COMMUNITY

ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਫੁੱਲਾਂ ਦੀ ਅਲੌਕਿਕ ਸਜਾਵਟ

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਵਸਾਉਣ ਵਾਲੇ ਸਿੱਖ ਪੰਥ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੇ ਚੌਗਿਰਦੇ ਨੂੰ ਇਕ ਲੱਖ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਕਲੱਕਤਾ ਤੋਂ ਆਏ ਵਿਸ਼ੇਸ਼ ਕਾਰੀਗਾਰ ਸਜਾਵਟ ਦੇ ਕੰਮ ‘ਚ ਲੱਗੇ ਹੋਏ ਹਨ। ਫੁੱਲਾਂ ਦੇ ਕਾਰਨ ਸ੍ਰੀ ਦਰਬਾਰ ਸਾਹਿਬ ਦਾ ਕੋਨਾ-ਕੋਨਾ ਮਹਿਕ ਰਿਹਾ ਹੈ ਤੇ ਮਨਮੋਹਕ ਨਜ਼ਾਰਾ ਸੰਗਤਾਂ ਦਾ ਮਨ ਮੋਹ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਫੁੱਲ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਤੋਂ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਭਾਰਤ ਦੇ ਬੈਂਗਲੁਰੂ, ਊਟੀ ਤੇ ਹੋਰ ਸਥਾਨਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ। ਫੁੱਲਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਕਣ-ਕਣ ਮਹਿਕ ਰਿਹਾ ਹੈ। ਸਤਨਾਮ ਵਾਹਿਗੁਰੂ ਦਾ ਜਾਪ ਕਰਮਦੀਆਂ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵਰਾਂਡੇ ਨੂੰ ਸਜਾ ਰਹੀਆਂ ਹਨ, ਜਿਸ ਨੂੰ ਦੇਖ ਕੇ ਮਨ ਨੂੰ ਸਕੂਨ ਮਿਲ ਰਿਹਾ ਹੈ। ਪਵਿੱਤਰ ਦਰਸ਼ਨੀ ਡਿਊਟੀ ਤੋਂ ਮੁੱਖ ਭਵਨ ਤੱਕ ਫੁੱਲਾਂ ਦੀਆਂ ਲੜੀਆਂ ਨਾਲ ਸਜਾਵਟ ਕੀਤੀ ਗਈ ਹੈ। ਸਿਰਫ ਇੰਨਾਂ ਹੀ ਨਹੀਂ ਫੁੱਲਾਂ ਨਾਲ ਬਣੇ ਇਹ ਮੋਰ ਦੇਖ ਕੇ ਮਨ ਪੈਲਾਂ ਪਾਉਣ ਲੱਗ ਜਾਂਦਾ ਹੈ। ਇਸ ਮੌਕੇ ਐੱਸ ਜੀ. ਪੀ. ਸੀ. ਵਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਵੀ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਨਿਕਲਿਆ।