾਂ ਦਿੱਲੀ ਦੇ ਤਖਤ ‘ਤੇ ਬੈਠਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਉਸ ਨੇ ਟਕਰਾਓ ਵਾਲੀ ਨੀਤੀ ਧਾਰਨ ਕਰ ਲਈ। ਸ਼ਾਹਜਹਾਂ ਨੇ ਗੁਰੂ ਸਾਹਿਬਾਨ ਨਾਲ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿਚ ਹੀ ਸ਼ਾਹਜਹਾਂ ਦੀ ਹਾਰ ਹੋਈ। ਇਕ ਦਿਨ ਗੁਰੂ ਜੀ ਅਟਾਰੀ ਵੱਲ ਸ਼ਿਕਾਰ ਖੇਡਣ ਗਏ। ਓਧਰੋਂ ਸ਼ਾਹਜਹਾਂ ਦੇ ਸ਼ਿਕਾਰੀ ਵੀ ਸ਼ਿਕਾਰ ਖੇਡਣ ਆਏ ਹੋਏ ਸਨ। ਸ਼ਾਹਜਹਾਂ ਦੇ ਸ਼ਿਕਾਰੀਆਂ ਨੇ ਕਿਸੇ ਜਾਨਵਰ ਪਿੱਛੇ ਬਾਦਸ਼ਾਹ ਦਾ ਬਾਜ ਛੱਡਿਆ, ਜੋ ਭੁੱਲ ਕੇ ਗੁਰੂ ਜੀ ਦੇ ਸਿੱਖਾਂ ਵਲੋਂ ਛੱਡੇ ਬਾਜ ਕੋਲ ਆ ਗਿਆ। ਬਾਦਸ਼ਾਹ ਦੇ ਸ਼ਿਕਾਰੀਆਂ ਵਲੋਂ ਬਾਜ ਮੰਗਣ ‘ਤੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਇਸ ‘ਤੇ ਬਾਦਸ਼ਾਹ ਨੇ ਮੁਖਲਿਸ ਖਾਂ ਸੈਨਾਪਤੀ ਨੂੰ ਸੱਤ ਹਜ਼ਾਰ ਸਿਪਾਹੀ ਦੇ ਕੇ ਗੁਰੂ ਜੀ ਤੋਂ ਬਾਜ਼ ਲੈਣ ਲਈ ਭੇਜਿਆ। 23 ਜੇਠ ਸੰਮਤ 1685 ਨੂੰ ਮੁਖਲਿਸ ਖਾਂ ਨੇ ਸ੍ਰੀ ਅੰਮ੍ਰਿਤਸਰ ‘ਤੇ ਚੜ੍ਹਾਈ ਕੀਤੀ। ਤਿੰਨ ਦਿਨ ਲਗਾਤਾਰ ਘਮਾਸਾਨ ਦਾ ਯੁੱਧ ਜਾਰੀ ਰਿਹਾ। ਮੁਖਲਿਸ ਖਾਂ ਮਾਰਿਆ ਗਿਆ ਤੇ ਸ਼ਾਹੀ ਫੌਜਾਂ ਲਾਹੌਰ ਨੂੰ ਭੱਜ ਗਈਆਂ। ਜਿਥੇ ਯੁੱਧ ਹੋਇਆ, ਉਥੇ ਗੁਰਦੁਆਰਾ ਸੰਗਰਾਣਾ ਸਾਹਿਬ ਮੌਜੂਦ ਹੈ। ਦੂਜਾ ਯੁੱਧ ਸ੍ਰੀ ਹਰਿਗੋਬਿੰਦਪੁਰਾ ਵਿਖੇ ਹੋਇਆ ਜਦ ਗੁਰੂ ਜੀ ਬਰਸਾਤ ਕੱਟਣ ਵਾਸਤੇ ਇਥੇ ਆਏ। ਇਲਾਕੇ ਦੇ ਚੌਧਰੀ ਭਗਵਾਨ ਦਾਸ ਘੇਰੜ ਨੂੰ ਗੁਰੂ ਜੀ ਦਾ ਆਉਣਾ ਚੰਗਾ ਨਾ ਲੱਗਿਆ ਅਤੇ ਉਹ ਝਗੜਾ ਕਰਨ ਲੱਗ ਪਿਆ। ਝਗੜਾ ਵਧਦਾ-ਵਧਦਾ ਲੜਾਈ ਦਾ ਰੂਪ ਧਾਰਨ ਕਰ ਗਿਆ। ਭਗਵਾਨਦਾਸ ਸਿੱਖਾਂ ਹੱਥੋਂ ਮਾਰਿਆ ਗਿਆ। ਘੇਰੜ ਦਾ ਪੁੱਤਰ ਰਤਨਚੰਦ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਚੰਦੂ ਦੇ ਪੁੱਤਰ ਕਰਮਚੰਦ ਨੂੰ ਨਾਲ ਲੈ ਕੇ ਸੂਬਾ ਜਲੰਧਰ ਅਬਦੁਲਾ ਖਾਂ ਕੋਲ ਗਿਆ ਤੇ ਜਾ ਕੇ ਫਰਿਆਦ ਕੀਤੀ। ਅਬਦੁੱਲਾ ਖਾਂ ਨੇ ਇਨ੍ਹਾਂ ਦੀ ਸਹਾਇਤਾ ਵਾਸਤੇ 10 ਹਜ਼ਾਰ ਸਿਪਾਹੀ ਲੈ ਕੇ ਗੁਰੂ ਜੀ ‘ਤੇ ਚੜ੍ਹਾਈ ਕਰ ਦਿੱਤੀ। ਇਹ ਘਟਨਾ 1687 ਸੰਮਤ (ਈਸਵੀ ਸੰਨ 1630 ਦੀ) ਹੈ। ਇਸ ਲੜਾਈ ਵਿਚ ਰਤਨ ਚੰਦ ਘੇਰੜ, ਕਰਮਚੰਦ ਤੇ ਅਬਦੁੱਲਾ ਖਾਂ ਸੂਬਾ ਜਲੰਧਰ ਸਭ ਮਾਰੇ ਗਏ।
ਤੀਜਾ ਯੁੱਧ ਸੰਮਤ 1688 ਵਿਚ ਹੋਇਆ। ਕਾਬਲ ਤੋਂ ਆਏ ਸਿੱਖਾਂ ਦੇ ਘੋੜੇ ਮੁਗਲ ਫੌਜਾਂ ਨੇ ਖੋਹ ਲਏ। ਭਾਈ ਬਿਧੀ ਚੰਦ ਨੇ ਇਹ ਦੋਵੇਂ ਘੋੜੇ ਸ਼ਾਹਜਹਾਂ ਦੇ ਅਸਤਬਲ ‘ਚੋਂ ਲੈ ਆਂਦੇ ਅਤੇ ਗੁਰੂ ਜੀ ਨੂੰ ਭੇਟ ਕੀਤੇ। ਇਸ ‘ਤੇ ਸ਼ਾਹਜਹਾਂ ਨੇ ਲੱਲਾ ਬੇਗ ਜਰਨੈਲ ਨੂੰ 50 ਹਜ਼ਾਰ ਫੌਜ ਦੇ ਸਿਪਾਹੀ ਦੇ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਿਆਉਣ ਲਈ ਭੇਜ ਦਿੱਤਾ। ਉਸ ਦਾ ਖਿਆਲ ਸੀ ਕਿ ਗੁਰੂ ਜੀ ਕੋਲ ਸਾਡੇ ਜਿੰਨੀ ਫੌਜ ਨਹੀਂ, ਇਸ ਲਈ ਅਸੀਂ ਗੁਰੂ ਜੀ ਨੂੰ ਜਾਂਦੇ ਹੀ ਗ੍ਰਿਫਤਾਰ ਕਰ ਲਵਾਂਗੇ। ਲੱਲਾ ਬੇਗ ਨੇ ਪੁੱਜਦੇ ਹੀ ਭੁਖੀ ਭਾਣ ਤੇ ਸਰਦੀ ਦੀ ਭੰਨੀ ਹੋਈ ਫੌਜ ਨੂੰ ਹਮਲੇ ਦਾ ਹੁਕਮ ਦੇ ਦਿੱਤਾ। ਪਹਿਲੇ ਹੱਲੇ ਵਿਚ ਹੀ ਲੱਲਾ ਬੇਗ ਦੀ ਫੌਜ ਦੇ 20-21 ਹਜ਼ਾਰ ਜਵਾਨ ਮਾਰੇ ਗਏ। ਲਗਾਤਾਰ 18 ਘੰਟੇ ਯੁੱਧ ਹੁੰਦਾ ਰਿਹਾ, ਜਿਸ ਵਿਚ ਲੱਲਾ ਬੇਗ, ਉਸ ਦੇ ਦੋ ਸੈਨਾਪਤੀ ਪੁੱਤਰ ਅਤੇ ਹੋਰ ਕਈ ਜਰਨੈਲ ਮਾਰੇ ਗਏ। 1200 ਦੇ ਕਰੀਬ ਸਿੰਘ ਵੀ ਸ਼ਹੀਦ ਹੋਏ।ਚੌਥੀ ਜੰਗ ਗੁਰੂ ਜੀ ਅਤੇ ਸ਼ਾਹੀ ਫੌਜਾਂ ਦੀ ਕਰਤਾਰਪੁਰ ਜ਼ਿਲਾ ਜਲੰਧਰ ਵਿਖੇ ਹੋਈ। ਮਹਿਰਾਜ ਦੀ ਜੰਗ ਫਤਿਹ ਕਰ ਕੇ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਆ ਗਏ। 1699 ਸੰਮਤ ਅੱਸੂ ਦੀ 15 ਤਰੀਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਨਾਲ ਕੀਤਾ। ਕਰਤਾਰਪੁਰ ਦੀ ਜੰਗ 1691 ਸੰਮਤ ਬਿਕਰਮੀ ਵਿਚ ਹੋਈ। ਗੁਰੂ ਜੀ ਕੋਲ ਉਸ ਸਮੇਂ 1800 ਯੋਧੇ ਸਨ। ਦੂਜੇ ਪਾਸੇ 52 ਹਜ਼ਾਰ ਦੀ ਯਲਗਾਰ ਸੀ। 24 ਹਾੜ੍ਹ 1691 ਸੰਮਤ ਅੱਧੀ ਰਾਤ ਨੂੰ ਯੁੱਧ ਆਰੰਭ ਹੋਇਆ, ਜੋ 25 ਹਾੜ੍ਹ ਦੀ ਸ਼ਾਮ ਨੂੰ ਸਮਾਪਤ ਹੋਇਆ। ਇਸ ਯੁੱਧ ਵਿਚ ਪੈਂਦੇ ਖਾਂ, ਅਸਮਾਨ ਖਾਂ, ਕਾਲੇ ਖਾਂ, ਪੈਂਦੇ ਖਾਂ ਦਾ ਜਵਾਈ ਅਤੇ ਬਹੁਤ ਸਾਰੀ ਸੈਨਾ ਵੀ ਮਾਰੀ ਗਈ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰੁੱਧ ਸ਼ਾਹਜਹਾਂ ਨੇ ਚਾਰ ਜੰਗਾਂ ਲੜੀਆਂ ਪਰ ਚਾਰਾਂ ਵਿਚ ਹੀ ਹਾਰ ਖਾਧੀ ਤੇ ਗੁਰੂ ਸਾਹਿਬ ਦੀ ਸਿੱਖ ਫੌਜਾਂ ਦੀ ਜਿੱਤ ਹੁੰਦੀ ਰਹੀ।

—ਬੇਅੰਤ ਸਿੰਘ ਸਰਹੱਦੀ

About Jatin Kamboj