FEATURED NEWS News

ਹੁਣ ਪੰਜਾਬੀਆਂ ਨੇ ਯੂਕੇ ਵਿਚ ਕਰਾਈ ਬੱਲੇ-ਬੱਲੇ

ਲੰਡਨ : ਬ੍ਰਿਟੇਨ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਯੂਕੇ ਦੀਆਂ ਚੋਣਾਂ ਜਿੱਤ ਲਈਆਂ ਹਨ। ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਲ ਹੋ ਗਿਆ ਹੈ। ਪਾਰਟੀ ਨੇ 326 ਸੀਟਾਂ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਬਹੁਮਤ ਜਨਾਦੇਸ਼ ਬਰਤਾਨੀਆ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਕੱਢਣ ਲਈ ਮਿਲੀ ਹੈ।ਹਾਲਾਂਕਿ ਇਹਨਾਂ ਚੋਣਾਂ ਵਿਚ ਲੇਬਰ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਇਸ ਦੇ ਨਾਂਅ ‘ਤੇ ਚੋਣ ਲੜ ਰਹੇ ਪੰਜਾਬੀਆਂ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ। ਈਲਿੰਗ ਸਾਊਥਾਲ ਤੋਂ ਭਾਰਤੀ ਮੂਲ ਦੇ ਵਰਿੰਦਰ ਸ਼ਰਮਾ ਨੇ ਅਰਣੀ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਵਰਿੰਦਰ ਸ਼ਰਮਾ ਨੇ ਕੁੱਲ 31,720 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ ਹੈ।ਵਰਿੰਦਰ ਸ਼ਰਮਾ ਕਿਸੇ ਜ਼ਮਾਨੇ ਵਿਚ ਬੱਸ ਕੰਡਕਟਰ ਸਨ ਅਤੇ ਇਲਿੰਗ ਵਿਚ ਕੌਂਸਲਰ ਅਤੇ ਮੇਅਰ ਦੇ ਰੂਪ ਵਿਚ ਕੰਮ ਕਰਦੇ ਹਨ। ਇਸ ਦੇ ਨਾਲ ਹੀ ਸਲੋਹ ਤੋਂ ਭਾਰਤੀ ਮੂਲ ਦੇ ਤਨਮਨਜੀਤ ਸਿੰਘ ਢੇਸੀ ਵੀ ਅਪਣੀ ਸੀਟ ‘ਤੇ ਜਿੱਤ ਗਏ ਹਨ। ਇਸ ਦੌਰਾਨ ਉਹਨਾਂ ਨੇ ਟਵੀਟ ਕਰਕੇ ਅਪਣੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉੱਧਰ ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰਤੀ ਕੌਰ ਗਿੱਲ ਨੇ ਵੀ ਜਿੱਤ ਹਾਸਲ ਕੀਤੀ ਹੈ।ਇਹਨਾਂ ਆਗੂਆਂ ਨੇ ਵੀ ਟਵੀਟ ਕਰਕੇ ਅਪਣੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਹਾਲਾਂਕਿ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬੀਨ ਨੇ ਬ੍ਰਿਟੇਨ ਦੇ ਚੋਣ ਨਤੀਜਿਆਂ ਨੂੰ ਆਪਣੀ ਪਾਰਟੀ ਲਈ “ਬਹੁਤ ਨਿਰਾਸ਼ਾਜਨਕ” ਦੱਸਿਆ ਹੈ। ਪਾਰਟੀ ਨੇਤਾ ਜੇਰੇਮੀ ਕੋਰਬੀਨ ਨੇ ਸ਼ੁਰੂਆਤੀ ਰੁਝਾਨਾਂ ਵਿੱਚ ਪਛੜ ਜਾਣ ਕਾਰਨ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਇਹਨਾਂ ਚੋਣਾਂ ਵਿਚ ਇਕ ਵਾਰ ਫਿਰ ਤੋਂ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਹੈ।