ਅਕਾਲੀ ਲੀਡਰਸ਼ਿਪ ਅੱਗੇ ਭਰੋਸੇਯੋਗਤਾ ਦਾ ਸਵਾਲ

ਅਕਾਲੀ ਲੀਡਰਸ਼ਿਪ ਅੱਗੇ ਭਰੋਸੇਯੋਗਤਾ ਦਾ ਸਵਾਲ
  • ਤਲਵਿੰਦਰ ਸਿੰਘ ਬੁੱਟਰ

ਸਾਲ 2020 ਵਿੱਚ 100 ਸਾਲਾਂ ਦੀ ਹੋਣ ਜਾ ਰਹੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਅੱਜ ਲੀਡਰਸ਼ਿਪ ਦੀ ਭਰੋਸੇਯੋਗਤਾ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਵਿਸ਼ਾਲ ਪੰਥਕ ਇਕੱਠ ਵਿੱਚੋਂ ਹੋਂਦ ’ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਧਾਨ ਦੀ ਸਿਰਜਣਾ ਦੇ ਮੁੱਖ ਮੰਤਵ ਸਨ; ਗੁਰਦੁਆਰਿਆਂ ਦਾ ਇਮਾਨਦਾਰਾਨਾ ਸੰਗਤੀ ਪ੍ਰਬੰਧ ਕਾਇਮ ਕਰਨਾ, ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਤੇ ਅਨਮਤ ਦੇ ਹਮਲਿਆਂ ਦਾ ਟਾਕਰਾ ਕਰਨਾ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਤ ਨਿਆਰਾ ਤੇ ਸੁਤੰਤਰ ਕੌਮੀ ਹਸਤੀ ਵਾਲਾ ਪੰਥ ਤੇ ਦੇਸ਼ ਵਿੱਚ ਸਿੱਖਾਂ ਲਈ ਸਨਮਾਨਜਨਕ ਖ਼ੁਦਮੁਖ਼ਤਿਆਰ ਰਾਜਸੀ ਸਥਾਨ ਦੀ ਪ੍ਰਾਪਤੀ ਕਰਨਾ। ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਸਿੱਖ ਭਾਈਚਾਰੇ ਨਾਲ ਹੁੰਦੇ ਸਿਆਸੀ ਵਿਤਕਰਿਆਂ ਖ਼ਿਲਾਫ਼ ਵੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਸ਼ੀਲ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 9 ਵਾਰ ਸ਼੍ਰੋਮਣੀ ਅਕਾਲੀ ਦਲ ਸੱਤਾ ’ਚ ਤਾਂ ਆਇਆ, ਪਰ ਇਕ ਵੀ ਅਜਿਹਾ ਮਸਲਾ ਹੱਲ ਨਹੀਂ ਕਰਵਾ ਸਕਿਆ ਜਿਨ੍ਹਾਂ ਲਈ ਕਦੇ ਇਹ ਮੋਰਚੇ ਲਾਉਂਦਾ ਰਿਹਾ ਹੈ। ਪੰਜਾਬੀ ਸੂਬੇ ਦੀ ਸਥਾਪਤੀ ਪਿੱਛੋਂ ਅਕਾਲੀ ਦਲ ਸੂਬੇ ਦੀ ਸ਼ਕਤੀਸ਼ਾਲੀ ਰਾਜਸੀ ਪਾਰਟੀ ਬਣ ਕੇ ਉੱਭਰਿਆ ਤੇ 1967, 1969, 1977, 1985, 1997, 2007 ਅਤੇ 2012 ਵਿੱਚ ਇਸ ਨੇ ਸਰਕਾਰਾਂ ਬਣਾਈਆਂ। ਸਾਲ 1985 ਵਿੱਚ ਨਿਰੋਲ ਅਕਾਲੀ ਸਰਕਾਰ ਬਣੀ, ਜਦੋਂਕਿ 1997, 2007 ਅਤੇ 2012 ਵਿੱਚ ਇਸ ਨੇ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਚਲਾਈ। ਗੁਰਦੁਆਰਾ ਐਕਟ-1925 ਲਾਗੂ ਹੋਣ ਪਿੱਛੋਂ ਹੁਣ ਤੱਕ ਸ਼੍ਰੋਮਣੀ ਕਮੇਟੀ ’ਤੇ ਵੀ ਸ਼੍ਰੋਮਣੀ ਅਕਾਲੀ ਦਲ ਹੀ ਗ਼ਾਲਬ ਹੈ।
‘ਪੰਜਾਬੀ ਸੂਬਾ’ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸ ਦੀ ਸਭ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਫਰਵਰੀ 2017 ਦੀਆਂ ਸੂਬਾਈ ਚੋਣਾਂ ਵਿੱਚ ਕਰਨਾ ਪਿਆ ਜਦੋਂ ਵਿਧਾਨ ਸਭਾ ਵਿੱਚ ਇਹ ਮਹਿਜ਼ 15 ਸੀਟਾਂ ਤੱਕ ਸੀਮਤ ਹੋ ਗਿਆ ਅਤੇ ਵੋਟ ਪ੍ਰਤੀਸ਼ਤਤਾ ਵੀ 2012 ਦੀਆਂ ਸੂਬਾਈ ਚੋਣਾਂ ਦੇ 34.73 ਫ਼ੀਸਦੀ ਤੋਂ ਘੱਟ ਕੇ 25.2 ਫ਼ੀਸਦੀ ਰਹਿ ਗਈ। ਚੋਣਾਂ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ 1975 ਦੀ ਐਮਰਜੈਂਸੀ ਵਰਗੇ ਹਾਲਾਤ ਵਿੱਚ ਵੀ ਜਮਹੂਰੀਅਤ ਲਈ ਡੱਟ ਕੇ ਪਹਿਰਾ ਦੇਣ ਵਾਲਾ ਅਕਾਲੀ ਦਲ ਆਪਣੀ ਹਾਰ ਉੱਤੇ ਖੁੱਲ੍ਹਦਿਲੀ ਨਾਲ ਆਤਮ ਚਿੰਤਨ ਕਰੇਗਾ। ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਕੇ ਪਾਰਟੀ ਦੀ ਹਾਈਕਮਾਨ ਪੰਜਾਬ ਨੂੰ ਨਵੀਂ ਸਿਆਸੀ ਸੇਧ ਦੇਣ ਲਈ ਫ਼ੈਸਲਾਕੁਨ ਵਿਉਂਤਬੰਦੀ ਕਰੇਗੀ। ਪਰ ਲੱਗਦਾ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਹਾਰਨ ਤੋਂ 8-9 ਮਹੀਨਿਆਂ ਬਾਅਦ ਅਜੇ ਤੱਕ ਅਜਿਹਾ ਕਰਨ ਬਾਰੇ ਸੋਚਿਆ ਤੱਕ ਵੀ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅੱਗੇ ਚੁਣੌਤੀ ਬੜੀ ਗੰਭੀਰ ਹੈ: ਕਾਂਗਰਸ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦਾ ਸ਼ੁਰੂਆਤੀ ਛਿਮਾਹੀ ਅੰਦਰ ਹੀ ਮੋਹ ਭੰਗ ਹੋਣ ਦੇ ਬਾਵਜੂਦ ਅਕਾਲੀ ਦਲ ਲੋਕਾਂ ਦੀ ਹਮਦਰਦੀ ਹਾਸਲ ਨਹੀਂ ਕਰ ਸਕਿਆ। ਇਸ ਨੂੰ ਲਗਾਤਾਰ 10 ਸਾਲ ਸੱਤਾ ’ਚ ਰਹਿਣ ਅਤੇ ਰਾਜਨੀਤਕ ਤਰਜੀਹਾਂ ਕਾਰਨ ਆਪਣੇ ਬੁਨਿਆਦੀ ਖਾਸੇ ਤੇ ਪੰਥਕ ਸਰੋਕਾਰਾਂ ਦਾ ਤਿਆਗ਼ ਕਰਨ ਦਾ ਖਮਿਆਜ਼ਾ ਆਪਣੇ ‘ਪੰਥਕ ਆਧਾਰ’ ਤੋਂ ਬੇਦਾਵਾ ਮਿਲਣ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਜੂਨ 1984 ਦੇ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਦੇ ਕਤਲੇਆਮ ਤੋਂ ਬਾਅਦ ਕਾਂਗਰਸ ਪ੍ਰਤੀ ਸਿੱਖਾਂ ਦੀ ਲਕੀਰ ਖਿੱਚਵੀਂ ਨਫ਼ਰਤ ਦਾ ਸਭ ਤੋਂ ਵੱਡਾ ਸਿਆਸੀ ਫ਼ਾਇਦਾ ਸ਼੍ਰੋਮਣੀ ਅਕਾਲੀ ਦਲ ਹੀ ਉਠਾਉਂਦਾ ਰਿਹਾ ਹੈ। ਹੁਣ ਅਕਾਲੀ ਦਲ ਲਈ ਇਹ ਚਿੰਤਾ ਦਾ ਸਬੱਬ ਹੈ ਕਿ ਉਸ ਦਾ ਵੋਟ ਬੈਂਕ ਖ਼ੁਰ ਕੇ ਕਾਂਗਰਸ ਵੱਲ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ ਹੋਈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਨੇ ਅਕਾਲੀ ਦਲ ਦੀ ਪੰਥਕ ਪਛਾਣ ’ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਜਿਸ ’ਚ ਕਾਂਗਰਸ ਨੂੰ ਜਿਤਾਉਣ ਵਿੱਚ ਵੱਡੀ ਭੂਮਿਕਾ ਸਿੱਖ ਬਹੁਗਿਣਤੀ ਵਾਲੇ ਪੇਂਡੂ ਅਤੇ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਲਕਿਆਂ ਨੇ ਨਿਭਾਈ।
ਬਾਬਾ ਖੜਕ ਸਿੰਘ, ਸਰਦਾਰ ਮਹਿਤਾਬ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਅਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਵਰਗੇ ‘ਪੰਥ ਵੱਸੇ ਮੈਂ ਉਜੜਾਂ’ ਦੇ ਧਾਰਨੀ ਅਸੂਲਪ੍ਰਸਤ ਤੇ ਸਮਰਪਿਤ ਆਗੂਆਂ ਦੀ ਅਗਵਾਈ ’ਚ ਪਲਿਆ-ਫੁਲਿਆ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਿਰਫ਼ ਇਕ ਪਰਿਵਾਰ ਦੀ ਸਿਆਸੀ ਸ਼ਕਤੀ ਦਾ ਹਸਤਾਖ਼ਰ ਬਣ ਕੇ ਰਹਿ ਗਿਆ ਹੈ। ਅਕਾਲੀ ਦਲ ਦੇ 1988 ਵਿੱਚ 19ਵੇਂ ਪ੍ਰਧਾਨ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪਾਰਟੀ ਨੂੰ ਪਰਿਵਾਰ ਦੀ ਵਿਰਾਸਤ ਬਣਾ ਲਿਆ। ਫਿਰ 31 ਜਨਵਰੀ 2008 ਨੂੰ ਵੱਡੇ ਬਾਦਲ ਨੇ ਪਾਰਟੀ ਦੀ ਅਗਵਾਈ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ।
ਸੁਖਬੀਰ ਸਿੰਘ ਬਾਦਲ ਨੇ ‘ਮਰਜੀਵੜੇ ਜਥੇਦਾਰਾਂ’ ਦੀ ਪਾਰਟੀ ਸਮਝੇ ਜਾਂਦੇ ਅਕਾਲੀ ਦਲ ਨੂੰ ਇਕ ‘ਚੀਫ਼ ਐਗਜ਼ਿਕਿਊਟਿਵ ਅਫ਼ਸਰ’ ਵਾਂਗ ਮਾਈਕਰੋ-ਮੈਨੇਜਮੈਂਟ ਰਾਹੀਂ ਚਲਾਉਣਾ ਸ਼ੁਰੂ ਕੀਤਾ ਅਤੇ ਇਸ ਵਿੱਚ ਕੁਝ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਕਰ ਦਿੱਤੀਆਂ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਹੋਂਦ ਨੂੰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ 1996 ਦੀ ਮੋਗਾ ਕਾਨਫ਼ਰੰਸ ਦੌਰਾਨ ‘ਪੰਜਾਬੀ ਪਾਰਟੀ’ ਵਿੱਚ ਬਦਲ ਦੇਣ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਗ਼ੈਰ-ਸਿੱਖਾਂ ਨੂੰ ਰਵਾਇਤੀ ਪੰਥਕ ਪਾਰਟੀ ’ਚ ਵੱਡੀ ਪੱਧਰ ’ਤੇ ਦਾਖ਼ਲਾ ਦੇਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜਨੀਤਕ ਘੇਰਾ ਅਤੇ ਸਰੋਕਾਰਾਂ ਦੀ ਵਿਆਪਕਤਾ ਵਿੱਚ ਵਾਧਾ ਤਾਂ ਹੋਇਆ ਪਰ ਇਸ ਵੱਲੋਂ ਆਪਣੇ ਪੰਥਕ ਸਰੋਕਾਰਾਂ ਅਤੇ ਰਵਾਇਤੀ ਮੁੱਦਿਆਂ ਤੋਂ ਉੱਕਾ ਹੀ ਮੁੱਖ ਮੋੜ ਲੈਣਾ, ਇਸ ਦੇ ਵੋਟ ਬੈਂਕ (ਸਿੱਖਾਂ) ਨੇ ਸਵੀਕਾਰ ਨਹੀਂ ਕੀਤਾ। ਇਹੀ ਸੰਕਟ ਹੁਣ ਵੀ ਜਾਰੀ ਹੈ।
ਕੀ ਤਿੰਨ ਸਾਲ ਬਾਅਦ ਆਪਣੀ ਸਥਾਪਨਾ ਦੀ ਸ਼ਤਾਬਦੀ ਪੂਰੀ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਬੁਨਿਆਦੀ ਖਾਸੇ ਵਿੱਚ ਪਰਤ ਕੇ ਪੰਜਾਬ ਤੇ ਸਿੱਖ ਸਰੋਕਾਰਾਂ ਨੂੰ ਮੁਖਾਤਿਬ ਹੁੰਦਿਆਂ ਨਰੋਈ, ਇਮਾਨਦਾਰਾਨਾ, ਸਮਰਪਿਤ ਅਤੇ ਸੁਯੋਗ ਅਗਵਾਈ ਕਰਨ ਦੀ ਯੋਗਤਾ ਲੈ ਕੇ ਸਾਹਮਣੇ ਆਵੇਗਾ ਜਾਂ ਫਿਰ ਕਿਤੇ ਇਸ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦਾ ਹਸ਼ਰ ਵੀ ਅੱਜ ਹਾਸ਼ੀਏ ’ਤੇ ਬੈਠੇ ਖੱਬੇ ਪੱਖੀਆਂ ਵਾਲਾ ਤਾਂ ਨਹੀਂ ਹੋਣ ਜਾ ਰਿਹਾ? ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ’ਚ ਹੈ। ਅੱਜ ਦੀ ਘੜੀ ਇਹ ਸਵਾਲ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਆਪਣੇ ਇਤਿਹਾਸ ਵੱਲ ਝਾਤ ਮਾਰ ਕੇ ਆਪਾ ਚੀਨਣ ਦਾ ਮੌਕਾ ਜ਼ਰੂਰ ਦੇ ਰਿਹਾ ਹੈ।

You must be logged in to post a comment Login