ARTICLES JATINDER PANNU

ਸੰਵੇਦਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਸਾਡਾ ਸਮਾਜ

jatinder-pannu

-ਜਤਿੰਦਰ ਪਨੂੰ

ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਹੁਣ ਇਹੋ ਜਿਹੇ ਸ਼ੀਸ਼ੇ ਬਣਾਏ ਜਾਣ ਲੱਗ ਪਏ ਹਨ, ਜਿਹੜੇ ਸਾਰੀ ਤਸਵੀਰ ਬਦਲ ਕੇ ਮੋਟੇ ਬੰਦੇ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਪੇਸ਼ ਕਰਨ ਵਿਚ ਏਨੀ ਕਮਾਲ ਕਰ ਜਾਂਦੇ ਹਨ ਕਿ ਬੰਦੇ ਲਈ ਹਕੀਕਤ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਸ਼ੀਸ਼ੇ ਵਾਂਗ ਇਸ ਤਰ੍ਹਾਂ ਦੀ ਕਰਾਮਾਤ ਹੁਣ ਕੈਮਰਾ ਵੀ ਕਰਨ ਲੱਗ ਪਿਆ ਹੈ, ਤੇ ਉਸ ਤੋਂ ਵੀ ਬਹੁਤ ਵੱਧ। ਦਿੱਲੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੇ ਕੇਸ ਵਿਚ ਜਿਸ ਤਰ੍ਹਾਂ ਇੱਕ ਸੀ ਡੀ ਬਣਾ ਕੇ ਕੁਝ ਗਿਣਵੇਂ ਟੀ ਵੀ ਚੈਨਲਾਂ ਤੋਂ ਪ੍ਰਸਾਰਤ ਕੀਤੀ ਗਈ।
ਤੇ ਫਿਰ ਇਹ ਪਤਾ ਲੱਗ ਗਿਆ ਕਿ ਦੋ ਵੱਖ-ਵੱਖ ਸੀਡੀਆਂ ਨੂੰ ਇਕ ਦੂਸਰੀ ਵਿਚ ਮਿਲਾ ਕੇ ਬਣਾਈ ਗਈ ਸੀ। ਅਜਿਹਾ ਕੁਝ ਕਈ ਵਾਰ ਹੁੰਦਾ ਹੈ। ਕਿਉਂਕਿ ਏਦਾਂ ਦੀਆਂ ਚੀਜ਼ਾਂ ਬਣ ਗਈਆਂ ਹਨ, ਜੋ ਨਿਰੇ ਝੂਠ ਦਾ ਗੁਤਾਵਾ ਕਰਦੀਆਂ ਹਨ, ਇਸ ਲਈ ਏਦਾਂ ਦੀਆਂ ਕਾਢਾਂ ਨੂੰ ਵਰਤਣ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਬੰਦੇ ਵੀ ਹੁਣ ‘ਠੱਗ’ ਦੀ ਬਜਾਏ ‘ਤਕਨੀਕੀ ਮਾਹਰ’ ਮੰਨੇ ਜਾਣ ਲੱਗ ਪਏ ਹਨ। ਨਤੀਜੇ ਵਜੋਂ ਜੋ ਕੁਝ ਸਾਡੇ ਸਾਹਮਣੇ ਹੁੰਦਾ ਹੈ, ਅਸੀਂ ਉਸ ਦਾ ਅਸਰ ਕਬੂਲਦੇ ਹਾਂ, ਪਰ ਜਦੋਂ ਇਹ ਪਤਾ ਲੱਗ ਜਾਵੇ ਕਿ ਇਹ ਸਾਰਾ ਕੁਝ ਝੂਠ ਸੀ, ਉਸ ਦੇ ਬਾਅਦ ਵੀ ਠੱਗਾਂ ਬਾਰੇ ਸੋਚਣ ਦਾ ਮੌਕਾ ਨਹੀਂ ਮਿਲਦਾ ਕਿ ਓਨੀ ਦੇਰ ਤੱਕ ਕੋਈ ਨਵਾਂ ਝੂਠ ਸਾਡੇ ਲੋਕਾਂ ਦੀ ਮੱਤ ਮਾਰਨ ਲਈ ਪੇਸ਼ ਹੋ ਜਾਂਦਾ ਹੈ। ਗੱਲ ਹੁਣ ਅਗਲਾ ਪੜਾਅ ਵੀ ਪਾਰ ਕਰ ਕੇ ਏਥੇ ਪਹੁੰਚ ਗਈ ਹੈ ਕਿ ਲੋਕਾਂ ਨੂੰ ਕਿਸੇ ਦੇ ਮਰੇ-ਜੰਮੇ ਦੀ ਪ੍ਰਵਾਹ ਹੀ ਨਹੀਂ ਜਾਪਦੀ ਤੇ ਉਹ ਸੰਵੇਦਨਾ ਦੀ ਘਾਟ ਕਾਰਨ ਵਿਗੜੇ ਹੋਏ ਮਾਨਸਿਕ ਵਹਿਣ ਵਿਚ ਵਗਦੇ ਦਿਖਾਈ ਦੇਣ ਲੱਗ ਪਏ ਹਨ।ਇਸ ਵਰਤਾਰੇ ਦੀ ਗੱਲ ਕਰਨ ਲਈ ਸਾਨੂੰ ਕਈ ਸਾਲ ਪੁਰਾਣੀ ਇੱਕ ਘਟਨਾ ਦਾ ਜ਼ਿਕਰ ਕਰਨਾ ਪੈਣਾ ਹੈ, ਜਿਸ ਦਾ ਸਬੰਧ ਧਰਮ ਦੇ ਖੇਤਰ ਵਿਚ ਫਿਰਦੇ ਠੱਗਾਂ ਨਾਲ ਹੈ। ਸਿੱਖੀ ਦਾ ਪ੍ਰਚਾਰ ਕਰਨ ਵਾਲਾ ਇੱਕ ਸੰਤ ਕਈ ਸਾਲ ਪਹਿਲਾਂ ਕੈਨੇਡਾ ਵਿਚ ਕੈਂਸਰ ਦੇ ਰੋਗ ਤੋਂ ਪੀੜਤ ਇੱਕ ਬੀਬੀ ਦਾ ਕਰਾਮਾਤੀ ਇਲਾਜ ਕਰਨ ਦੇ ਬਹਾਨੇ ਉਸ ਪਰਿਵਾਰ ਦੀ ਸਾਰੀ ਜਾਇਦਾਦ ਉਸ ਤੋਂ ਆਪਣੇ ਨਾਂ ਲਿਖਾਉਣ ਵਿਚ ਕਾਮਯਾਬ ਹੋ ਗਿਆ। ਬੀਬੀ ਦਾ ਪਤੀ ਗੁਜ਼ਰ ਚੁੱਕਾ ਸੀ, ਬੱਚੇ ਹਾਲੇ ਨਾਬਾਲਗ ਸਨ। ਜਦੋਂ ਉਹ ਵੱਡੇ ਹੋਏ ਤਾਂ ਕੇਸ ਕਰ ਕੇ ਸੰਤ ਕਟਹਿਰੇ ਵਿਚ ਖੜਾ ਕਰ ਦਿੱਤਾ। ਜਾਇਦਾਦ ਵੀ ਮੋੜਨੀ ਪਈ, ਬਦਨਾਮੀ ਵੀ ਬਹੁਤ ਹੋ ਗਈ, ਉਸ ਸੰਤ ਉਤੇ ਉਸ ਦੇਸ਼ ਵਿਚ ਜਾਣ ਦੀ ਪਾਬੰਦੀ ਲੱਗ ਗਈ, ਪਰ ਖਾਸ ਫਰਕ ਨਹੀਂ ਸੀ ਪਿਆ, ਕਿਉਂਕਿ ਉਸ ਦੇ ਖਿਲਾਫ ਏਦਾਂ ਦੀਆਂ ਪਾਬੰਦੀਆਂ ਛੇ ਦੇਸ਼ਾਂ ਨੇ ਲਾ ਰੱਖੀਆਂ ਸਨ। ਉਹ ਇਨ੍ਹਾਂ ਦੇਸ਼ਾਂ ਵੱਲ ਜਾਣ ਦੀ ਥਾਂ ਹੋਰ ਦੇਸ਼ਾਂ ਦੇ ਲੋਕਾਂ ਦਾ ‘ਪਾਰ-ਉਤਾਰਾ’ ਕਰਨ ਲੱਗ ਪਿਆ ਸੀ। ਜਿੱਥੇ ਉਸ ਨੇ ਜਾਣਾ ਹੁੰਦਾ, ਓਥੇ ਵੱਡੀ ਇਸ਼ਤਿਹਾਰਬਾਜ਼ੀ ਪਹਿਲਾਂ ਕਰਵਾ ਦਿੱਤੀ ਜਾਂਦੀ ਤੇ ਕੁਝ ਬੀਬੀਆਂ ਉਸ ਦੇ ਪ੍ਰਚਾਰ ਲਈ ਉਚੇਚੀਆਂ ਐਡਵਾਂਸ ਪਾਰਟੀ ਵਜੋਂ ਭੇਜ ਦਿੱਤੀਆਂ ਜਾਂਦੀਆਂ। ਬਾਬੇ ਦੀ ਠੱਗੀ ਦਾ ਕਾਰੋਬਾਰ ਅਜੇ ਤੱਕ ਵੀ ਜਾਰੀ ਹੈ।
ਦੂਸਰਾ ਮਾਮਲਾ ਭਾਰਤੀ ਧਰਮ ਖੇਤਰ ਦੇ ਸਭ ਤੋਂ ਚਰਚਿਤ ਸਾਧੂ ਰਾਮਦੇਵ ਦਾ ਹੈ। ਕਈ ਤਰ੍ਹਾਂ ਦੇ ਦੋਸ਼ ਉਸ ਦੇ ਖਿਲਾਫ ਲੱਗਦੇ ਰਹੇ ਹਨ, ਤੇ ਅੱਜ ਵੀ ਲੱਗਦੇ ਹਨ, ਪਰ ਇਨ੍ਹਾਂ ਦੋਸ਼ਾਂ ਉਤੇ ਉਸ ਦੇ ਪ੍ਰਚਾਰ ਦਾ ਪਰਦਾ ਏਡਾ ਕੁ ਮੋਟਾ ਪਾ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਕੋਈ ਗੱਲ ਯਾਦ ਨਹੀਂ ਰਹਿੰਦੀ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਾਮਦੇਵ ਨੇ ਆਪਣੇ ਇੱਕ ਚਹੇਤੇ ਨੂੰ ਰਾਜਸਥਾਨ ਦੀ ਇੱਕ ਸੀਟ ਲਈ ਭਾਜਪਾ ਟਿਕਟ ਦਿਵਾ ਦਿੱਤੀ। ਜਦੋਂ ਉਸ ਦੀ ਰੈਲੀ ਵਿਚ ਬੋਲਣ ਗਿਆ ਤਾਂ ਸਟੇਜ ਉਤੇ ਉਸ ਨੂੰ ਕਮਾਈ ਬਾਰੇ ਪੁੱਛਣ ਲੱਗ ਪਿਆ। ਦੋਵਾਂ ਦੀ ਸਾਰੀ ਗੱਲਬਾਤ ਅਗਲੇ ਦਿਨ ਟੀ ਵੀ ਚੈਨਲਾਂ ਨੇ ਸੁਣਾ ਦਿੱਤੀ, ਪਰ ਮਸਾਂ ਦੋ ਦਿਨ ਉਹ ਗੱਲ ਲੋਕਾਂ ਨੇ ਸੁਣੀ, ਤੀਸਰੇ ਦਿਨ ਤੱਕ ਮੀਡੀਏ ਵਿਚ ਉਸ ਗੱਲਬਾਤ ਦਾ ਜ਼ਿਕਰ ਨਹੀਂ ਸੀ ਲੱਭਦਾ, ਕਿਉਂਕਿ ਰਾਮਦੇਵ ਨੇ ਦਵਾਈਆਂ ਦੀ ਐਡ ਕਾਫੀ ਵਧਾ ਦਿੱਤੀ ਸੀ। ਫਿਰ ਪੱਛਮੀ ਬੰਗਾਲ ਦੇ ਇੱਕ ਭਾਜਪਾ ਐਮ ਪੀ ਨੇ ਕਿਸੇ ਥਾਂ ਦੱਸ ਦਿੱਤਾ ਕਿ ਮੇਰੇ ਨਾਲ ਦੀ ਸੀਟ ਉਤੇ ਜਹਾਜ਼ ਵਿਚ ਬੈਠਾ ਰਾਮਦੇਵ ਕਿਸੇ ਨਾਲ ਟਿਕਟ ਦਾ ਸੌਦਾ ਮਾਰਦਾ ਸੁਣ ਕੇ ਮੈਂ ਕਿਹਾ ਸੀ ਕਿ ਮੈਨੂੰ ਵੀ ਟਿਕਟ ਦਿਵਾ ਦੇਹ, ਵਰਨਾ ਜਹਾਜ਼ ਤੋਂ ਉਤਰਦੇ ਸਾਰ ਇਹ ਗੱਲ ਸਭ ਨੂੰ ਦੱਸ ਦਿਆਂਗਾ, ਤੇ ਨਤੀਜੇ ਵਜੋਂ ਭਾਜਪਾ ਟਿਕਟ ਮਿਲ ਗਈ ਸੀ। ਉਸ ਐਮ ਪੀ ਦੀ ਕਹੀ ਗੱਲ ਮਾੜੀ-ਮੋਟੀ ਮੀਡੀਏ ਵਿਚ ਆਈ ਤੇ ਫਿਰ ਅਣਗੌਲੀ ਹੋਣ ਨਾਲ ਉਹ ਕੇਂਦਰ ਸਰਕਾਰ ਵਿਚ ਮੰਤਰੀ ਵੀ ਬਣ ਗਿਆ। ਮਾਮਲਾ ਫਿਰ ਮਾਇਆ ਦੇ ਪ੍ਰਤਾਪ ਨਾਲ ਚੰਗੀ ਤਰ੍ਹਾਂ ਢਕ ਦਿੱਤਾ ਗਿਆ ਸੀ।
ਝੂਠ ਬੋਲਣਾ ਸਿੱਖ ਚੁੱਕੇ ਜਾਂ ਸਿੱਖਾ ਦਿੱਤੇ ਗਏ ਅੱਜ ਦੇ ਯੁੱਗ ਵਾਲੇ ਸ਼ੀਸ਼ੇ ਅਤੇ ਕੈਮਰੇ ਵਾਂਗ ਅਜੋਕਾ ਮੀਡੀਆ ਵੀ ਪੰਜਾਬੀ ਦੇ ਮੁਹਾਵਰੇ ‘ਜਿਸ ਦਾ ਅੰਨ-ਪਾਣੀ, ਉਸ ਦਾ ਕੰਮ ਜਾਣੀ’ ਵਾਲੀ ਸੋਚ ਤੋਂ ਸੇਧਤ ਹੋ ਚੁੱਕਾ ਹੈ। ਇਸ ਦਾ ਸੌਦਾ ਵੱਜ ਜਾਵੇ ਤਾਂ ਕਿਸੇ ਦੀ ਗੁੱਡੀ ਅਸਮਾਨੇ ਚਾੜ੍ਹ ਸਕਦਾ ਹੈ ਤੇ ਜਦੋਂ ਸੌਦੇ ਵਿਚ ਕੁਝ ਅੜਿੱਕਾ ਪੈ ਜਾਵੇ ਤਾਂ ਅਰਸ਼ ਤੋਂ ਫਰਸ਼ ਤੱਕ ਸੁੱਟਣ ਤੁਰ ਪੈਂਦਾ ਹੈ। ਬੰਦਾ ਕੋਈ ਚੰਗਾ ਹੋਵੇ ਜਾਂ ਮਾੜਾ, ਇਸ ਦਾ ਕੋਈ ਫਰਕ ਸਮਝਣ ਦੀ ਮੀਡੀਏ ਨੂੰ ਲੋੜ ਨਹੀਂ। ਅਗਲਾ ਬੰਦਾ ਚਰਚਿਤ ਹੋਣਾ ਚਾਹੀਦਾ ਹੈ, ਜਿਸ ਬਾਰੇ ਲੋਕ ਇਹੋ ਸੋਚ ਕੇ ਸੁਣਨ ਲੱਗ ਜਾਣ ਕਿ ਜਦੋਂ ਵੀ ਬੋਲਦਾ ਹੈ, ਕੋਈ ਨਵੇਂ ਤੋਂ ਨਵਾਂ ਸ਼ੋਸ਼ਾ ਛੱਡਦਾ ਹੁੰਦਾ ਹੈ। ਮੀਡੀਏ ਨੇ ਲੋਕਾਂ ਦਾ ਜ਼ਾਇਕਾ ਹੀ ਵਿਗਾੜ ਦਿੱਤਾ ਹੈ।
ਇੱਕ ਗੱਲ ਇੱਕ ਵਾਰੀ ਮਨਮੋਹਨ ਸਿੰਘ ਸਰਕਾਰ ਦੇ ਵਾਤਾਵਰਣ ਬਾਰੇ ਮੰਤਰੀ ਜੈਰਾਮ ਰਮੇਸ਼ ਨੇ ਆਖੀ ਸੀ ਕਿ ਭਾਰਤ ਦੇ ਲੋਕਾਂ ਨੂੰ ਧਾਰਮਿਕ ਸਥਾਨ ਬਣਾਉਣ ਤੋਂ ਪਹਿਲਾਂ ਹਰ ਘਰ ਵਿਚ ਇੱਕ ਟਾਇਲੇਟ ਸੀਟ ਲਾਉਣ ਵਾਸਤੇ ਸੋਚਣਾ ਚਾਹੀਦਾ ਹੈ। ਉਸ ਦੇ ਖਿਲਾਫ ਮੀਡੀਏ ਵਿਚ ਤੂਫਾਨ ਖੜਾ ਕਰ ਦਿੱਤਾ ਗਿਆ ਸੀ। ਜਣਾ-ਖਣਾ ਕਹੀ ਜਾਂਦਾ ਸੀ ਕਿ ਇਸ ਬੰਦੇ ਨੇ ਗੰਦ ਸਾਂਭਣ ਵਾਲੀ ਸੀਟ ਨੂੰ ਧਰਮ ਸਥਾਨ ਦੇ ਬਰਾਬਰ ਤੋਲ ਕੇ ਬਹੁਤ ਵੱਡਾ ਪਾਪ ਕਰ ਦਿੱਤਾ ਹੈ। ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤੇ ਕੁਰਸੀ ਸਾਂਭਣ ਦੇ ਤਿੰਨ ਮਹੀਨੇ ਪਿੱਛੋਂ ਉਸ ਨੇ ਵੀ ਸੱਦਾ ਦੇ ਦਿੱਤਾ ਕਿ ‘ਪਹਿਲਾਂ ਸ਼ੌਚਾਲਿਆ ਤੇ ਫਿਰ ਦੇਵਾਲਿਆ’ ਬਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਗੱਲ ਕਹਿਣ ਨਾਲ ਨਰਿੰਦਰ ਮੋਦੀ ਨੇ ‘ਦੇਵਾਲਿਆ’ ਯਾਨੀ ਕਿ ਧਰਮ-ਸਥਾਨ ਤੋਂ ਪਹਿਲਾਂ ਟਾਇਲੇਟ ਸੀਟ ਲਾਉਣ ਦੀ ਉਹੋ ਹੀ ਗੱਲ ਆਖੀ ਸੀ, ਜਿਸ ਦੇ ਕਾਰਨ ਕੁਝ ਸਮਾਂ ਪਹਿਲਾਂ ਕਾਂਗਰਸੀ ਆਗੂ ਜੈਰਾਮ ਰਮੇਸ਼ ਦਾ ਗੁੱਡਾ ਬੱਝਦਾ ਰਿਹਾ ਸੀ। ਜਿਹੜੇ ਸਾਧ ਅਤੇ ਸੰਤਣੀਆਂ ਜੈਰਾਮ ਰਮੇਸ਼ ਦੇ ਖਿਲਾਫ ਤੂਫਾਨ ਮਚਾਈ ਫਿਰਦੇ ਸਨ, ਉਹ ਨਰਿੰਦਰ ਮੋਦੀ ਦੇ ਸ਼ਬਦਾਂ ਉਤੇ ਅਮਲ ਕਰਾਉਣ ਲਈ ‘ਸਵੱਛ ਭਾਰਤ’ ਦਾ ਝੰਡਾ ਚੁੱਕ ਕੇ ਤੁਰ ਪਏ ਤੇ ਸਾਡਾ ਮੀਡੀਆ ਉਨ੍ਹਾਂ ਦਾ ਧੂਤੂ ਬਣ ਕੇ ਨਾਲ ਉਠ ਤੁਰਿਆ।
ਮੀਡੀਏ, ਸ਼ੀਸ਼ੇ ਅਤੇ ਕੈਮਰੇ ਦੇ ਰਾਹੀਂ ਹੁੰਦੀਆਂ ਸ਼ਰਾਰਤਾਂ ਨਾਲ ਸਾਡੇ ਆਮ ਲੋਕਾਂ ਦੀ ਮਾਨਸਿਕਤਾ ਵੀ ਲੀਹੋਂ ਲੱਥਦੀ ਜਾ ਰਹੀ ਹੈ। ਲੋਕ ਆਪਣੀ ਸੰਵੇਦਨਾ ਗੁਆਈ ਜਾਂਦੇ ਹਨ। ਕਈ ਵਾਰ ਉਹ ਕਿਸੇ ਬੜੀ ਵੱਡੀ ਦੁਖਾਂਤਕ ਘਟਨਾ ਵੇਲੇ ਵੀ ਇਸ ਮਾਨਸਿਕ ਵਿਗਾੜ ਦਾ ਵਿਖਾਲਾ ਕਰਨ ਤੋਂ ਨਹੀਂ ਰਹਿੰਦੇ। ਪਿਛਲੇਰੇ ਮਹੀਨੇ ਇੱਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਬੰਗਲੌਰ ਨੇੜੇ ਜਦੋਂ ਸੜਕ ਉਤੇ ਪਿਆ ਹਰ ਕਿਸੇ ਨੂੰ ਮਦਦ ਕਰਨ ਦਾ ਤਰਲਾ ਮਾਰ ਰਿਹਾ ਸੀ, ਉਸ ਦੀ ਮਦਦ ਦੀ ਥਾਂ ਬਹੁਤ ਸਾਰੇ ਲੋਕ ਉਸ ਨਾਲ ਸੈਲਫੀ ਖਿੱਚਣ ਅਤੇ ਫੇਸਬੁੱਕ ਉਤੇ ਅਪਲੋਡ ਕਰਨ ਨੂੰ ਪਹਿਲ ਦੇ ਰਹੇ ਸਨ। ਇਹੋ ਹੁਣ ਕੋਲਕਾਤਾ ਵਿਚ ਹੁੰਦਾ ਵੇਖ ਲਿਆ ਹੈ। ਉਥੇ ਇੱਕ ਫਲਾਈ ਓਵਰ ਡਿੱਗ ਪਿਆ ਤੇ ਕਈ ਲੋਕ ਉਸ ਦੇ ਥੱਲੇ ਆ ਗਏ ਸਨ। ਬਚਾਅ ਕਰਮੀ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਣ ਲੱਗੇ ਹੋਏ ਸਨ ਅਤੇ ਆਮ ਲੋਕਾਂ ਵਿਚੋਂ ਬਹੁਤ ਸਾਰੇ ਲੋਕ ਫਲਾਈ ਓਵਰ ਦੇ ਹੇਠਾਂ ਫਸੇ ਟਰਾਲੇ ਤੇ ਕਾਰ ਵਿਚੋਂ ਕਿਸੇ ਤਰ੍ਹਾਂ ਦੀ ਮਦਦ ਲਈ ਝਾਕਦੇ ਲੋਕਾਂ ਨਾਲ ਸੈਲਫੀ ਖਿੱਚਣ ਦਾ ਕੰਮ ਕਰੀ ਜਾ ਰਹੇ ਸਨ। ਇੱਕ ਪੂਰਾ ਦਿਨ ਇਸ ਖਬਰ ਨਾਲ ਸਬੰਧਤ ਵੇਰਵੇ ਸਾਡਾ ਮੀਡੀਆ ਲੋਕਾਂ ਸਾਹਮਣੇ ਰੱਖਦਾ ਰਿਹਾ ਤੇ ਦੂਸਰਾ ਦਿਨ ਸ਼ੁਰੂ ਹੋਣ ਤੱਕ ਉਸ ਨੇ ਉਸੇ ਕੋਲਕਾਤਾ ਸ਼ਹਿਰ ਵਿਚ ਇਸ ਐਤਵਾਰ ਹੋਣ ਵਾਲੇ ਟੀ-ਟਵੰਟੀ ਕ੍ਰਿਕਟ ਵਰਲਡ ਕੱਪ ਦੇ ਸਬੰਧ ਵਿਚ ਲੋਕਾਂ ਦੀ ਰਾਏ ਪੇਸ਼ ਕਰਨ ਵਾਲਾ ਕੰਮ ਸ਼ੁਰੂ ਕਰ ਦਿੱਤਾ। ਕਿਸੇ ਨੂੰ ਯਾਦ ਹੀ ਨਹੀਂ ਕਿ ਇੱਕ ਦਿਨ ਪਹਿਲਾਂ ਇਸ ਸ਼ਹਿਰ ਵਿਚ ਕਿੰਨੇ ਲੋਕ ਇੱਕ ਪੁਲ ਦੇ ਹੇਠਾਂ ਦੱਬਣ ਕਾਰਨ ਮਾਰੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੀ ਬਣਿਆ ਹੈ? ਜਿਸ ਸ਼ਹਿਰ ਵਿਚ ਮੀਡੀਆ ਇੱਕ ਦਿਨ ਪਹਿਲਾਂ ਵਿਲਕਦੇ ਹੋਏ ਲੋਕ ਵਿਖਾ ਰਿਹਾ ਸੀ, ਉਥੇ ਹੀ ਕ੍ਰਿਕਟ ਦੇ ਖਿਡਾਰੀ ਨੱਚਦੇ ਵਿਖਾਉਣ ਲੱਗ ਪਿਆ।
ਅਸੀਂ ਕਈ ਹੋਰ ਦੇਸ਼ਾਂ ਵਿਚ ਵੀ ਏਦਾਂ ਦੀਆਂ ਬੇਹੂਦਗੀਆਂ ਹੁੰਦੀਆਂ ਸੁਣਦੇ ਹਾਂ। ਇਸ ਹਫਤੇ ਜਦੋਂ ਮਿਸਰ ਦਾ ਜਹਾਜ਼ ਅਗਵਾ ਹੋ ਗਿਆ ਸੀ, ਕੀਤਾ ਇਹ ਕਿਸੇ ਸਿਰ ਫਿਰੇ ਇਸ਼ਕ-ਪੱਟੇ ਨੇ ਸੀ, ਇੰਗਲੈਂਡ ਦਾ ਇੱਕ ਮੁਸਾਫਰ ਉਥੇ ਅਗਵਾਕਾਰ ਨਾਲ ਸੈਲਫੀ ਲੈਣ ਤੋਂ ਨਹੀਂ ਰਹਿ ਸਕਿਆ। ਇੱਕ ਵਾਰ ਦਹਿਸ਼ਤਗਰਦ ਜਦੋਂ ਭਾਰਤ ਦਾ ਜਹਾਜ਼ ਅਗਵਾ ਕਰ ਕੇ ਕੰਧਾਰ ਲੈ ਗਏ, ਉਨ੍ਹਾਂ ਨੇ ਇੱਕ ਸੱਜ ਵਿਆਹਿਆ ਨੌਜਵਾਨ ਮਾਰ ਦਿੱਤਾ ਸੀ, ਪਰ ਇਕ ਮੁਸਾਫਰ ਕੁੜੀ ਦਾ ਜਨਮ-ਦਿਨ ਪਤਾ ਲੱਗਣ ਉਤੇ ਉਸ ਲਈ ਕੇਕ ਤੇ ਤੋਹਫੇ ਵਿਚ ਸ਼ਾਲ ਭੇਟ ਕਰ ਦਿੱਤੀ। ਵਾਪਸੀ ਮੌਕੇ ਜਹਾਜ਼ ਵਿਚੋਂ ਉਸ ਮਾਰੇ ਗਏ ਸੱਜ-ਵਿਆਹੇ ਨੌਜਵਾਨ ਦੀ ਲਾਸ਼ ਵੀ ਨਿਕਲੀ, ਪਰ ਮੀਡੀਆ ਉਸ ਬਰਥ ਡੇਅ ਵਾਲੀ ਕੁੜੀ ਲਈ ਦਹਿਸ਼ਤਗਰਦਾਂ ਵੱਲੋਂ ਦਿੱਤੇ ਗਏ ਸ਼ਾਲ ਦੀਆਂ ਫੋਟੋਆਂ ਖਿੱਚਣ ਰੁੱਝਾ ਰਿਹਾ।
ਇਹ ਸੰਵੇਦਨਹੀਣਤਾ ਹੁਣ ਸਾਡੇ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਣ ਲੱਗੀ ਹੈ। ਕੁਝ ਹਫਤੇ ਪਹਿਲਾਂ ਕਿਸੇ ਦੇ ਘਰ ਇੱਕ ਮੌਤ ਹੋਣ ਉਤੇ ਸਾਨੂੰ ਅਫਸੋਸ ਕਰਨ ਜਾਣਾ ਪਿਆ। ਪਰਿਵਾਰ ਦੇ ਨਾਲ ਕਾਫੀ ਨੇੜਤਾ ਸੀ। ਅਸੀਂ ਮ੍ਰਿਤਕ ਦੀ ਪਤਨੀ ਕੋਲ ਅਫਸੋਸ ਕਰ ਰਹੇ ਸਾਂ ਤੇ ਉਸ ਪਰਿਵਾਰ ਵਾਲੇ ਬਾਕੀ ਲੋਕ ਨਾਲ ਦੇ ਕਮਰੇ ਵਿਚ ਕ੍ਰਿਕਟ ਦਾ ਮੈਚ ਵੇਖ ਰਹੇ ਸਨ। ਬਹੁਤ ਵੱਡਾ ਝਟਕਾ ਸਾਨੂੰ ਉਸ ਵੇਲੇ ਲੱਗਾ, ਜਦੋਂ ਪੰਜਾਹ ਸਾਲਾਂ ਤੋਂ ਵੀ ਛੋਟੀ ਉਮਰ ਵਿਚ ਮਾਰੇ ਗਏ ਉਸ ਵਿਅਕਤੀ ਦੀ ਪਤਨੀ ਨੇ ਕਿਸੇ ਨੂੰ ਇਹ ਕਿਹਾ ਕਿ ਸਕੋਰ ਵੇਖ ਕੇ ਆਵੇ। ਉਸ ਵਿਧਵਾ ਦਾ ਧਿਆਨ ਵੀ ਪਤੀ ਦੀ ਮੌਤ ਦਾ ਅਫਸੋਸ ਕਰਨ ਲਈ ਆਏ ਲੋਕਾਂ ਨਾਲੋਂ ਵੱਧ ਕ੍ਰਿਕਟ ਮੈਚ ਵੱਲ ਸੀ ਤੇ ਉਹ ਆਏ ਲੋਕ ਉਠ ਕੇ ਜਾਣ ਤੱਕ ਦੀ ਉਡੀਕ ਨਹੀਂ ਸੀ ਕਰਨਾ ਚਾਹੁੰਦੀ।
ਜਿਸ ਦੇਸ਼ ਵਿਚ ਆਮ ਲੋਕਾਂ ਦੀ ਸੰਵੇਦਨਸ਼ੀਲਤਾ ਦੀ ਘਾਟ ਇਸ ਹੱਦ ਤੱਕ ਪਹੁੰਚ ਜਾਵੇ, ਉਸ ਦੇਸ਼ ਵਿਚ ਰਾਜ ਕਰਨ ਵਾਲਿਆਂ ਨੂੰ ਲੋਕਾਂ ਦੇ ਮੂਡ ਦੀ ਚਿੰਤਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਹ ਚਿੰਤਾ ਇਸ ਵੇਲੇ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ। ਸੰਵੇਦਨਸ਼ੀਲਤਾ ਤੋਂ ਸੱਖਣਾ ਇਹ ਸਮਾਜ ਆਖਰ ਹੋਰ ਕਿਹੜੀਆਂ ਨਿਵਾਣਾਂ ਤੱਕ ਡਿੱਗੇਗਾ? ਇਸ ਦੇ ਖਿਲਾਫ਼ ਕੋਈ ਜਾਗ੍ਰਿਤੀ ਦੀ ਲਹਿਰ ਕਦੋਂ ਉਠੇਗੀ?