FEATURED NEWS News

ਹਿਊਸਟਨ ਦੇ ਪੋਸਟ ਆਫਿਸ ਨੂੰ ਦਿੱਤਾ ਜਾਵੇਗਾ ‘ਧਾਲੀਵਾਲ’ ਦਾ ਨਾਮ, ਬਿੱਲ ਪੇਸ਼

ਹਿਊਸਟਨ -ਟੈਕਸਾਸ ਵਿਚ ਸਤੰਬਰ ਮਹੀਨੇ ਟ੍ਰੈਫਿਕ ਸਟਾਪ ਦੌਰਾਨ ਡਿਊਟੀ ‘ਤੇ ਤਾਇਨਾਤ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹਿਊਸਟਨ ਵਿਚ ਇਕ ਡਾਕਘਰ ਦਾ ਨਾਮ ਬਦਲ ਕੇ ਉਹਨਾਂ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ਵਿਚ ਬਿੱਲ ਪੇਸ਼ ਕੀਤਾ ਗਿਆ ਹੈ।ਧਾਲੀਵਾਲ (42) 10,000 ਤੋਂ ਵਧੇਰੇ ਸਿੱਖਾਂ ਦੀ ਆਬਾਦੀ ਵਾਲੇ ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਸ਼ੈਰਿਫ ਡਿਪਟੀ ਸਨ। ਉਹ ਉਸ ਵੇਲੇ ਸੁਰਖੀਆਂ ਵਿਚ ਆਏ ਸਨ ਜਦੋਂ ਉਹਨਾਂ ਨੂੰ ਦਾੜ੍ਹੀ ਰੱਖਣ ਤੇ ਡਿਊਟੀ ਤੇ ਪੱਗ ਬੰਨਣ ਦੀ ਆਗਿਆ ਦਿੱਤੀ ਗਈ ਸੀ। ਉਹਨਾਂ ਨੂੰ 27 ਸਤੰਬਰ ਨੂੰ ਹਿਊਸਟਨ ਦੇ ਉੱਤਰ-ਪੱਛਮ ਵਿਚ ਰੂਟੀਨ ਮਿਡ-ਡੇਅ ਟ੍ਰੈਫਿਕ ਸਟਾਪ ਸਮੇਂ ਗੋਲੀ ਮਾਰ ਦਿੱਤੀ ਗਈ ਸੀ।ਮਹਿਲਾ ਕਾਂਗਰਸਮਨ ਲੀਜ਼ੀ ਫਲੇਚਰ ਨੇ ਕਿਹਾ ਕਿ ਉਹਨਾਂ ਨੇ ਇਕ ਬਿੱਲ ਪੇਸ਼ ਕੀਤਾ ਹੈ, ਜਿਸ ਵਿਚ 315 ਐਡਿਕਸ ਹੋਲ ਰੋਡ ਸਥਿਤ ਡਾਕਘਰ ਦਾ ਨਾਮ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ’ ਰੱਖਣ ਬਾਰੇ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਡਿਪਟੀ ਧਾਲੀਵਾਲ ਨੇ ਸਾਡੀ ਕਮਿਊਨਿਟੀ ਲਈ ਬਹੁਤ ਵਧੀਆ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਬਰਾਬਰੀ, ਸੰਪਰਕ ਤੇ ਕਮਿਊਨਿਟੀ ਦੇ ਨਾਂ ਕਰ ਦਿੱਤੀ। ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ ਉਨ੍ਹਾਂ ਦੀ ਸੇਵਾ, ਕੁਰਬਾਨੀ ਤੇ ਸਾਡੇ ਸਾਰਿਆਂ ਲਈ ਉਹਨਾਂ ਦੀ ਮਿਸਾਲ ਦੀ ਸਥਾਈ ਯਾਦ ਦਿਵਾਉਣ ਦਾ ਕੰਮ ਕਰੇਗਾ। ਮੈਂ ਡਿਪਟੀ ਧਾਲੀਵਾਲ ਦਾ ਅਜਿਹਾ ਸਨਮਾਨ ਕਰਨ ‘ਤੇ ਮਾਣ ਮਹਿਸੂਸ ਕਰ ਰਹੀ ਹਾਂ ਤੇ ਉਮੀਦ ਕਰਦੀ ਹਾਂ ਕਿ ਮੇਰੇ ਟੈਕਸਾਸ ਦੇ ਸਹਿਯੋਗੀ ਇਸ ਕਾਨੂੰਨ ਨੂੰ ਜਲਦੀ ਪਾਸ ਕਰਨ ਲਈ ਮੇਰੀ ਮਦਦ ਕਰਨਗੇ।