Home » FEATURED NEWS » ਹਵਾਈ ਮੁਸਾਫਰਾਂ ਦੀ ਢਿੱਲੀ ਹੋਵੇਗੀ ਜੇਬ, ਟਿਕਟ ਬੁਕਿੰਗ ਹੋਈ ਮਹਿੰਗੀ
ar

ਹਵਾਈ ਮੁਸਾਫਰਾਂ ਦੀ ਢਿੱਲੀ ਹੋਵੇਗੀ ਜੇਬ, ਟਿਕਟ ਬੁਕਿੰਗ ਹੋਈ ਮਹਿੰਗੀ

ਨਵੀਂ ਦਿੱਲੀ- ਨਵੰਬਰ ਮਹੀਨੇ ਦੇਸ਼ ‘ਚ ਕਿਸੇ ਜਗ੍ਹਾ ਘੁੰਮਣ ਲਈ ਹਵਾਈ ਸਫਰ ਕਰਨ ਦਾ ਪਲਾਨ ਬਣਾ ਰਹੇ ਹੋ, ਤਾਂ ਤੁਹਾਨੂੰ ਹੁਣ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਦੀਵਾਲੀ ਦੀਆਂ ਛੁੱਟੀਆਂ ਲਈ ਬੁੱਕ ਹੋਣ ਵਾਲੀਆਂ ਟਿਕਟਾਂ ਦੇ ਕਿਰਾਏ ਪਿਛਲੇ ਸਾਲ ਦੇ ਮੁਕਾਬਲੇ 7.5 ਫੀਸਦੀ ਵਧ ਗਏ ਹਨ। ਉੱਥੇ ਹੀ ਦੀਵਾਲੀ ਵਾਲੇ ਹਫਤੇ ‘ਚ ਜੇਕਰ ਦਿੱਲੀ ਅਤੇ ਮੁੰਬਈ ਤੋਂ ਗੋਆ ਜਾਣ ਦੀ ਯੋਜਨਾ ਹੈ, ਤਾਂ ਪਿਛਲੇ ਸਾਲ ਦੇ ਮੁਕਾਬਲੇ ਇਹ ਸਫਰ 30 ਫੀਸਦੀ ਮਹਿੰਗਾ ਪਵੇਗਾ। ਉਂਝ ਘਰੇਲੂ ਨੈੱਟਵਰਕ ‘ਤੇ ਕਿਰਾਇਆਂ ‘ਚ ਔਸਤ 7.5 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।
ਵਿਸ਼ਲੇਸ਼ਕਾਂ ਮੁਤਾਬਕ ਛੁੱਟੀਆਂ ਦੌਰਾਨ ਕਿਰਾਏ ਹੋਰ ਵਧ ਸਕਦੇ ਹਨ। ਇੰਡਸਟਰੀ ਦੇ ਜਾਣਕਾਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਬੁਕਿੰਗ ਦੀ ਰਫਤਾਰ ਸਥਿਰ ਹੈ ਪਰ ਦੀਵਾਲੀ ਦੇ ਨੇੜੇ ਵਧਣ ਦੀ ਸੰਭਾਵਨਾ ਹੈ। ਉੱਥੇ ਹੀ ਜਿਨ੍ਹਾਂ ਘਰੇਲੂ ਮਾਰਗਾਂ ‘ਤੇ ਮੰਗ ਵਧੀ ਹੈ ਉਨ੍ਹਾਂ ‘ਚ ਰਾਜਸਥਾਨ, ਗੋਆ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਸਿੱਕਮ ਸ਼ਾਮਲ ਹਨ, ਯਾਨੀ ਇਨ੍ਹਾਂ ਥਾਵਾਂ ਲਈ ਟਿਕਟ ਬੁਕਿੰਗ ਪਿਛਲੇ ਸਾਲ ਦੇ ਮੁਕਾਬਲੇ ਮਹਿੰਗੀ ਹੋਈ ਹੈ। ਜ਼ਿਕਰਯੋਗ ਹੈ ਕਿ ਤਿਉਹਾਰ ਦੇ ਦਿਨਾਂ ਅਤੇ ਛੁੱਟੀਆਂ ਦੇ ਸਮੇਂ ਮੰਗ ਵਧਣ ਨਾਲ ਹਵਾਈ ਕਿਰਾਏ ਵਧ ਜਾਂਦੇ ਹਨ। ਪਿਛਲੇ ਮਹੀਨੇ ਸਪਾਈਸ ਜੈੱਟ ਨੇ ਵੀ ਸੰਕੇਤ ਦਿੱਤੇ ਸਨ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ‘ਚ ਕਿਰਾਏ ਵਧ ਸਕਦੇ ਹਨ। ਤੇਲ ਕੀਮਤਾਂ ਵਧਣ ਅਤੇ ਰੁਪਏ ‘ਚ ਕਮਜ਼ੋਰੀ ਕਾਰਨ ਮੁਨਾਫੇ ‘ਤੇ ਮਾਰ ਝੱਲ ਰਹੀਆਂ ਹਵਾਬਾਜ਼ੀ ਕੰਪਨੀਆਂ ਲਈ ਇਹ ਸੀਜ਼ਨ ਰਾਹਤ ਬਣ ਸਕਦਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਦਿੱਲੀ ‘ਚ ਜੈੱਟ ਫਿਊਲ ਦੀ ਕੀਮਤ 50,020 ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਕਿ ਹੁਣ 69,461 ਰੁਪਏ ਪ੍ਰਤੀ ਕਿਲੋਲੀਟਰ ਹੈ।

About Jatin Kamboj