ਅਕਾਲੀਆਂ ਦੇ ‘ਠੰਢੇ’ ਪ੍ਰਾਜੈਕਟ ਨੂੰ ਨਵਜੋਤ ਸਿੱਧੂ ਨੇ ਲੀਹ ’ਤੇ ਪਾਇਆ

ਅਕਾਲੀਆਂ ਦੇ ‘ਠੰਢੇ’ ਪ੍ਰਾਜੈਕਟ ਨੂੰ ਨਵਜੋਤ ਸਿੱਧੂ ਨੇ ਲੀਹ ’ਤੇ ਪਾਇਆ

ਅੰਮ੍ਰਿਤਸਰ : ਆਵਾਜਾਈ ਦਾ ਸਾਧਨ ਹੋਰ ਕਿਫ਼ਾਇਤੀ ਕਰਨ ਲਈ ਗੁਰੂ ਨਗਰੀ ਵਿਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਸਾਂਸਦ ਗੁਰਜੀਤ ਔਜਲਾ ਨਾਲ ਮੈਟਰੋ ਬੱਸ ਸਰਵਿਸ ਦਾ ਉਦਘਾਟਨ ਕੀਤਾ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਦੇਸ਼ ਵਿਚ ਅਪਣੀ ਕਿਸਮ ਦੀ 13ਵੀਂ ਯੋਜਨਾ ਹੈ। ਇਸ ਬੱਸ ਸੇਵਾ ਰੈਪਿਡ ਟ੍ਰਾਂਜ਼ਿਟ ਦਾ ਸਿਸਟਮ ਪੰਧ ਵੀ ਆਮ ਸੜਕਾਂ ਤੋਂ ਕਿਤੇ ਵੱਖਰਾ ਹੋਵੇਗਾ, ਜਿਸ ਕਰਕੇ ਸੇਵਾ ਤੇਜ਼ ਅਤੇ ਬਿਨਾਂ ਰੁਕਾਵਟ ਸਿੱਧ ਹੋ ਸਕਦੀ ਹੈ। ਅੰਮ੍ਰਿਤਸਰ ਦੇ 31 ਕਿਲੋਮੀਟਰ ਤੱਕ ਇਹ ਮੈਟਰੋ ਬੱਸ ਸੇਵਾ ਚਲਾਈ ਜਾਵੇਗੀ, ਜਿਸ ਦੇ ਅਧੀਨ 47 ਬੱਸ ਸਟੈਂਡ ਬਣਾਏ ਗਏ ਹਨ। 93 ਏਸੀ ਬੱਸਾਂ ਚਲਾਈਆਂ ਜਾਣਗੀਆਂ ਜੋ ਹਰ 4-4 ਮਿੰਟ ਬਾਅਦ ਚੱਲਣਗੀਆਂ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਪ੍ਰਾਜੈਕਟ ਦੀ ਕੁੱਲ ਲਾਗਤ 545 ਕਰੋੜ ਰੁਪਏ ਆਈ ਹੈ। ਕੈਪਟਨ ਸਰਕਾਰ ਦੇ ਵਾਅਦੇ ਮੁਤਾਬਕ ਪਹਿਲੇ ਤਿੰਨ ਮਹੀਨੇ ਵਿਦਿਆਰਥੀਆਂ ਲਈ ਇਹ ਸੇਵਾ ਬਿਲਕੁਲ ਮੁਫ਼ਤ ਰਹੇਗੀ। ਬੱਸ ਦਾ ਘੱਟੋ-ਘੱਟ ਕਿਰਾਇਆ 5 ਰੁਪਏ ਹੋਵੇਗਾ, ਜਿਸ ਵਿਚ ਤਿੰਨ ਕਿਲੋਮੀਟਰ ਤੱਕ ਦਾ ਸਫ਼ਰ ਕੀਤਾ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਪੂਰਾ ਦਿਨ ਇਸ ਸੇਵਾ ਦਾ ਲਾਭ ਲੈਣ ਲਈ 25 ਰੁਪਏ ਵਿਚ ਪਾਸ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਕੂਲ-ਕਾਲਜਾਂ ਦੇ ਵਿਦਿਆਰਥੀਆਂ ਨੂੰ 66 ਫ਼ੀਸਦੀ, ਬਜ਼ੁਰਗਾਂ ਨੂੰ 50 ਫ਼ੀਸਦੀ ਅਤੇ ਚੁਨੌਤੀਗ੍ਰਸਤ ਵਿਅਕਤੀਆਂ ਨੂੰ ਵੀ ਵਿਸ਼ੇਸ਼ ਛੂਟ ਮਿਲੇਗੀ। ਇਸ ਦੌਰਾਨ ਸਿੱਧੂ ਨੇ ਅੱਜ ਅਪਣੇ ਸੰਬੋਧਨ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪੁਰਾਣੀ ਬੀਆਰਟੀਐਸ ਯੋਜਨਾ ਉਤੇ ਵੀ ਸਵਾਲ ਚੁੱਕੇ।

You must be logged in to post a comment Login